Kindly explain this Shabad
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਹਰਨੂਰ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਵਿਚੋਂ ਇੱਕ ਪੰਗਤੀ ‘ਨਾ ਕੋ ਮੂਰਖੁ ਨਾ ਕੋ ਸਿਆਣਾ’ ਲਿੱਖ ਕੇ ਸ਼ਬਦ ਦੀ ਵਿਚਾਰ ਮੰਗੀ ਹੈ। ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤਾ ਹੈ ਜੀ।
ਇਹ ਸ਼ਬਦ ਮਾਝ ਰਾਗ ਵਿਚ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 98 ਤੇ ਸੁਸ਼ੋਭਿਤ ਹੈ।
ਦਾਸ ਦੀ ਸਮਝ ਅਨੁਸਾਰ ਗੁਰੂ ਸਾਹਿਬ ਇਸ ਸ਼ਬਦ ਵਿਚ ਹੁਕਮ, ਰਜ਼ਾ ਤੇ ਭਾਣੇ ਦੇ ਉਪਦੇਸ਼ ਨੂੰ ਦ੍ਰਿੜ ਕਰਵਾ ਰਹੇ ਹਨ ਤੇ ਮਨੁੱਖ/ਸਿੱਖ ਨੂੰ ਇਹ ਸਮਝਾ ਰਹੇ ਹਨ ਕਿ ਤੂੰ ਹਉਮੈ ਨਾਂਹ ਕਰ ਕਿ ਤੂੰ ਬਹੁਤ ਸਿਆਣਾ ਹੈ ਤੇ ਦੂਸਰਾ ਕੋਈ ਮੂਰਖ਼ ਹੈ। ਸਿੱਖਿਆ ਦਿੰਦੇ ਹਨ ਕਿ ਪ੍ਰਭੂ ਦੀ ਸ਼ਰਨ ਵਿਚ ਆ ਕੇ ਗੁਰੂ ਦੁਆਰਾ ਦਿੱਤੇ ਗਿਆਨ ਨੂੰ ਮਨ ਵਿਚ ਵਸਾ ਤੇ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰ ਤੇ ਮਾਇਆ ਤੇ ਔਗੁਣਾਂ/ਵਿਕਾਰਾਂ ਨੂੰ ਛੱਡ ਤਾਂ ਜੋ ਤੂੰ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਸਕੇਂ ਅਰਥਾਤ ਜੀਵਨ ਮੁਕਤ ਹੋ ਸਕੇਂ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
——————————–
ਮਾਝ ਮਹਲਾ ੫ ॥ ਕਹਿਆ ਕਰਣਾ ਦਿਤਾ ਲੈਣਾ ॥ ਗਰੀਬਾ ਅਨਾਥਾ ਤੇਰਾ ਮਾਣਾ ॥ ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥ ਭਾਣੈ ਉਝੜ ਭਾਣੈ ਰਾਹਾ ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥ ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥ ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥ ਖਾਕੁ ਸੰਤਨ ਕੀ ਦੇਹੁ ਪਿਆਰੇ ॥ ਆਇ ਪਇਆ ਹਰਿ ਤੇਰੈ ਦੁਆਰੈ ॥ ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥ {ਪੰਨਾ 98}
ਅਰਥ: ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ। ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ। ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ।1।
ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ। ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ। ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ।2।
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! (ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ। ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ।
ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ। ਹੇ ਨਾਨਕ! (ਆਖ– ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ।4।7।14।
Thank you very much for this.