I was having a discussion with someone, and a line came up: “Budhi maala parvaan nahi hondi.”
Is there any truth to this idea—that praying or meditating in old age is not accepted or considered worthless? It reminds me of the saying, “Sau chuhe kha ke billi haj ko chali.”
Does this mean that turning to spirituality later in life has no value?

There is no age to connect with the Divine. The only requirement is a pure heart full of love for the creator.
ਸਤਿਕਾਰ ਯੋਗ ਅਵਤਾਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਗੁਰੂ ਗ੍ਰੰਥ ਸਾਹਿਬ ਵਿਚੋਂ ਤੀਸਰੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਲਿਖਤ ਦੋ ਵਾਰਾਂ ਤੇ ਵਧੀਕ ਸਲੋਕ ਅਤੇ ਉਨ੍ਹਾਂ ਦੇ ਅਰਥ ਹੇਠਾਂ ਦੇ ਰਿਹਾ ਹੈ ਜਿਨ੍ਹਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਗੱਲ ਸਾਰੀ ਗੁਰਮੁਖ ਜਾਂ ਮਨਮੁਖ ਬਣਨ ਦੀ ਹੈ ਅਰਥਾਤ ਆਤਮਿਕ ਤੌਰ ਤੇ ਤਕੜੇ ਹੋਣ ਜਾਂ ਕਮਜ਼ੋਰ ਹੋਣ ਦੀ ਹੈ, ਸਰੀਰਕ ਬੁਢਾਪੇ ਦੀ ਨਹੀਂ। ਗੁਰਮੁਖ, ਸਰੀਰਕ ਤੌਰ ਤੇ ਬੁੱਢੇ ਹੋਣ ਦੇ ਬਾਵਜੂਦ ਆਤਮਿਕ ਤੌਰ ਤੇ ਕਮਜ਼ੋਰ ਨਹੀਂ ਹੁੰਦੇ ਜਦੋਂ ਕਿ ਮਨਮੁਖ ਸਰੀਰਕ ਤੌਰ ਤੇ ਨਰੋਏ ਹੋਣ ਦੇ ਬਾਵਜੂਦ ਆਤਮਿਕ ਤੌਰ ਤੇ ਬੁੱਢੇ ਵਰਗੇ ਕਮਜ਼ੋਰ ਹੁੰਦੇ ਹਨ:-
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥ {ਪੰਨਾ 1418}
ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ। ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ। ਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿਚ (ਹਰੇਕ) ਸੁਖ ਵਿਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ। ਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ।44।
———-
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥ ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥ ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥ ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥ ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥ ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥ {ਪੰਨਾ 1418}
ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ, ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ। ਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ।45।
ਤੁਹਾਨੂੰ ਪਤਾ ਹੀ ਹੋਵੇਗਾ ਕਿ ਗੁਰੂ ਅਮਰਦਾਸ ਸਾਹਿਬ 73 ਸਾਲ ਦੀ ਉਮਰ ਵਿਚ ਸਾਡੇ ਗੁਰੂ ਬਣੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਬਹੁਤ ਸਾਰੀ ਬਾਣੀ ਹੈ।
ਸਰੀਰ ਨੇ ਤਾਂ ਬੁੱਢਾ ਹੋਣਾ ਹੀ ਹੈ ਪਰ ਮਨੁੱਖ ਕਿਸੇ ਉਮਰ ਵਿਚ ਵੀ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ (ਗੁਰਮੁਖ) ਬਣ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕਦਾ ਹੈ ਅਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚ ਸਕਦਾ ਹੈ ਤੇ ਆਪਣਾ ਰਤਨ ਜਨਮ ਸਫ਼ਲਾ ਕਰਦੇ ਹੋਏ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਸਕਦਾ ਹੈ। ਕੋਈ ਸਮੱਸਿਆ ਨਹੀਂ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ