ਕੀ ਲੰਗਰ ਵਿੱਚ ਹਮੇਸ਼ਾ ਭਾਰਤੀ ਪਕਵਾਨ ਸ਼ਾਮਲ ਹੋਣੇ ਚਾਹੀਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਪਰੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 936 ਤੋਂ 938 ਤੇ ਇੱਕ ਵਾਰ ਸੁਸ਼ੋਭਿਤ ਹੈ ਜਿਸ ਦਾ ਸਿਰਲੇਖ ਹੈ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ।।’ ਜਿਸ ਨੂੰ ਆਮ ਤੌਰ ਤੇ ਸੱਤੇ ਬਲਵੰਡ ਦੀ ਵਾਰ ਕਿਹਾ ਜਾਂਦਾ ਹੈ।
‘ਪੰਜਾਬੀ ਸਹਿੱਤ ਵਿਚ ‘ਵਾਰ’ ਉਸ ਕਵਿਤਾ ਨੂੰ ਆਖਿਆ ਜਾਂਦਾ ਹੈ ਜਿਸ ਵਿਚ ਕਿਸੇ ਸੂਰਮੇ ਦੇ ਰਣ-ਭੂਮੀ ਆਦਿਕ ਵਿਚ ਵਿਖਾਏ ਸੂਰਮਤਾ ਦੇ ਕਿਸੇ ਕਰਤੱਬ ਦਾ ਜ਼ਿਕਰ ਕੀਤਾ ਹੋਵੇ। ‘ਵਾਰ’ ਵਿਚ ਕਿਸੇ ਮਨੁੱਖ ਦਾ ਸਾਰਾ ਜੀਵਨ ਨਹੀਂ ਦਿਖਾਇਆ ਜਾਂਦਾ, ਜੀਵਨ ਵਿਚੋਂ ਕੋਈ ਇੱਕੋ ਉੱਘੀ ਝਾਕੀ ਦਿਖਾਈ ਜਾਂਦੀ ਹੈ।
ਸੱਤੇ ਬਲਵੰਡ ਦੀ ਵਾਰ ਵਿਚ ਇਕੋ ਕੇਂਦਰੀ ਖ਼ਿਆਲ ਹੈ, ਉਹ ਇਹ ਕਿ ਕਿਵੇਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਤੋਂ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਤੱਕ ਗੁਰਗੱਦੀ ਦਿੱਤੀ ਗਈ ਹੈ ਤੇ ਕਿਵੇਂ ਸਿਰਫ਼ ਸਰੀਰ ਹੀ ਬਦਲੇ ਹਨ ਪਰ ਜੋਤ/ਜੋਤਿ ਤੇ ਜੁਗਤਿ ਸਾਰਿਆਂ ਵਿਚ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ/ਵਾਲੀ ਹੈ। ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ।
ਇਸ ਵਾਰ ਵਿਚ ਸੱਤੇ ਤੇ ਬਲਵੰਡ ਨੇ ਭੱਟਾਂ ਵਾਂਗ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਤਕ ਸਾਰੇ ਗੁਰੂ ਸਾਹਿਬਾਨ ਨੂੰ ਇੱਕੋ ਰੂਪ ਜਾਣ ਕੇ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਸਾਹਿਬਾਨ ਦੀ ਉਸਤਤਿ ਕੀਤੀ ਹੈ।
ਹੁਣ ਆਉਂਦੇ ਹਾਂ ਤੁਹਾਡੇ ਸਵਾਲ ਲੰਗਰ ਵਲ। ਇਸ ਵਾਰ ਵਿਚ ਲੰਗਰ ਦਾ ਜ਼ਿਕਰ ਹੈ। ਜਿੰਨੀਆਂ ਵੀ ਤੁੱਕਾਂ ਵਿਚ ਲੰਗਰ ਦਾ ਜ਼ਿਕਰ ਹੈ, ਦਾਸ ਉਨ੍ਹਾਂ ਦਾ ਮੂਲ ਪਾਠ ਤੇ ਅਰਥ ਹੇਠਾਂ, ਦਾਸ ਤੁਹਾਡੇ ਵਿਚਾਰ ਵਾਸਤੇ ਹੇਠਾਂ ਦੇ ਰਿਹਾ ਹੈ:-
1. ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ {ਪੰਨਾ 967}
ਅਰਥ: (ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ-ਦਾਤਿ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ, (ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।
2. ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥ {ਪੰਨਾ 967}
ਅਰਥ: ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ) । (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
3. ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥ ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥ ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥ {ਪੰਨਾ 968}
ਅਰਥ: (ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ; ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ। (ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਅਸਲ ਗੱਲ ਤਾਂ ਸ਼ਬਦ ਦਾ ਲੰਗਰ ਚਲਾਉਣ ਦੀ ਹੈ ਜਿਸ ਦੀ ਬਜਾਏ ਚਸਕਿਆਂ ਵਾਲੇ ਲੰਗਰਾਂ ਦੀ ਭਰਮਾਰ ਹੈ। ਸ਼ਬਦ ਦੇ ਲੰਗਰ ਵਿਚ ਤਾਂ ਕਿਸੇ ਨੇ ਜਾ ਕੇ ਇਕਾਗਰਤਾ ਨਾਲ ਬੈਠਣਾ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਲੰਗਰ ਵਿਚ ਪੱਕੇ ਹੋਏ ਪਦਾਰਥ ਖੀਰ ਤੇ ਸਮੱਗਰੀ (ਘਿਉ, ਮੈਦਾ ਤੇ ਖੰਡ) ਦਾ ਜ਼ਿਕਰ ਹੈ ਹੋਰ ਕਿਸੇ ਚੀਜ਼ ਦੀ ਨਹੀਂ। ਪਰ ਜੋ ਰਵਾਇਤ ਰਹੀ ਹੈ, ਉਸ ਅਨੁਸਾਰ ਲੰਗਰ ਵਿਚ ਪ੍ਰਸ਼ਾਦਾ ਤੇ ਦਾਲ (ਕਦੇ ਕਦੇ ਸਬਜ਼ੀ ਤੇ ਖੀਰ) ਛਕਾਇਆ ਜਾਂਦਾ ਰਿਹਾ ਹੈ। ਗੱਲ ਸਾਰੀ ਸਾਦਗੀ ਦੀ ਹੈ ਪਰ ਹੁਣ ਕਹੇ ਜਾਣ ਵਾਲੇ ਲੰਗਰਾਂ ਵਿਚ ਤਾਂ ਜੀਭ ਦੇ ਚਸਕਿਆਂ ਦੀ ਹੀ ਭਰਮਾਰ ਹੈ। ਪਰ ਗੁਰੂ ਸਾਹਿਬ ਤਾਂ ਆਪਣੀ ਬਾਣੀ ਵਿਚ ਜੀਭ ਦੇ ਚਸਕਿਆਂ ਨੂੰ ਛੱਡਣ ਦੀ ਸਿੱਖਿਆ ਦਿੰਦੇ ਹਨ। ਵਿਚਾਰ ਲਈ ਦਾਸ, ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚੋਂ ਹੇਠਾਂ ਮੂਲ ਪਾਠ ਤੇ ਅਰਥ ਤੁਹਾਡੇ ਵਿਚਾਰ ਵਾਸਤੇ ਹੇਠਾਂ ਦੇ ਰਿਹਾ ਹੈ:-
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}
ਅਰਥ: ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ। (ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ) , ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ। ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ।2।
ਹੋਰ ਕੀ ਖਾਣਾ ਤੇ ਕਈ ਨਹੀਂ ਖਾਣਾ ਹੈ ਇਸ ਬਾਰੇ ਦਾਸ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਸਿਰੀ ਰਾਗ ਦੀਆਂ ਦੋ ਪੰਗਤੀਆਂ ‘ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥’ ਦੇ ਰਿਹਾ ਹੈ।
ਇੰਨਾ ਪੰਗਤੀਆਂ ਵਿਚ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ‘ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।
ਇਸ ਸਾਰੀ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਲੰਗਰ ਨੂੰ ਸਾਦਾ ਹੀ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਜੀਭ ਦੇ ਚਸਕਿਆਂ ਵਿਚ ਨਹੀਂ ਪੈਣਾ ਚਾਹੀਦਾ, ਜਿਸ ਨਾਲ ਸਰੀਰ ਰੋਗੀ ਨਾਂਹ ਹੋਵੇ ਤੇ ਮਨ ਵਿਚ ਭੈੜੇ ਖਿਆਲ ਤੁਰ ਪੈਣ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
This is the most preferred food so that is why it is a part of Langar.