ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ।।੧।।
ਪੜਿ ਪੜਿ ਥਾਕੇ ਸਾਂਤਿ ਨ ਆਈ।।
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ।।੧।।
ਪੜਿ ਪੜਿ ਥਾਕੇ ਸਾਂਤਿ ਨ ਆਈ।।
ਸਤਿਕਾਰ ਯੋਗ ਵੀਰ ਨਿਰਭੈ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਕਿ ਕੀ ਸਿਰਫ਼ ਪਾਠ ਕਰਨਾ ਅਧਿਆਤਮਿਕ ਉਚਾਈ ਤੇ ਪਹੁੰਚਣ ਲਈ ਕਾਫ਼ੀ ਹੈ? ਦੇ ਜਵਾਬ ਵਿਚ, ਦਾਸ ਆਪਣੀ ਸਮਝ ਅਨੁਸਾਰ ਤੁਹਾਡਾ ਧਿਆਨ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਸਾਹਿਬ ਸੋਰਠਿ ਰਾਗ ਵਿਚ ਰਚਿਤ ਅਸਟਪਦੀ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 641-642 ਤੇ ਸੁਸ਼ੋਭਿਤ ਹੈ, ਵੱਲ ਦਿਵਾਉਣਾ ਚਾਹੁੰਦਾ ਹੈ। ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਗੁਰੂ ਸਾਹਿਬ ਦੀ ਸਿੱਖਿਆ ਤਾਂ ਮਨ ਨੂੰ ਅਕਾਲਪੁਰਖ/ਪਰਮਾਤਮਾ ਦੀ ਸਿਫਤਿ ਸਾਲਾਹ ਦੇ ਰੰਗ ਵਿਚ ਰੰਗਣ ਦੀ ਹੈ ਅਰਥਾਤ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਸਚਿਆਰ ਮਨੁੱਖ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦੀ ਹੈ ਤੇ ਇਸੇ ਜੀਵਨ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੋ।
ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਮਨੁੱਖ, ਸਿਰਫ਼ ਪਾਠ ਨਾਂਹ ਕਰਕੇ, ਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਦਲੇਗਾ। ਇਸ ਲਈ ਪਾਠ ਜ਼ਰੂਰ ਕਰੀਏ, ਮਨ ਵਿਚ ਬਾਣੀ ਦਾ ਪੂਰਾ ਪੂਰਾ ਸਤਿਕਾਰ ਰੱਖੀਏ ਤੇ ਮਰਿਆਦਾ ਵੀ, ਜਿਥੋਂ ਤੱਕ ਸੰਭਵ ਹੋ ਸਕੇ, ਨਿਭਾਈਏ ਪਰ ਮਨ ਵਿਚ ਇਹ ਵੀ ਧਿਆਨ ਰੱਖੀਏ ਕਿ ਪਾਠ ਕਰਨ ਦੇ ਨਾਲ ਨਾਲ ਗੁਰਬਾਣੀਂ ਦੀ ਸਿੱਖਿਆ ਤੇ ਚੱਲਣਾ ਵੀ ਹੈ ਤੇ ਆਪਣੇ ਜੀਵਨ ਨੂੰ ਬਦਲਣਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————–
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}
ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।
ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।
ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।
ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।
ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}
ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।
ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।
ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।
ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।
ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।
ਸਤਿਕਾਰ ਯੋਗ ਵੀਰ ਨਿਰਭੈ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਆਪਣੇ ਸਵਾਲ ਦੇ ਵਿਚ ਗੁਰਬਾਣੀ ਦੀ ਇੱਕ ਪੰਕਤੀ ‘ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥’ ਲਿੱਖੀ ਹੈ, ਜੋ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੀ ੳਚਾਰੀ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਸਿਰੀ ਰਾਗ ਵਿਚ ਪੰਨਾ 39 ਤੇ ਸੁਸ਼ੋਭਿਤ ਹੈ। ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਇਸ ਸ਼ਬਦ ਵਿਚ ਹਉਮੈ ਰੋਗ, ਜੋ ਕਿ ਗੁਰਬਾਣੀ ਅਨੁਸਾਰ ਦੀਰਘ (ਵੱਡਾ) ਰੋਗ ਹੈ, ਦੀ ਗੱਲ ਕਰ ਰਹੇ ਹਨ ਤੇ ਇਸ ਦੀ ਨਵਿਰਤੀ ਲਈ ਮਨਮੁਖ ਨਾਂਹ ਬਣ ਕੇ, ਗੁਰਬਾਣੀ ਦੀ ਸਿੱਖਿਆ ਤੇ ਚੱਲ ਕੇ ਗੁਰਮੁਖ ਬਣਨ ਦੀ ਪ੍ਰੇਰਨਾ ਦੇ ਰਹੇ ਹਨ। ਗੁਰੂ ਸਾਹਿਬ ਅਨੁਸਾਰ ਧਾਰਮਿਕ ਕੰਮ (ਕਰਮਕਾਂਡ ਆਦਿ);ਕਰਨ ਨਾਲ ਜਾਂ ਵਿੱਦਿਆ ਪੜ੍ਹਨ ਨਾਲ ਹਉਮੈ ਲਹਿੰਦੀ ਨਹੀਂ ਹੈ ਬਲਕਿ ਹੋਰ ਚਿੰਬੜਦੀ ਹੈ।
ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ, ਹੇਠ ਲਿੱਖੇ ਸਲੋਕ ਵਿਚ, ਹਉਮੈ ਵਰਗੇ ਦੀਰਘ (ਵੱਡੇ ) ਰੋਗ ਤੇ ਉਸ ਤੋਂ ਪੈਦਾ ਹੋਣ ਵਾਲੇ ਦੁੱਖਾਂ ਦਾ ਇਲਾਜ, ਪ੍ਰਭੂ ਦੀ ਕ੍ਰਿਪਾ ਸਦਕਾ, ਗੁਰੂ ਸ਼ਬਦ ਕਮਾਉਣਾ, ਅਰਥਾਤ ਗੁਰਬਾਣੀ ਦੀ ਸਿੱਖਿਆ ਤੇ ਚੱਲਣਾ ਸਮਝਾ ਰਹੇ ਹਨ:-
ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।
ਹੁਣ ਆਉਂਦੇ ਹਾਂ ਤੁਹਾਡੀ ਲਿੱਖੀ ਦੂਜੀ ਪੰਕਤੀ ‘ਪੜਿ ਪੜਿ ਥਾਕੇ ਸਾਂਤਿ ਨ ਆਈ।।’ ਵੱਲ ਜੋ ਤੁਸੀਂ ਆਪਣੇ ਸਵਾਲ ਵਿਚ ਲਿੱਖੀ ਹੈ। ਇਹ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੀ ਹੀ ਉਚਾਰੀ ਹੋਈ ਅਸਟਪਦੀ ਵਿਚੋਂ ਹੈ, ਜੋ ਮਾਝ ਰਾਗ ਵਿਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 119-120 ਤੇ ਸੁਸ਼ੋਭਿਤ ਹੈ। ਪੂਰੀ ਤੁੱਕ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ:-
ਪੜਿ ਪੜਿ ਥਾਕੇ ਸਾਂਤਿ ਨ ਆਈ ॥ ਤ੍ਰਿਸਨਾ ਜਾਲੇ ਸੁਧਿ ਨ ਕਾਈ ॥ ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥
(ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ) ਪੜ੍ਹ ਪੜ੍ਹ ਕੇ (ਵਿਦਵਾਨ ਲੋਕ) ਥੱਕ ਗਏ, (ਪ੍ਰਭੂ ਦਾ ਸਰੂਪ ਭੀ ਨਾਹ ਸਮਝ ਸਕੇ, ਤੇ) ਆਤਮਕ ਅਡੋਲਤਾ (ਭੀ) ਪ੍ਰਾਪਤ ਨਾਹ ਹੋਈ, ਸਗੋਂ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਹੀ ਸੜਦੇ ਰਹੇ। ਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ-ਜ਼ਹਰ ਹੀ ਇੱਕਠੀ ਕਰਦੇ ਰਹਿੰਦੇ ਹਨ, ਇਸ ਮਾਇਆ-ਜ਼ਹਰ ਦੇ ਮੋਹ ਦੀ ਹੀ ਉਹਨਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ (ਆਤਮਕ ਖ਼ੁਰਾਕ) ਬਣਾਈ ਰੱਖਦੇ ਹਨ।7।
ਇਸ ਤੁੱਕ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਪੁਸਤਕਾਂ ਪੜ੍ਹ ਪੜ੍ਹ ਕੇ ਮਨੁੱਖ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਤੇ ਪਹੁੰਚਣ ਦੀ ਬਜਾਏ ਆਤਮਿਕ ਮੌਤ ਦੀ ਜ਼ਹਿਰ ਇੱਕਠੀ ਕਰਦੇ ਰਹੇ ਅਰਥਾਤ ਗੁਰਮੁਖ ਨਾਂਹ ਬਣ ਕੇ, ਮਨਮੁਖ ਬਣੇ ਰਹੇ ਤੇ ਆਖ਼ਿਰ ਆਤਮਿਕ ਮੌਤੇ ਮਰਦੇ ਮਰਦੇ ਇਹ ਰਤਨ ਜਨਮ ਗੰਵਾ ਕੇ ਚੱਲੇ ਗਏ।
ਇਸ ਸਾਰੀ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਅਸਲ ਲੋੜ ਤਾਂ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਸਚਿਆਰ ਮਨੁੱਖ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦੀ ਹੈ ਤੇ ਇਸੇ ਜੀਵਨ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਮਨੁੱਖ, ਸਿਰਫ਼ ਪਾਠ ਨਾਂਹ ਕਰਕੇ, ਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਦਲੇਗਾ।
ਇਸ ਲਈ ਪਾਠ ਜ਼ਰੂਰ ਕਰੀਏ, ਮਨ ਵਿਚ ਬਾਣੀ ਦਾ ਪੂਰਾ ਪੂਰਾ ਸਤਿਕਾਰ ਰੱਖੀਏ ਤੇ ਮਰਿਆਦਾ ਵੀ, ਜਿਥੋਂ ਤੱਕ ਸੰਭਵ ਹੋ ਸਕੇ, ਨਿਭਾਈਏ ਪਰ ਮਨ ਵਿਚ ਇਹ ਵੀ ਧਿਆਨ ਰੱਖੀਏ ਕਿ ਪਾਠ ਕਰਨ ਦੇ ਨਾਲ ਨਾਲ ਗੁਰਬਾਣੀਂ ਦੀ ਸਿੱਖਿਆ ਤੇ ਚੱਲਣਾ ਵੀ ਹੈ ਤੇ ਆਪਣੇ ਜੀਵਨ ਨੂੰ ਬਦਲਣਾ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————–
ਸਿਰੀਰਾਗੁ ਮਹਲਾ ੩ ॥ ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥ ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥ ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥ ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥ ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥ ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥ ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥ ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥ ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥ ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥ ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥ {ਪੰਨਾ 39}
ਅਰਥ: ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।
ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ। ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ। (ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ।1।
ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ।1। ਰਹਾਉ।
ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ) । ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ। ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ।2।
(ਇਹ ਕੰਮ) ‘ਅਸਾਂ’ ਕੀਤਾ ਹੈ, ‘ਅਸੀ’ ਹੀ ਕਰ ਸਕਦੇ ਹਾਂ, (ਇਉਂ) ‘ਅਸੀਂ ਅਸੀਂ’ ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ। ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ। (ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।
ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ।3।
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ। ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ।
ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ ‘ਆਪਣਾ ਘਰ’ ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ) । ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ।4। 33। 31। 64।
Reciting Gurbani Paath is the first step. It starts the beautiful journey that takes an individual on a different path if one contemplates the meaning and imbibes the message in one’s life.