What lessons can be drawn from the life and teachings of Guru Hargobind Ji for contemporary Sikhism and society?
What lessons can be drawn from the life and teachings of Guru Hargobind Ji for contemporary Sikhism and society?
Share

ਗੁਰੂ ਹਰ ਗੋਬਿੰਦ ਸਾਹਿਬ ਦੀ ਤਾਲੀਮ ਜੀਵਨ-ਸਾਖੀਆਂ ਵਿਚੋਂ
ਗੁਰੂ ਹਰ ਗੋਬਿੰਦ ਸਾਹਿਬ ਨੇ ਆਪ ਬਾਣੀ ਨਹੀਂ ਲਿਖੀ।
ਹਰੇਕ ਗੁਰੂ-ਵਿਅਕਤੀ ਨੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਜੀਵਨ-ਰਸਤੇ ਦਾ ਹੀ ਪਰਚਾਰ ਕੀਤਾ। ਉਂਝ ਹਰੇਕ ਦੇ ਜੀਵਨ ਵਿਚ ਵਾਪਰੀਆਂ ਸਾਖੀਆਂ ਦਾ ਆਪੋ-ਆਪਣਾ ਜੀਵਨ ਹੁਲਾਰਾ ਹੈ, ਜੋ ਸਿੱਖ ਨੂੰ ਗੁਰੂ-ਚਰਨਾਂ ਦੇ ਨੇੜੇ ਲਿਆਉਣ ਵਿਚ ਸਹਾਈ ਹੁੰਦਾ ਹੈ। ਗੁਰੂ ਹਰ ਗੋਬਿੰਦ ਸਾਹਿਬ ਦੀਆਂ ਜੀਵਨ-ਸਾਖੀਆਂ ਵਿਚੋਂ ਹੇਠ-ਲਿਖੀ ਉਚੇਚੀ ਤਾਲੀਮ ਝਲਕਾਂ ਮਾਰਦੀ ਹੈ:
(੧) ਗ਼ਰੀਬ ਦੀ ਸੇਵਾ ਗੁਰੂ ਦੀ ਸੇਵਾ ਹੈ
ਸੰਨ ੧੬੧੬-੧੭ ਵਿਚ ਗੁਰੂ ਹਰ ਗੋਬਿੰਦ ਸਾਹਿਬ ਕਸ਼ਮੀਰ ਗਏ। ਤਦੋਂ ਗਿਲ੍ਹਟੀ ਤਾਪ ਉਧਰ ਜ਼ੋਰਾਂ ਵਿਚ ਸੀ। ਸਤਿਗੁਰੂ ਜੀ ਨੇ ਸਾਰੇ ਕਸ਼ਮੀਰ ਵਿਚ ਚੱਕਰ ਲਾਇਆ, ਅਤੇ ਡੋਲ ਰਹੇ ਗ਼ਰੀਬਾਂ ਨੂੰ ਧੀਰਜ-ਧਰਵਾਸ ਤੇ ਮਾਇਕ ਸਹਾਇਤਾ ਦਿਤੀ। ਅਨੇਕਾਂ ਉਹ ਹਿੰਦੂ ਜੋ ਮੁਸਲਮਾਨ ਬਣ ਚੁਕੇ ਸਨ, ਗੁਰੂ ਹਰ ਗੋਬਿੰਦ ਸਾਹਿਬ ਦੇ ਪਰਤਾਪ ਦਾ ਸਦਕਾ ਸਿਖ ਬਣ ਗਏ। ਉਹਨਾਂ ਵਿਚੋਂ ਇਕ ਦਾ ਨਾਮ ਭਾਈ ਕੱਟੂ ਸੀ। ਜਿਉਂ ਜਿਉਂ ਕਸ਼ਮੀਰੀ ਸਿੱਖਾਂ ਨੂੰ ਸਤਿਗੁਰੂ ਜੀ ਦੇ ਉਧਰ ਆਉਣ ਦੀ ਖ਼ਬਰ ਮਿਲੀ, ਉਹ ਦਰਸ਼ਨ ਲਈ ਅੱਪੜਦੇ ਰਹੇ। ਵਿਤ ਅਨੁਸਾਰ ਕੋਈ ਪਿਆਰ-ਭੇਟ ਲੈ ਕੇ ਹਾਜ਼ਰ ਹੋਣਾ ਤਾਂ ਮਰਯਾਦਾ ਚਲੀ ਹੀ ਆ ਰਹੀ ਸੀ। ਕੁਝ ਸਿਖ ਸਤਿਗੁਰੂ ਜੀ ਦੇ ਦਰਸ਼ਨ ਨੂੰ ਜਾਂਦੇ ਹੋਏ ਰਸਤੇ ਵਿਚ ਭਾਈ ਕੱਟੂ ਦੇ ਪਾਸ ਠਹਿਰੇ। ਉਹ ਆਪਣੇ ਇਲਾਕੇ ਦਾ ਤਾਜ਼ਾ ਵਧੀਆ ਸ਼ਹਿਦ ਭੇਟਾ ਕਰਨ ਲਈ ਲੈ ਜਾ ਰਹੇ ਸਨ। ਭਾਈ ਕੱਟੂ ਬੜਾ ਹੀ ਗਰੀਬ ਸੀ। ਸ਼ਹਿਦ ਵੇਖ ਕੇ ਉਸ ਦਾ ਜੀਅ ਕਰ ਆਇਆ ਥੋੜ੍ਹਾ ਜਿਹਾ ਖਾਣ ਨੂੰ। ਝਕਦਾ ਝਕਦਾ ਇਕ ਸਿਖ ਪਾਸੋਂ ਉਹ ਮੰਗ ਹੀ ਬੈਠਾ। ਪਰ ਉਸ ਨੇ ਅੱਗੋਂ ਕੁਝ ਖਰ੍ਹਵੇ ਜਿਹੇ ਬੋਲ ਬੋਲੇ ਅਤੇ ਆਖਿਆ ਕਿ ਇਹ ਸ਼ਹਿਦ ਸਤਿਗੁਰੂ ਜੀ ਵਾਸਤੇ ਲੈ ਕੇ ਜਾ ਰਿਹਾ ਹਾਂ, ਰਸਤੇ ਵਿਚ ਜੂਠਾ ਨਹੀਂ ਕੀਤਾ ਜਾ ਸਕਦਾ।
ਭਾਈ ਕੱਟੂ ਮਨ ਵਿਚ ਬਹੁਤ ਹੋਲਾ ਪਿਆ, ਅੰਦਰ ਹੀ ਅੰਦਰ ਆਪਣੀ ਗ਼ਰੀਬੀ ਨੂੰ ਲਾਨ੍ਹਤ ਪਾ ਕੇ ਉਸ ਨਿਰਾਦਰੀ ਨੂੰ ਪੀ ਗਿਆ।
ਗੁਰੂ ਹਰ ਗੋਬਿੰਦ ਸਾਹਿਬ ਪਾਸ ਪਹੁੰਚ ਕੇ ਸਿਖ ਨੇ ਬੜੇ ਅਦਬ ਸਤਿਕਾਰ ਨਾਲ ਸ਼ਹਿਦ ਪੇਸ਼ ਕੀਤਾ। ਪਰ ਸਤਿਗੁਰੂ ਜੀ ਨੇ ਇਹ ਆਖ ਕੇ ਮੋੜ ਦਿੱਤਾ ਕਿ ਜਿਸ ਵੇਲੇ ਇਹ ਸ਼ਹਿਦ ਖਾਣ ਨੂੰ ਸਾਡਾ ਜੀਅ ਕੀਤਾ ਸੀ, ਅਸਾਂ ਮੂੰਹੋਂ ਮੰਗਿਆ ਤੇ ਤੁਸਾਂ ਨਾਂਹ ਕਰ ਦਿੱਤੀ। ਹੁਣ ਸਾਨੂੰ ਇਸ ਦੀ ਲੋੜ ਨਹੀਂ।
(੨) ਲੰਮੀ ਉਮਰ ਵਧਾਇਆਂ ਧਰਮੀ ਨਹੀਂ ਬਣ ਜਾਈਦਾ
ਜ਼ਿਲਾ ਹੁਸ਼ਿਆਰਪੁਰ ਵਿਚ ਇਕ ਕਸਬਾ ਗੜ੍ਹ ਸ਼ੰਕਰ ਹੈ। ਉਥੇ ਇਕ ਜੋਗੀ ਰਹਿੰਦਾ ਸੀ। ਇਕ ਵਾਰੀ ਜੋਗੀ ਨੇ ਇਲਾਕੇ ਵਿਚ ਮਸ਼ਹੂਰ ਕਰਾ ਦਿਤਾ ਕਿ ਮੈਨੂੰ ਸ਼ਿਵ ਜੀ ਨੇ ਦਰਸ਼ਨ ਦਿਤਾ ਹੈ ਅਤੇ ਬਚਨ ਕੀਤਾ ਹੈ ਜੋ ਜੋ ਮਨੁੱਖ ਤੇਰਾ ਦਰਸ਼ਨ ਕਰੇਗਾ ਉਸ ਨੂੰ ਸੁਰਗ ਪ੍ਰਾਪਤ ਹੋਵੇਗਾ। ਅਨਪੜ੍ਹ ਲੋਕਾਂ ਦੀ ਭੇਡ-ਚਾਲ ਹੁੰਦੀ ਹੈ, ਅਜਿਹੀ ਠੱਗੀ ਵਿਚ ਤੁਰੰਤ ਆ ਜਾਂਦੇ ਹਨ। ਭੇਟਾ ਲੈ ਕੇ ਲੱਗੇ ਜੋਗੀ ਦੇ ਦਰਸ਼ਨਾਂ ਨੂੰ ਆਉਣ। ਉਥੇ ਸਤਿਗੁਰੂ ਜੀ ਦਾ ਇਕ ਸਿਖ ਭਾਈ ਤਿਲਕਾ ਭੀ ਰਹਿੰਦਾ ਸੀ। ਜੋਗੀ ਦੀਆਂ ਅੱਖਾਂ ਵਿਚ ਉਹ ਸਦਾ ਰੜਕਦਾ ਸੀ, ਕਿਉਂਕਿ ਉਸ ਨੇ ਕਦੇ ਜੋਗੀ ਦੀ ਮੁਥਾਜੀ ਆ ਕੇ ਨਹੀਂ ਕੀਤੀ ਸੀ, ਇਹ ਠੱਗੀ ਭੀ ਜੋਗੀ ਨੇ ਸ਼ਾਇਦ ਉਸ ਨੂੰ ਥਿੜਕਾਣ ਲਈ ਕੀਤੀ ਹੋਵੇ, ਪਰ ਭਾਈ ਤਿਲਕਾ ਨਾ ਥਿੜਕਿਆ। ਨਾ ਉਸ ਨੂੰ ਸੁਰਗ ਦੀ ਲੋੜ ਜਾਪੀ ਅਤੇ ਨਾ ਹੀ ਉਹ ਜੋਗੀ ਦੇ ਦਰਸ਼ਨ ਕਰਨ ਗਿਆ। ਜੋਗੀ ਨੇ ਆਪਣੇ ਕਈ ਚੇਲਿਆਂ ਦੀ ਰਾਹੀਂ ਪ੍ਰੇਰਨਾ ਕਰਾਈ, ਪਰ ਤਿਲਕੇ ਉਤੇ ਕੋਈ ਅਸਰ ਨਾ ਹੋਇਆ। ਆਖ਼ਰ ਜੋਗੀ ਤਿਲਕੇ ਨੂੰ ਆਪ ਹੀ ਦਰਸ਼ਨ ਦੇਣ ਚਲ ਪਿਆ। ਅਨੇਕਾਂ ਤਮਾਸ਼-ਬੀਨ ਤੇ ਚੇਲੇ ਨਾਲ ਚਲ ਪਏ। ਤਿਲਕੇ ਨੇ ਅਗੋਂ ਆਪਣੇ ਘਰ ਦਾ ਬੂਹਾ ਬੰਦ ਕਰ ਲਿਆ। ਜੋਗੀ ਦੇ ਪ੍ਰੇਰਨ ‘ਤੇ ਉੱਤਰ ਦਿਤੋਸੁ ਕਿ ਮੈਂ ਤੁਹਾਡੇ ਸੁਰਗ ਵਿਚ ਜਾ ਕੇ ਆਪਣੇ ਗੁਰੂ ਪਾਤਿਸ਼ਾਹ ਦੇ ਚਰਨਾਂ ਤੋਂ ਵਿਛੜਨ ਨੂੰ ਤਿਆਰ ਨਹੀਂ ਹਾਂ।
ਸਿਖ ਦਾ ਇਤਨਾ ਉੱਚਾ ਜੀਵਨ ਵੇਖ ਕੇ ਜੋਗੀ ਦੀਆਂ ਅੱਖਾਂ ਖੁੱਲ੍ਹੀਆਂ। ਸਿਖ ਨੂੰ ਨਾਲ ਲੈ ਕੇ ਗੁਰੂ ਹਰ ਗੋਬਿੰਦ ਸਾਹਿਬ ਦੇ ਦਰਸ਼ਨ ਲਈ ਗਿਆ। ਪਰ ਇਕ ਗ੍ਰਿਹਸਤੀ ਗੱਭਰੂ ਉਮਰ ਤੱਕ ਕੇ ਮਨ ਫਿਰ ਡੋਲ ਗਇਓਸੁ। ਪੁੱਛਣ ਲੱਗਾ ਕਿ ਅਸੀਂ ਜੋਗੀ ਲੰਮੀ ਲੰਮੀ ਉਮਰ ਵਾਲੇ ਹੁੰਦੇ ਹਾਂ, ਪਰ ਤੁਹਾਨੂੰ ਇਸ ਜਵਾਨੀ ਦੀ ਉਮਰੇ ਹੀ ਸਿਖ ਮੱਥਾ ਟੇਕਦੇ ਹਨ। ਸਤਿਗੁਰੂ ਜੀ ਨੇ ਉੱਤਰ ਦਿਤਾ ਕਿ ਇਹ ਜ਼ਰੂਰੀ ਨਹੀਂ ਜੁ ਲੰਮੀ ਉਮਰ ਵਧਾਇਆਂ ਧਰਮੀ ਬਣ ਸਕੀਦਾ ਹੈ। ਧਰਮੀ ਜੀਵਨ ਦਾ ਵੱਡੀ ਛੋਟੀ ਉਮਰ ਨਾਲ ਕੋਈ ਸੰਬੰਧ ਨਹੀਂ ਹੈ।
(੩) ਕਰਾਮਾਤ ਵਿਖਾਣ ਦਾ ਸ਼ੋਂਕ ਕੁਰਾਹੇ ਪਾ ਦਿੰਦਾ ਹੈ
ਆਤਸ਼ੀ ਸ਼ੀਸ਼ੇ ਉਤੇ ਪੈਂਦੀਆਂ ਸੂਰਜ ਦੀਆਂ ਕਿਰਨਾਂ ਨੂੰ ਜੇ ਇਕ ਕੇਂਦਰੀ ਨੁਕਤੇ ਉਤੇ ਲੈ ਆਈਏ, ਤਾਂ ਉਹਨਾਂ ਇਕੱਠੀਆਂ ਹੋਈਆਂ ਕਿਰਨਾਂ ਵਿਚੋਂ ਤੁਰੰਤ ਅੱਗ ਬਲ ਪੈਂਦੀ ਹੈ। ਜਦ ਤਕ ਕਿਰਨਾਂ ਖਿਲਰੀਆਂ ਰਹਿੰਦੀਆਂ ਹਨ, ਉਹਨਾਂ ਵਿਚ ਅੱਗ ਪੈਦਾ ਕਰਨ ਦੀ ਤਾਕਤ ਨਹੀਂ ਹੁੰਦੀ। ਮਨੁੱਖ ਦੇ ਅੰਦਰ ਰੱਬੀ ਜੋਤਿ ਹੈ। ਪਰ ਮਨ ਦੀਆਂ ਵਾਸ਼ਨਾਂ ਖਿੰਡੀਆਂ ਰਹਿਣ ਕਰਕੇ ਉਸ ਜੋਤਿ ਦਾ ਜਲਵਾ ਪਰਗਟ ਨਹੀਂ ਹੋ ਸਕਦਾ। ਜਿਉਂ ਜਿਉਂ ਖਿੰਡੀ ਸੁਰਤ ਸਮੇਟ ਕੇ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਨ ਦੀ ਲਗਨ ਵਧਾਏ, ਮਨ ਬਲਵਾਨ ਹੁੰਦਾ ਜਾਂਦਾ ਹੈ, ਨਿਗਾਹ ਵਿਚ ਤਾਕਤ ਪੈਦਾ ਹੋਣ ਲੱਗ ਪੈਂਦੀ ਹੈ। ਪਰ ਇਸ ਨਵੀਂ ਆਈ ਤਾਕਤ ਨੂੰ ਜਰਨਾ ਬਹੁਤ ਔਖਾ ਹੁੰਦਾ ਹੈ। ਗਰਜ਼ਮੰਦ ਲੋਕ ਆ ਆ ਮੱਥਾ ਟੇਕਦੇ ਹਨ। ਇਹ ਆਦਰ-ਮਾਣ ਕੁਰਾਹੇ ਪਾ ਦੇਂਦਾ ਹੈ, ਮਨੁੱਖ ਆਤਮਕ ਤਾਕਤ ਨੂੰ ਵਰਤ ਕੇ ਕਰਾਮਾਤਾਂ ਵਿਖਾਣ ਲੱਗ ਪੈਂਦਾ ਹੈ ਅਤੇ ਕਈ ਵਾਰੀ ਰਜ਼ਾ ਦੇ ਉਲਟ ਭੀ ਕੋਈ ਕੰਮ ਕਰ ਬੈਠਦਾ ਹੈ।
ਮੁੱਢੋਂ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਠੇਡੇ ਤੋਂ ਖ਼ਬਰਦਾਰ ਕਰ ਦਿਤਾ। ਸਿਖ ਨੂੰ ਰੋਜ਼ਾਨਾ ਹੀ ਜਪੁਜੀ ਸਾਹਿਬ ਦੀ ਰਾਹੀਂ ਚੇਤਾ ਕਰਨ ਦੀ ਹਿਦਾਇਤ ਹੋਈ ਕਿ ‘ਰਿਧਿ ਸਿਧਿ ਅਵਰਾ ਸਾਦ’। ਪਰ ਫ਼ਿਰ ਭੀ ਭੁਲੇਖੇ ਲੱਗਦੇ ਹੀ ਰਹਿੰਦੇ ਹਨ। ਬਾਬਾ ਅਟੱਲ ਸਾਹਿਬ ਨੇ ਇਕ ਹਾਣੀ ਮੋਹਨ ਨੂੰ ਜਿਵਾਲਣ ਅਤੇ ਬਾਬਾ ਗੁਰਦਿਤਾ ਜੀ ਨੇ ਇਕ ਗਾਂ ਨੂੰ ਜਿਵਾਲਣ ਦੀ ਕਰਾਮਾਤ ਕਰ ਹੀ ਵਿਖਾਈ। ਗੁਰੂ ਹਰ ਗੋਬਿੰਦ ਸਾਹਿਬ ਨੇ ਇਤਨੇ ਹੋਣਹਾਰ ਸਾਹਿਬਜ਼ਾਦਿਆਂ ਦੇ ਸਦੀਵੀ ਵਿਛੋੜੇ ਨੂੰ ਝੱਲਣਾ ਪਰਵਾਨ ਕਰ ਲਿਆ, ਪਰ ਸਿਖ ਕੌਮ ਨੂੰ ਰਿੱਧੀਆਂ-ਸਿੱਧੀਆਂ ਅਤੇ ਕਰਾਮਾਤਾਂ ਦੇ ਕੁਰਾਹੇ ਨਾ ਪੈਣ ਦਿੱਤਾ।
(੪) ਗੁਰੂ-ਚਰਨਾਂ ਦਾ ਹੀ ਪਿਆਰ ਅਸਲੀ ਸੁਰਗ ਹੈ
ਜਿਨ੍ਹੀਂ ਦਿਨੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਹਰਿ ਗੋਬਿੰਦਪੁਰੇ ਟਿਕੇ ਹੋਏ ਸਨ, ਵਟਾਲੇ ਦਾ ਇਕ ਬ੍ਰਾਹਮਣ ਨਿੱਤਿਆਨੰਦ ਉਥੇ ਚਲਾ ਗਿਆ। ਆਪਣਾ ਘਟਦਾ ਰਸੂਖ਼ ਵੇਖ ਕੇ ਬ੍ਰਾਹਮਣ ਮੁੜ ਮੁੜ ਹੱਥ ਪੈਰ ਮਾਰਦੇ ਹੀ ਰਹਿੰਦੇ ਸਨ ਕਿ ਕਿਵੇਂ ਲੋਕਾਂ ਵਿਚ ਭਰਮ-ਭਾ ਬਣਿਆ ਰਹੇ ਅਤੇ ਪੂਜਾ ਦੀ ਮਾਇਆ ਜਜਮਾਨਾਂ ਪਾਸੋਂ ਮਿਲਦੀ ਰਹੇ। ਨਿੱਤਿਆਨੰਦ ਨੇ ਸਤਿਗੁਰੂ ਤੋਂ ਆਗਿਆ ਲੈ ਕੇ ਸਿੱਖਾਂ ਨੂੰ ਗਰੁੜ ਪੁਰਾਣ ਦੀ ਕਥਾ ਸੁਣਾਣੀ ਸ਼ੁਰੂ ਕੀਤੀ। ਪੰਡਿਤ ਕਥਾ ਵਿਚ ਸੁਰਗ-ਲੋਕ ਦੇ ਮਨ-ਮੋਹਣੇ ਨਕਸ਼ੇ ਪੇਸ਼ ਕਰਦਾ ਰਿਹਾ; ਅਤੇ ਇਹ ਭੀ ਦੱਸਿਓਸ ਕਿ ਉਥੇ ਇਕ ਸਾਲ ਵਿਚ ਅੱਪੜ ਸਕੀਦਾ ਹੈ। ਜਦੋਂ ਕਥਾ ਸਮਾਪਤ ਹੋਈ, ਤਾਂ ਇਕ ਸਿਖ ਨੇ ਉੱਠ ਕੇ ਆਖਿਆ ਕਿ ਇਕ ਸਾਲ ਦੇ ਥਾਂ ਮੈਂ ਇਕ ਮਹੀਨੇ ਵਿਚ ਪਹੁੰਚ ਸਕਦਾ ਹਾਂ। ਇਕ ਹੋਰ ਉੱਠਿਆ ਤੇ ਕਹਿਣ ਲੱਗਾ ਕਿ ਇਕ ਮਹੀਨਾ ਬੀ ਕਿਉਂ ਲੱਗੇ, ਮੈਂ ਤਾਂ ਅੱਠਾਂ ਪਹਿਰਾਂ ਵਿਚ ਅੱਪੜ ਕੇ ਵਿਖਾ ਦੇਂਦਾ ਹਾਂ। ਪੰਡਿਤ ਨਿੱਤਿਆਨੰਦ ਇਹ ਸੁਣ ਕੇ ਕੁਝ ਛਿੱਥਾ ਪਿਆ, ਅਤੇ ਸਤਿਗੁਰੂ ਜੀ ਨੂੰ ਸ਼ਿਕਾਇਤ ਕਰਨ ਨੂੰ ਹੀ ਸੀ ਕਿ ਇਕ ਤੀਜੇ ਸਿਖ ਨੇ ਉੱਠ ਕੇ ਕਿਹਾ, ਪੰਡਿਤ ਜੀ! ਅੱਠ ਪਹਿਰ ਭੀ ਜ਼ਾਇਆ ਕਰਨ ਦੀ ਕੀ ਲੋੜ ਹੈ? ਅਸਾਂ ਸੁਰਗ ਤੋਂ ਕੀ ਲੈਣਾ? ਇਹ ਲਾਲਚ ਉਨ੍ਹਾਂ ਨੂੰ ਦਿਉ, ਜੋ ਗੁਰੂ-ਦਰ ਤੋਂ ਵਿਛੜ ਕੇ ਦੁਨੀਆਂ ਵਿਚ ਰੁਲ ਰਹੇ ਹਨ। ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ-ਪਾਤਿਸ਼ਾਹ ਦੇ ਸੁਹਣੇ ਕਦਮਾਂ ਦੀ ਖ਼ਾਕ ਨਸੀਬ ਹੋਈ ਹੈ, ਉਹ ਤੁਹਾਡੇ ਸੁਰਗਾਂ ਦੀ ਕੀ ਪਰਵਾਹ ਕਰਦੇ ਹਨ? ਸਤਸੰਗ ਦੀ ਚਰਨ-ਧੂੜ ਇਕ ਅਜਿਹੀ ਦਾਤਿ ਹੈ ਜੋਂ ਮਿੱਟੀ ਵਿਚ ਰੁਲੀ ਹੋਈ ਜਿੰਦ ਨੂੰ ਅਕਸੀਰ ਬਣਾ ਦਿੰਦੀ ਹੈ।
ਸਤਿਗੁਰੂ ਜੀ ਨੇ ਨਿਰਾਸ਼ ਹੋਏ ਪੰਡਿਤ ਨੂੰ ਸਮਝਾਇਆ ਕਿ ਸਤਸੰਗ ਦੀ ਬਰਕਤ ਨਾਲ ਦੂਰ-ਦਰਸ਼ੀ ਹੋਏ ਸਿੱਖਾਂ ਨੂੰ ਸੁਰਗ ਬਹਿਸ਼ਤ ਦੇ ਲਾਲਚ ਪੋਹ ਨਹੀਂ ਸਕਦੇ। ਨਿੱਤਿਆਨੰਦ ਨੇ ਵੇਖ ਲਿਆ ਕਿ ਗੁਰੂ ਦੇ ਸਿੱਖਾਂ ਉਤੇ ਜਜਮਾਨੀ ਪੁਰੋਹਿਤੀ ਵਾਲਾ ਜਾਦੂ ਹੁਣ ਚੱਲ ਨਹੀਂ ਸਕਦਾ। ਆਪਣੀਆਂ ਪੋਥੀਆਂ ਸਾਂਭ ਕੇ ਵਟਾਲੇ ਨੂੰ ਮੁੜ ਆਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ਼ਤ ਗੁਰ-ਇਤਿਹਾਸ ਪਾਤਸ਼ਾਹੀ ੨ ਤੋਂ ੯ ਵਿੱਚੋਂ (ਪੰਨਾ ੨੫੯ – ੨੬੧) *********************