I'm interested in getting your perspectives on this Gurbani line: "ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥"
I'm interested in getting your perspectives on this Gurbani line: "ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥"
Share
ਸਤਿਕਾਰ ਯੋਗ ਮਨਕਰਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀ ਇੱਕ ਪੰਗਤੀ, ‘ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ॥ਥ’, ਲਿੱਖ ਕੇ ਵਿਚਾਰ ਮੰਗੀ ਹੈ। ਇਹ ਸਬਦ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦਾ ਰਾਗ ਗਉੜੀ ਚੇਤੀ ਵਿਚ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 156 ਤੇ ਸੁਸ਼ੋਭਿਤ ਹੈ।ਪੂਰੇ ਸਬਦ ਦਾ ਮੂਲ ਪਾਠ ਅਤੇ ਅਰਥ ਹੇਠਾਂ ਦਿੱਤੇ ਹਨ ਜੀ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਾਇਆ ਦੇ ਮੋਹ ਅਰਥਾਤ ਵਿਕਾਰਾਂ ਵਿਚ ਫਸ ਕੇ ਮਨੁੱਖ, ਸਰੀਰਕ ਜਨਮ ਲੈਣ ਤੋਂ ਬਾਅਦ ਅਰਥਾਤ ਪਿੱਛਲੇ ਜਨਮ ਵਿਚ, ਮਨ ਦੇ ਪਿੱਛੇ ਲੱਗ ਕੇ, ਜੋ ਭੈੜੇ ਸੰਸਕਾਰ ਬਣਾਉਂਦਾ ਹੈ, ਉਸ ਦਾ ਸਦਕਾ ਪਲ ਪਲ, ਛਿੰਨ ਛਿੰਨ ਮਰਦਾ ਜੰਮਦਾ ਅਰਥਾਤ ਆਵਾਗਉਣ ਦੇ ਚੱਕਰ ਵਿਚ ਪਿਆ ਰਹਿੰਦਾ ਹੈ।
ਇਸ ਚੱਕਰ ਵਿਚੋਂ ਤਾਂ ਹੀ ਨਿਕਲ ਸਕਦਾ ਹੈ ਜੇ ਉਹ ਵਿਕਾਰਾਂ ਤੋਂ ਛੁਟਕਾਰਾ ਪਾਵੇ, ਅਕਾਲਪੁਰਖ ਤੇ ਸਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਸਚਿਆਰ/ਗੁਣਵਾਨ ਮਨੁੱਖ ਅਰਥਾਤ ਮਨਮੁਖ ਤੋਂ ਗੁਰਮੁਖ ਬਣੇ ਤਾਂ ਹੀ ਉਸ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਅਰਥਾਤ ਇਸ ਤਰ੍ਹਾਂ ਉਹ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਸਕਦਾ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
————————
ਗਉੜੀ ਚੇਤੀ ਮਹਲਾ ੧ ॥ ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ ਮਨ ਏਕੋ ਸਾਹਿਬੁ ਭਾਈ ਰੇ ॥ ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥ ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥ ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥ ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥ ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥ {ਪੰਨਾ 156}
ਅਰਥ: ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ, ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ।1।
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ) , ਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ।1। ਰਹਾਉ।
ਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ, (ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ।2।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ। ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ।3।
ਨਾਨਕ (ਆਖਦਾ ਹੈ) ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ। ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ।4। 4।16।
GURU says there is only one way. method, technique you can transform, change your egoistic, negative, full of vices, AWAGUN thought process is to contemplate, meditate, understand, internalize and live teachings of SGGSJI, live divine virtues in daily life. There is no other way.