Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਬਾਨੀ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਆਵਾਗਉਣ (Transmigration of soul) ਦੇ ਸਿਧਾਂਤ ਅਰਥਾਤ ਚੁਰਾਸੀ ਲੱਖ ਜੂਨਾਂ ਦੇ ਸਿਧਾਂਤ ਨੂੰ ਨਹੀਂ ਮੰਨਦੀ। ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਜੋ ਵੀ ਬਾਣੀ ਸ਼ਾਮਿਲ ਹੈ, ਉਹ ਗੁਰੂ ਸਾਹਿਬਾਨ ਨੇ ਆਪ ਲਿਖੀ ਜਾਂ ਉਚਾਰਨ ਕੀਤੀ ਹੈ ਜਦੋਂ ਕਿ ਸਾਖੀਆਂ ਦੂਜਿਆਂ ਨੇ ਲਿਖੀਆਂ ਹਨ। ਇਸ ਲਈ ਜੋ ਵੀ ਸਾਖੀ ਸਾਹਮਣੇ ਆਉਂਦੀ ਹੈ, ਉਸ ਨੂੰ ਗੁਰਬਾਣੀ ਦੀ ਕਸਵੱਟੀ ਲਗਾ ਕੇ ਦੇਖਣਾ ਜ਼ਰੂਰੀ ਹੈ।
ਆਵਾਗਉਣ (Transmigration of soul) ਦੇ ਸਿਧਾਂਤ ਬਾਰੇ ਦਾਸ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚੋਂ ਦੋ ਸਲੋਕਾਂ ਦਾ ਮੂਲ ਪਾਠ ਤੇ ਪਉੜੀ ਦਾ ਅਰਥ ਹੇਠਾਂ ਦੇ ਰਿਹਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨਮੁਖਾਂ ਨੂੰ, ਆਪਣੇ ਜਨਮ ਤੋਂ ਬਾਅਦ ਗ੍ਰਹਿਣ ਕੀਤੇ ਸੰਸਕਾਰ, (ਅਰਥਾਤ ਜੋ ਗੁਰਮਤਿ ਅਨੁਸਾਰ ਪਿੱਛਲਾ ਜਨਮ ਹੈ), ਗੁਰੂ ਸਾਹਿਬ ਦੁਆਰਾ ਦੱਸੀ ਜੀਵਨ ਜਾਚ ਅਪਨਾ ਕੇ ਪਰਮਾਤਮਾ ਨਾਲ ਜੁੜਨ ਨਹੀਂ ਦਿੰਦੇ ਤੇ ਮਨਮੁਖ ਠੇਡੇ ਖਾਂਦੇ ਖਾਂਦੇ ਆਪਣੇ ਰਤਨ ਜਨਮ ਨੂੰ ਗਵਾ ਕੇ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ।
ਇਸ ਦੇ ਉਲਟ ਜੋ ਗੁਰੂ ਦੇ ਸਨਮੁਖ ਹਨ ਅਰਥਾਤ ਗੁਰਮੁਖ ਹਨ, ਉਹ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦੇ ਹਨ ਤੇ ਅਕਾਲਪੁਰਖ ਦੀ ਬਖਸ਼ਿਸ਼ ਸਦਕਾ ਆਪਣੇ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਜੀਵਨ ਮੁਕਤ ਹੋ ਜਾਂਦੇ ਹਨ।
ਇਸ ਲਈ ਗੁਰਮਤਿ ਅਨੁਸਾਰ ਕੋਈ ਅੱਗਲਾ ਜਾਂ ਪਿੱਛਲਾ ਜਨਮ ਨਹੀਂ ਹੈ। ਇਹ ਹੀ ਜਨਮ ਹੈ ਜਿਸ ਵਿਚ ਸਿੱਖ/ਮਨੁੱਖ ਮਨਮੁਖ ਜਾਂ ਗੁਰਮੁਖ ਬਣ ਸਕਦੇ ਹਨ ਤੇ ਜਾਂ ਰਤਨ ਜਨਮ ਗੰਵਾ ਸਕਦੇ ਹਨ ਜਾਂ ਆਪਣਾ ਜਨਮ ਸੰਵਾਰ ਕੇ ਜੀਵਨ ਮੁਕਤ ਹੋ ਸਕਦੇ ਹਨ। ਮਰ ਕੇ ਮੁਕਤ ਹੋਣਾ ਸਿੱਖੀ ਸਿਧਾਂਤ ਨਹੀਂ ਹੈ। ਇਸ ਲਈ ਆਵਾਗਉਣ (Transmigration of soul) ਵੀ ਸਿੱਖ਼ੀ ਸਿਧਾਂਤ ਨਹੀਂ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
————————
ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}
ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲਿਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਝਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ) ।
ਹੇ ਨਾਨਕ! “ਕੂੜ” (ਦਾ ਸੂਤਰ) ਕੱਤਣ ਲਈ “ਕੂੜ” ਦਾ ਹੀ ਤਾਣਾ ਚਾਹੀਦਾ ਹੈ, “ਕੂੜ” ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ”-ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ (ਭਾਵ, “ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ”) ।੧।
ਮਃ ੧ ॥ ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ {ਪੰਨਾ 790}
ਅਰਥ: (ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ) ; (ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।੨।
ਪਉੜੀ ॥ ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ {ਪੰਨਾ 790}
ਅਰਥ: ਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ, ਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) ‘ਹਉਮੈ’ ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ; ਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ; ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ।੪।