What is "ਮਨ"?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਹਰ ਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ‘ਮਨ ਕੀਹ ਹੈ’ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਅਰਥ) ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ਗੁਰੂ ਦੀ ਸਰਨ ਪੈਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ, ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰੇਰਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ