Is it considered appropriate to offer prayers for the departed? ਕੀ ਮਰਨ ਵਾਲਿਆਂ ਲਈ ਅਰਦਾਸ ਕਰਨੀ ਉਚਿਤ ਸਮਝੀ ਜਾਂਦੀ ਹੈ?
Is it considered appropriate to offer prayers for the departed? ਕੀ ਮਰਨ ਵਾਲਿਆਂ ਲਈ ਅਰਦਾਸ ਕਰਨੀ ਉਚਿਤ ਸਮਝੀ ਜਾਂਦੀ ਹੈ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਮਰਨ ਵਾਲੇ ਵਾਸਤੇ ਅਰਦਾਸ ਕਰਨੀ ਉਚਿਤ ਸਮਝੀ ਜਾਂਦੀ ਹੈ?
ਸਿੱਖ ਜਗਤ ਵਿਚ, ਜੋ ਰੁਝਾਨ ਅਸੀਂ ਸਾਰੇ ਦੇਖ ਰਹੇ ਹਾਂ, ਉਹ ਇਹ ਹੈ ਕਿ ਮਰਨ ਵਾਲੇ ਨੂੰ ਅਕਾਲਪੁਰਖ ਦੇ ਚਰਨਾਂ ਵਿਚ ਨਿਵਾਸ ਦਿਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਪਰ ਕੀ ਇਨ੍ਹਾਂ ਅਰਦਾਸਾਂ ਦਾ ਕੋਈ ਅਰਥ ਜਾਂ ਲਾਭ ਹੈ, ਇਹ ਕੋਈ ਨਹੀਂ ਵਿਚਾਰਦਾ?
ਪਹਿਲਾਂ ਤਾਂ ਇਹ ਵਿਚਾਰੀਏ ਕਿ ਅਸੀਂ ਅਰਦਾਸ ਕਿਉਂ ਕਰਦੇ ਹਾਂ? ਅਰਦਾਸ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਵਾਰ ਆਉਂਦਾ ਹੈ। ਇਹ ਫ਼ਾਰਸੀ ਦੇ ਲਫ਼ਜ਼ ਅਰਜ਼ਦਾਸ਼ਤ (ਅਰਜ਼ + ਦਾਸ਼ਤ). ਤੋਂ ਬਣਿਆ ਹੈ। ਅਰਜ਼ ਦਾ ਅਰਥ ਹੈ ਬੇਨਤੀ ਅਤੇ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਇਸ ਲਈ ਅਰਦਾਸ ਦਾ ਸਮੁੱਚਾ ਅਰਥ ਹੇ ਆਪਣੀ ਬੇਨਤੀ ਨੂੰ ਪੇਸ਼ ਕਰਨਾ।
ਗੁਰੂ ਗ੍ਰੰਥ ਸਾਹਿਬ ਸਿੱਖਿਆ ਦਿੰਦੇ ਹਨ;-
ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ (ਪੰਨਾ 519)
ਅਰਥ: (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।
ਇਸ ਤੁੱਕ ਤੋਂ ਇਹ ਸਮਝ ਆਉਂਦੀ ਹੈ ਕਿ ਆਪਣਾ ਦੁੱਖ ਸੁੱਖ ਅਕਾਲਪੁਰਖ ਅੱਗੇ ਪੇਸ਼ ਕਰਨਾ ਹੈ ਤੇ ਚੜ੍ਹਦੀ ਕਲ੍ਹਾ ਵਿਚ ਰਹਿਣ ਲਈ ਅਸੀਸ ਪ੍ਰਾਪਤ ਕਰਨੀ ਹੈ। ਪਰ ਅਰਦਾਸ ਵਿਚ ਕੀ ਮੰਗਣਾ ਹੈ, ਇਸ ਦੀ ਸਿੱਖਿਆ ਗੁਰੂ ਸਾਹਿਬ ਹੇਠ ਲਿੱਖੀ ਪਉੜੀ ਵਿਚ ਦਿੰਦੇ ਹਨ:-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਜਿਨ੍ਹਾਂ ਦੁਨਿਆਵੀ ਚੀਜ਼ਾਂ ਨੇ ਸਦਾ ਨਹੀਂ ਰਹਿਣਾ ਉਨ੍ਹਾਂ ਦੀਆਂ ਆਸ ਨਾਂਹ ਰੱਖ ਬਲਕਿ ਆਪਣੀ ਹਉਮੈ ਛੱਡ ਕੇ ਅਕਾਲਪੁਰਖ ਅੱਗੇ ਅਰਦਾਸ ਕਰ ਤੇ ਸਾਧ ਸੰਗਤ ਵਿਚ ਰਹਿ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ, ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ ਮਨੁੱਖ ਬਣ ਕੇ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ, ਇਸ ਸੰਸਾਰ ਸਮੁੰਦਰ ਤੋਂ ਜੀਉਂਦੇ ਜੀਅ ਆਤਮਿਕ ਤੌਰ ਤੇ ਮੁਕਤੀ ਪ੍ਰਾਪਤ ਕਰ ਜਾ।
ਹੁਣ ਮੁੜ ਕੇ ਆਉਂਦੇ ਹਾਂ ਮਰਨ ਵਾਲੇ ਮਨੁੱਖ ਲਈ ਅਰਦਾਸ ਕਰਨ ਦੇ ਵਿਸ਼ੇ ਤੇ। ਮਨੁੱਖੀ ਸਰੀਰ ਦੇ ਜਨਮ ਬਾਰੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਮਾਰੂ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1037 ਤੇ ਸਿੱਖਿਆ ਦਿੰਦੇ ਹਨ ਕਿ ਮਨੁੱਖ ਦਾ ਪੰਜਾਂ ਤਤਾਂ ਦਾ ਸਰੀਰ ਅਕਾਲਪੁਰਖ ਦੇ ਆਪਣੇ ਆਪ ਤੋਂ ਬਣਿਆ ਹੈ ਤੇ ਜਨਮ ਤੋਂ ਬਾਅਦ ਚੰਗੇ ਜਾਂ ਮੰਦੇ ਕਰਮ ਕਰਦਾ ਹੈ, ਜਿਨ੍ਹਾਂ ਦੇ ਸੰਸਕਾਰ ਉਸ ਦੇ ਮਨ ਤੇ ਬਣਦੇ ਹਨ ਤੇ ਉਸ ਦੇ ਜੀਵਨ ਨੂੰ ਚਲਾਉਂਦੇ ਹਨ ਤੇ ਜੋ ਕੁੱਝ ਉਹ ਬੀਜਦਾ ਹੈ, ਉਸ ਦਾ ਫ਼ਲ ਵੀ ਇਸੇ ਜਨਮ ਵਿਚ ਭੋਗਦਾ ਹੈ:-
ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ (ਪੰਨਾ 1037)
ਅਰਥ: ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ। ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ।14।
ਗੁਰਬਾਣੀ ਅਨੁਸਾਰ ਅਕਾਲਪੁਰਖ ਹਰ ਸਰੀਰ ਵਿਚ ਆਤਮਾ ਦੇ ਰੂਪ ਵਿਚ ਮੌਜੂਦ ਹੈ ਤੇ ਉਸ ਦੀ ਦਿੱਤੀ ਸੱਤਿਆ ਨਾਲ ਸਰੀਰ ਚਲਦਾ ਹੈ ਤੇ ਜਦੋਂ ਉਹ ਸੱਤਿਆ ਖਿੱਚ ਲੈਂਦਾ ਹੈ ਤਾਂ ਸਰੀਰਕ ਮੌਤ ਹੋ ਜਾਂਦੀ ਹੈ। ਪੰਜ ਤੱਤ, ਜਿਨ੍ਹਾਂ ਤੋਂ ਸਰੀਰ ਬਣਿਆ ਹੈ, ਉਹ ਮਿੱਟੀ ਵਿਚ ਮਿਲ ਜਾਂਦੇ ਹਨ ਤੇ ਆਤਮਾ ਅਕਾਲਪੁਰਖ ਪਰਮਾਤਮਾ ਵਿਚ ਮਿਲ ਜਾਂਦੀ ਹੈ। ਉਸ ਤੋਂ ਬਾਅਦ ਕਈ ਹੁੰਦਾ ਹੈ, ਉਹ ਕਿਸੇ ਨੂੰ ਵੀ ਪਤਾ ਨਹੀਂ ਹੈ।
ਹੁਣ ਆਉਂਦੇ ਹਾਂ ਮਨੁੱਖ ਦੁਆਰਾ ਕੀਤੇ ਕਰਮਾਂ ਵੱਲ ਤੇ ਉਨ੍ਹਾਂ ਤੋਂ ਮਨ ਤੇ ਬਣੇ ਸੰਸਕਾਰਾਂ ਵੱਲ। ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਅਰਥਾਤ ਅਰਥ ਕੀਤੇ ਹਨ, ਉਨ੍ਹਾਂ ਨੇ ਇਹ ਕਰਨ ਤੋਂ ਬਾਅਦ ਇੱਕ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਇਸ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੇ ਮਨ ਵਿਚ ਜੋ ਚੰਗੇ ਜਾਂ ਮਾੜ੍ਹੇ ਸੰਸਕਾਰ ਜਨਮ ਤੋਂ ਬਾਅਦ ਬਣਦੈ ਹਨ, ਉਹ ਹੀ ਉਸ ਦੇ ਜੀਵਨ ਨੂੰ ਚਲਾਉਂਦੇ ਹਨ। ਪਰ ਇਸ ਬਣਤਰ ਨੂੰ ਬਦਲਿਆ ਜਾ ਸਕਦਾ ਹੈ।
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਜਿਹੜੇ ਮਨੁੱਖ ਆਪਣੇ ਅੰਦਰ ਬੈਠੇ ਅਕਾਲਪੁਰਖ ਕੋਲੋਂ ਦਿਸ਼ਾ ਲੈ ਕੇ ਚੰਗੇ ਕਰਮ ਕਰਦੇ ਹਨ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਗੁਰਮੁਖ ਬਣਦੇ ਹਨ, ਉਹ ਆਪਣਾ ਜੀਵਨ ਉੱਚੀ ਆਤਮਿਕ ਅਵਸਥਾ ਵਿਚ ਵਿਚਰ ਕੇ ਆਪਣਾ ਜਨਮ ਤੇ ਜੀਵਨ ਸਫ਼ਲ ਕਰ ਜਾਂਦੇ ਹਨ ਤੇ ਆਤਮਿਕ ਤੌਰ ਤੇ ਇਸੇ ਜੀਵਨ ਵਿਚ ਮੁਕਤ ਹੋ ਜਾਂਦੇ ਹਨ।
ਇਸ ਦੇ ਉਲਟ ਜਿਹੜੇ ਮਨੁੱਖ ਆਪਣੇ ਮਨ ਕੋਲੋਂ ਦਿਸ਼ਾ ਲੈ ਕੇ, ਹਰ ਵਕਤ ਨਿਤ ਨਾਂਹ ਰਹਿਣ ਵਾਲੀਆਂ ਦੁਨਿਆਵੀ ਆਸਾਂ ਵਿਚ ਜੀਵਨ ਗੁਜ਼ਾਰਦੇ ਹਨ, ਉਹ ਮਨਮੁਖ ਬਣਦੇ ਹਨ, ਉਹ ਠੇਡੇ ਖਾਂਦੇ ਹੋਏ ਆਪਣਾ ਰਤਨ ਜਨਮ ਗੰਵਾ ਕੇ ਚੱਲੇ ਜਾਂਦੇ ਹਨ। ਹਾਂ ਜੇਕਰ ਉਹ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਦੇ ਹਨ ਤਾਂ ਉਹ ਆਪਣੇ ਮੰਦੇ ਸੰਸਕਾਰ ਮਿਟਾ ਕੇ ਗੁਰਮੁਖ ਬਣ ਸਕਦੇ ਹਨ।
ਹੁਣ ਹਰ ਮਨੁੱਖ ਨੇ ਗੁਰਮੁਖ ਬਣ ਕੇ ਜਾਂ ਮਨਮੁਖ ਬਣ ਕੇ ਆਪਣਾ ਜਨਮ ਗੁਜ਼ਾਰ ਲਿਆ ਤੇ ਜੋ ਬੀਜਿਆ, ਉਹ ਵੱਢ ਲਿਆ। ਇਸ ਲਈ ਦਾਸ ਦੀ ਸਮਝ ਅਨੁਸਾਰ ਮਰਨ ਤੋਂ ਬਾਅਦ ਕੀਤੀਆਂ ਹੋਈਆਂ ਅਰਦਾਸਾਂ ਸਿਰਫ਼ ਤੇ ਸਿਰਫ਼ ਪਰਿਵਾਰ ਦੇ ਮੈਂਬਰਾਂ ਦੁਆਰਾ ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਹਨ ਤੇ ਸਿਰਫ਼ ਇੱਕ ਰਸਮ ਤੋਂ ਇਲਾਵਾ ਕੁੱਝ ਵੀ ਨਹੀਂ ਹਨ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Your question is very clear, is it appropriate to offer prayer for departed family member. GURU says JE MIRTAK BITA MAHE RULAE. TA MIRTAK KA KIAGHAT JAE meaning it makes no difference what we do for the dead. Do pray , ARDAS for our own spiritual awakening not for the dead.