waheguru g ka kahlsa., waheguru g ki fateh! what is meaning by jevan mukat in life as there is no mukati after death. can you please explain this line in detail? I have read this line in many posts but didn’t get the meaning. thanks.
meaning
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਜੀਵਨ ਮੁਕਤ ਹੋਣਾ ਕੀ ਹੈ ਕਿਉਂਕਿ ਤੁਸੀਂ ਸਿੱਖੀ ਵਿਚ ਜੀਵਨ ਮੁਕਤ ਹੋਣ ਦੇ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਵਿਚ ਪੜ੍ਹਿਆ ਹੈ ਅਤੇ ਮਰ ਕੇ ਮੁਕਤ ਹੋਣ ਦਾ ਕੋਈ ਸਿਧਾਂਤ ਨਹੀਂ ਹੈ?
ਗੁਰੂ ਗ੍ਰੰਥ ਸਾਹਿਬ ਦੇ ਵਿਚ ਮੁਕਤੀ ਲਫ਼ਜ਼ ਬਹੁਤ ਵਾਰੀ ਆਇਆ ਹੈ। ਮਰਣ ਤੋਂ ਬਾਅਦ ਦੀ ਮੁਕਤੀ ਤੇ ਜੀਉਂਦੇ ਹੋਏ ਮੁਕਤੀ ਬਾਰੇ ਸਮਝਾਉਣ ਲਈ ਸਿਰਫ਼ ਦੋ ਉਦਾਹਰਣਾਂ ਦੇ ਰਿਹਾ ਹਾਂ ਜੀ।
ਮਲਾਰ ਰਾਗ ਵਿਚ ਪੰਨਾ 1292 ਤੇ ਭਗਤ ਨਾਮਦੇਵ ਜੀ ਆਪਣੇ ਸ਼ਬਦ ਵਿਚ ਉਚਾਰਨ ਕਰ ਰਹੇ ਹਨ ਕਿ ਹੇ ਪਰਮਾਤਮਾ ਜੇ ਤੂੰ ਮੈਨੂੰ ਮਰਨ ਤੋਂ ਬਾਅਦ ਮੈਨੂੰ ਮੁਕਤੀ ਦੇ ਵੀ ਦਿੱਤੀ ਤਾਂ ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ:
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
(ਪੰਨਾ 1292)
ਅਰਥ: ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ; ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ।2।
ਅੱਗੇ ਪ੍ਰਭਾਤੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1348 ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰ ਰਹੇ ਹਨ:
ਚੂਕਾ ਗਉਣੁ ਮਿਟਿਆ ਅੰਧਿਆਰੁ ॥ ਗੁਰਿ ਦਿਖਲਾਇਆ ਮੁਕਤਿ ਦੁਆਰੁ ॥ ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥ (ਪੰਨਾ 1348)
ਮੁਕਤਿ ਦੁਆਰੁ = ਵਿਕਾਰਾਂ ਵਲੋਂ ਖ਼ਲਾਸੀ ਦਾ ਬੂਹਾ।
ਅਰਥ: (ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ (ਇਹ ਨਾਮ-ਸਿਮਰਨ ਵਾਲਾ) ਰਸਤਾ ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਗਈ, (ਉਸ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇਸਮਝੀ ਦਾ ਹਨੇਰਾ ਮਿਟ ਗਿਆ, ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਸਦਾ ਰੰਗਿਆ ਰਹਿੰਦਾ ਹੈ। ਪਰ, ਹੇ ਭਾਈ! ਇਹ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਪਰਮਾਤਮਾ ਆਪ ਸੂਝ ਬਖ਼ਸ਼ੇ।2।
ਇਸ ਸ਼ਬਦ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਵਿਕਾਰਾਂ ਤੋਂ ਖਲਾਸੀ ਹੀ ਜੀਵਨ ਮੁਕਤ ਹੋਣਾ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਦਸ ਪੋਥੀਆਂ ਵਿਚ ਕਰਨ ਤੋਂ ਬਾਅਦ ਦਸਵੀਂ ਪੋਥੀ ਵਿਚ ਆਪਣੀ ਸਮਝ ਅਨੁਸਾਰ ਇੱਕ ਗੁਰਮਤਿ ਸਿਧਾਂਤ ‘ਕਿਵ ਕੂੜੇ ਤੁਟੈ ਪਾਲਿ’ ਲਿਖਿਆ ਹੈ ਜਿਸ ਦੇ ਅਖੀਰ ਵਿਚ ਉਨ੍ਹਾਂ ਨੇ ਗੁਰਮਤਿ ਦੀ ਪਟੜੀ ਦੇ ਸਿਰਲੇਖ ਹੇਠਾਂ ਦਰਸਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਸਿੱਖਿਆ ਅਨੁਸਾਰ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਵੀ ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ ਤੇ ਇਹ ਮਰ ਕੇ ਤਾਂ ਹੋਣਾ ਨਹੀਂ ਹੈ। ਜਿਉਂਦਿਆਂ ਹੋਇਆਂ ਹੀ ਹੋਣਾ ਹੈ।
ਇਸ ਸਾਰੀ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦਾ ਕੋਈ ਸਵਾਲ ਨਹੀਂ ਹੈ, ਸਿੱਖ ਨੇ ਜਿਉਂਦਿਆਂ ਹੋਇਆਂ ਹੀ ਵਿਕਾਰਾਂ ਕੋਲੋਂ ਛੁਟਕਾਰਾ ਪਾਉਣਾ ਹੈ ਤੇ ਸੰਸਾਰ ਸਮੁੰਦਰ ਵਿਚੋਂ ਪਾਰ ਹੋਣਾ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————
*ਗੁਰਮਤਿ ਦੀ ਪਟੜੀ*
ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ। ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ, ਤੇ, ਉਸ ਵਿਚ ਲੋੜਵੰਦਿਆਂ ਦੀ ਸੇਵਾ ਭੀ ਕਰਦੇ ਰਹਿਣਾ ਹੈ, ਸੇਵਾ ਭੀ ਕਰਨੀ ਹੈ ਨਿਰਮਾਣ ਰਹਿ ਕੇ। ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ ਕਰਨੀ ਹੈ। ਕੁਸੰਗ ਤੋਂ ਬਚਣਾ ਹੈ। ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ। ਦੂਜੇ ਵਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਭੀ ਭਲਾਈ ਹੀ ਕਰਨੀ ਹੈ। ਪਰਮਾਤਮਾ ਦੀ ਯਾਦ ਦੀ ਇਤਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ। ਇਸ ਯਾਦ ਦੀ ਬਰਕਤਿ ਨਾਲ ਮਨ ਨੂੰ ਸਦਾ ਵਿਕਾਰਾਂ ਵਲੋਂ ਰੋਕਦੇ ਰਹਿਣਾ ਹੈ। ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇਤਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ। ਬੱਸ! ਇਹ ਹੀ ਹੈ ਮੁਕਤੀ। ਮੁਕਤੀ ਤੋਂ ਭਾਵ ਹੈ ਵਿਕਾਰਾਂ ਵਲੋਂ ਮੁਕੰਮਲ ਆਜ਼ਾਦੀ। ਜਿਹੜਾ ਮਨੁੱਖ ਇਸ ਅਵਸਥਾ ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁਕ ਗਈ। ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ। ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ। ਲੁਕੇ ਕਿਸ ਤੋਂ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਦਿੱਸਦਾ ਹੈ। ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ, ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ।
ਜੀਵਨ -ਸਫਰ ਦੀ ਇਸ ਪਟੜੀ ਉਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ। ਤੇ, ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ।