I'm confused about something and have been thinking about it for a while. Our Guru told us not to believe in the caste system, but many Sikhs still add their last name to their first name. Why is that?
I'm confused about something and have been thinking about it for a while. Our Guru told us not to believe in the caste system, but many Sikhs still add their last name to their first name. Why is that?
Share
ਸਤਿਕਾਰ ਯੋਗ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਵੀ ਮਨੁੱਖ ਆਪਣੇ ਨਾਮ ਦੇ ਪਿੱਛੇ ਜ਼ਾਤੀ ਸੂਚਕ ਲਫ਼ਜ਼ ਲਗਾਉਂਦੇ ਹਨ ਤੇ ਆਪਣੀ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਹਉਮੈ ਵਿਚ ਗ੍ਰਸਤ ਹਨ ਤੇ ਗੁਰਬਾਣੀ ਇਹੋ ਜਿਹੇ ਮਨੁੱਖਾਂ ਨੂੰ ਮੂਰਖ਼ ਤੇ ਗੰਵਾਰ ਗਿਣਦੀ ਹੈ ਕਿਉਂਕਿ ਗੱਲ ਤਾਂ ਸਾਰੀ ਗੁਣ ਧਾਰਨ ਕਰਨ ਦੀ ਹੈ। ਸਾਰੇ ਹੀ ਮਨੁੱਖ ਪਰਮਾਤਮਾ ਦੇ ਆਪਣੇ ਆਪ ਤੋਂ ਬਣੇ ਹਨ ਤੇ ਉਸੇ ਤਰ੍ਹਾਂ ਹੀ ਹਨ ਜਿਸ ਤਰ੍ਹਾਂ ਇੱਕ ਘੁਮਿਆਰ ਇੱਕੋ ਮਿਟੀ ਤੋਂ ਵੱਖ ਵੱਖ ਬਰਤਨ ਬਣਾ ਦਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਇਸ ਵਿਸ਼ੇ ਤੇ ਬਹੁਤ ਸਾਰੇ ਸ਼ਬਦ ਹਨ ਪਰ ਕ੍ਰਿਪਾ ਕਰਕੇ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦਾ ਭੈਰਉ ਰਾਗ ਵਿਚ ਉਚਾਰਨ ਕੀਤਾ ਗਿਆ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1127-28 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥ ਹੇਠਾਂ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ। ਇਸ ਸ਼ਬਦ ਦੇ ਵਿਚ ਤੁਹਾਡੇ ਸਵਾਲ ਦਾ ਪੂਰਾ ਪੂਰਾ ਜਵਾਬ ਹੈ। ਕੁੱਝ ਹੋਰ ਉਦਾਹਰਣਾਂ ਵੀ ਹੇਠਾਂ ਦਿੱਤੀਆਂ ਹਨ ਜੀ।
ਗੁਰਬਾਣੀ ਵਰਣ ਵੰਡ ਨੂੰ ਨਹੀਂ ਮੰਨਦੀ ਹੈ ਤੇ ਤੁਸੀਂ ਹੇਠਾਂ ਦਿੱਤੀ ਤੁੱਕ ਤੇ ਉਸ ਦੇ ਅਰਥਾਂ ਤੋਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ:-
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।
ਅਸਲ ਮੁੱਦਾ ਤਾਂ ਗੁਰਬਾਣੀ ਦੀ ਸਿੱਖਿਆ ਤੇ ਚੱਲਣ, ਵਿਕਾਰਾਂ ਤੋਂ ਛੁਟਕਾਰਾ ਪਾਉਣ, ਸਚਿਆਰ/ਗੁਣਵਾਨ ਮਨੁੱਖ ਬਣਨ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਤੇ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਤੱਕ ਪਹੁੰਚਣ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦਾ ਹੈ ਜਿਸ ਵਿਚ ਜਾਤ ਦੇ ਹੰਕਾਰ ਦੀ ਕੋਈ ਜਗ੍ਹਾ ਨਹੀਂ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————-
ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ {ਪੰਨਾ 1127-1128}
ਅਰਥ: ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।1। ਰਹਾਉ।
ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।1।
ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ।2।
ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ।3।
ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ।4।
ਨਾਨਕ ਆਖਦਾ ਹੈ– (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।5।1।
————–
ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥ ਸਬਦੇ ਊਚੋ ਊਚਾ ਹੋਇ ॥ ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ {ਪੰਨਾ 363}
ਅਰਥ: (ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ। (ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ) ।
—————–
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥ (ਪੰਨਾ 426)
ਅਰਥ: ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤਿ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤਿ ਬਣਦੀ ਹੈ ਉੱਚੀ ਕੁਲ ਬਣਦੀ ਹੈ। ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ।7।
—————–
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥ {ਪੰਨਾ 469}
ਅਰਥ: ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ) । ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ।3।
——————–
ਪਉੜੀ ॥ ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ {ਪੰਨਾ 514}
ਅਰਥ: ਹੇ ਮਨਮੁਖਿ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤਿ, ਨਾਲ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ; ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ।
ਹੇ ਸਦਾ ਲੋਭ ਵਿਚ ਰੱਤੇ ਹੋਏ ਵੱਡੇ ਲੋਭੀ ਮਨ! ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ।੧੫।