ਇਕ ਵਿਅਕਤੀ ਕਿਵੇਂ ਆਲਸ ਤੋਂ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ ਅਤੇ ਘੱਟ ਸੌਣ ਦੇ ਬਾਵਜੂਦ ਦਿਨ ਦੇ ਦੌਰਾਨ ਥਕਾਵਟ ਮਹਿਸੂਸ ਨਹੀਂ ਕਰਦਾ?
ਇਕ ਵਿਅਕਤੀ ਕਿਵੇਂ ਆਲਸ ਤੋਂ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ ਅਤੇ ਘੱਟ ਸੌਣ ਦੇ ਬਾਵਜੂਦ ਦਿਨ ਦੇ ਦੌਰਾਨ ਥਕਾਵਟ ਮਹਿਸੂਸ ਨਹੀਂ ਕਰਦਾ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਲਸ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੁਹਾਡਾ ਧਿਆਨ, ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੁਆਰਾ, ਧਨਾਸਰੀ ਰਾਗ ਵਿਚ ਉਚਾਰਨ ਕੀਤੇ ਸਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 682 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥਾਂ ਵਲ ਦਿਵਾਉਣਾ ਚਾਹੁੰਦਾ ਹੈ:-
ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ {ਪੰਨਾ 682}
ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।ਰਹਾਉ।
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।੧।
ਹੇ ਭਾਈ! ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ) । ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।੨।੧੯।੪੭।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੋ ਮਨੁੱਖ ਮਾਇਆ ਅਰਥਾਤ ਵਿਕਾਰਾਂ ਕੋਲੋਂ ਛੁਟਕਾਰਾ ਪਾ ਲੈਂਦਾ ਹੈ ਅਰਥਾਤ ਸਚਿਆਰ/ ਗੁਣਵਾਨ (ਗੁਰਮੁਖ) ਬਣ ਜਾਂਦਾ ਹੈ, ਉਸ ਦਾ ਸਾਰਾ ਆਲਸ ਮੁੱਕ ਜਾਂਦਾ ਹੈ ਤੇ ਉਸ ਦਾ ਮਨ ਹਮੇਸ਼ਾਂ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਰਹਿੰਦਾ ਹੈ ਅਤੇ ਉਹ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ ਅਰਥਾਤ ਉਹ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ।
ਇਸ ਦੇ ਉਲਟ ਜਿਸ ਮਨੁੱਖ ਨੂੰ ਪਰਮਾਤਮਾ ਵਿੱਸਰ ਜਾਂਦਾ ਹੈ ਅਰਥਾਤ ਜਿਹੜਾ ਮਨੁੱਖ ਮਾਇਆ ਅਰਥਾਤ ਵਿਕਾਰਾਂ ਵਿਚ ਫੱਸਿਆ ਰਹਿੰਦਾ ਹੈ ਅਰਥਾਤ ਆਪਣੇ ਮਨ ਕੋਲੋਂ ਦਿਸ਼ਾ ਲੈਂਦਾ ਹੈ, ਉਹ ਬਦਕਿਸਮਤ ਹੈ।
ਗੁਰੂ ਸਾਹਿਬ ਦੀ ਦਿੱਤੀ ਸਿੱਖਿਆ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰਮੁਖ ਆਲਸੀ ਨਹੀਂ ਹੈ ਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
I think it is the passion that can drive a person. The passion for serving humanity by sincerely doing the worldly tasks assigned by the Almighty can make us feel energetic and take away laziness. This is my perspective.