How should Ardas be performed correctly?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਮੁਸਕਾਨ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ‘ਕਿ ਅਰਦਾਸ ਕਰਨ ਦਾ ਠੀਕ ਕਰਨ ਦਾ ਤਰੀਕਾ ਕੀ ਹੈ’ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਜੋ ਪੰਥ ਪ੍ਰਵਾਣਿਤ ਅਰਦਾਸ, ‘ਸਿੱਖ ਰਹਿਤ ਮਰਿਆਦਾ’ ਵਿਚ ਹੈ, ਉਸ ਵਿਚ ਇੱਕ ਤਰ੍ਹਾਂ ਦਾ ਪੂਰਾ ਸਿੱਖ ਇਤਿਹਾਸ ਵੀ ਹੈ ਤੇ ਅਕਾਲਪੁਰਖ ਅੱਗੇ ਜੋਦੜੀਆਂ ਵੀ ਹਨ। ਇਹ ਸੰਗਤੀ ਅਰਦਾਸ ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਤਿਕਾਰ ਵਜੋਂ ਖੜ੍ਹੇ ਹੋ ਕੇ ਕੀਤੀ ਜਾਂਦੀ ਹੈ। ਜੇ ਕੋਈ ਮਜ਼ਬੂਰੀ ਹੋਵੇ ਤਾਂ ਬੈਠ ਕੇ ਵੀ ਕੀਤੀ ਜਾ ਸਕਦੀ ਹੈ।
ਆਮ ਪੜ੍ਹੀ ਜਾਣ ਵਾਲੀ ਬਾਣੀ ‘ਸੁਖਮਨੀ ਸਾਹਿਬ’, ਜੋ ਕਿ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ 296 ਤੇ ਸੁਸ਼ੋਭਿਤ ਹੈ, ਵਿਚ ਗੁਰੂ ਸਾਹਿਬ ਇੱਕ ਅਰਦਾਸ ਕਰਦੇ ਹਨ:-
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}
ਅਰਥ: (ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ। ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ, ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ। ਕੋਈ ਤੇਰਾ ਅੰਤ ਨਹੀਂ ਪਾ ਸਕਦਾ, (ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ। (ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ। ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ = ਇਹ ਤੂੰ ਆਪ ਹੀ ਜਾਣਦਾ ਹੈਂ। ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ।8।4।
ਇਹ ਹਰ ਸਿੱਖ ਦੀ ਆਪਣੀ ਇੱਕ ਅਰਦਾਸ ਹੈ ਜੋ ਸਿੱਖ ਕਦੇ ਵੀ ਆਪਣੇ ਮਨ ਵਿਚ ਕਰ ਸਕਦਾ ਹੈ। ਵੈਸੇ ਤਾਂ ਜਦੋਂ ਸਿੱਖ ਪ੍ਰੇਸ਼ਾਨੀ ਵਿਚ ਆਪਣੇ ਮਨ ਵਿਚ ਕਹਿੰਦਾ ਹੈ ਕਿ ‘ਹੇ ਦਾਤਾਰ ਮੇਰੇ ਤੇ ਮਿਹਰ ਕਰ’ ਜਾਂ ਧੰਨਵਾਦ ਕਰਨ ਲਈ ਕਹਿੰਦਾ ਹੈ ਕਿ ‘ਹੇ ਦਾਤਾਰ ਤੇਰਾ ਸ਼ੁਕਰ ਹੈ’ ਤਾਂ ਇਹ ਵੀ ਆਪਣੇ ਆਪ ਵਿਚ ਇੱਕ ਅਰਦਾਸ ਹੈ।
ਦਾਸ ਇੱਕ ਗੱਲ ਹੋਰ ਜੋ ਕਹਿਣਾ ਚਾਹੁੰਦਾ ਹੈ, ਉਹ ਇਹ ਹੈ ਕਿ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਸਾਡੇ ਮਨ ਦੀਆਂ ਪੱਟੀਆਂ ਪੜ੍ਹਦਾ ਹੈ ਤੇ ਬਿਨਾਂ ਮੰਗਿਆਂ ਗੁਰਮਤਿ ਅਨੁਸਾਰ ਸਾਡੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਇਸੇ ਲਈ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਹੇਠ ਲਿੱਖੇ ਸਲੋਕ ਵਿਚ ਉਪਦੇਸ਼ ਦਿੰਦੇ ਹਨ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ’। ਪੂਰੇ ਸਲੋਕ ਦਾ ਮੂਲ ਪਾਠ ਤੇ ਅਰਥ ਤੁਹਾਡੇ ਵਿਚਾਰ ਵਾਸਤੇ ਹਨ:-
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥ ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥ ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥ ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ {ਪੰਨਾ 1420}
ਅਰਥ: ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ੍ਰਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ, (ਤਾਂ ਭੀ ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ। ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤ੍ਰਿਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ। ਹੇ ਭਾਈ! ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤਿ ਉਸ ਦੇ ਹੀ ਵੱਸ ਵਿਚ ਹੈ। (ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ? ਹੇ ਨਾਨਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ।58।
ਦਾਸ ਨੇ ਆਪਣੀ ਸਮਝ ਅਨੁਸਾਰ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ