ਮੈਂ ਜਦੋਂ ਗੁਰਦੁਆਰੇ ਜਾਂਦਾ ਹਾਂ ਤਾਂ ਮੇਰਾ ਮਨ ਨਹੀਂ ਟਿਕਦਾ। ਮੈਂ ਆਪਣੇ ਮਨ 'ਤੇ ਕਿਵੇਂ ਕਾਬੂ ਪਾ ਸਕਦਾ ਹਾਂ ਤਾਂ ਜੋ ਮੈਂ ਗੁਰੂ ਨਾਲ ਬੈਠ ਕੇ ਗੱਲ ਕਰ ਸਕਾਂ?
ਮੈਂ ਜਦੋਂ ਗੁਰਦੁਆਰੇ ਜਾਂਦਾ ਹਾਂ ਤਾਂ ਮੇਰਾ ਮਨ ਨਹੀਂ ਟਿਕਦਾ। ਮੈਂ ਆਪਣੇ ਮਨ 'ਤੇ ਕਿਵੇਂ ਕਾਬੂ ਪਾ ਸਕਦਾ ਹਾਂ ਤਾਂ ਜੋ ਮੈਂ ਗੁਰੂ ਨਾਲ ਬੈਠ ਕੇ ਗੱਲ ਕਰ ਸਕਾਂ?
Share

ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪਣੀ ਸਮਝ ਅਨੁਸਾਰ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕੁੱਝ ਗੁਰਬਾਣੀ ਦੀਆਂ ਤੁੱਕਾਂ ਅਤੇ ਉਨ੍ਹਾਂ ਦੇ ਅਰਥ ਹੇਠਾਂ ਦੇ ਰਿਹਾ ਹੈ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਦਾ ਉਪਰਾਲਾ ਕਰ ਸਕਦੇ ਹੋ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਨ ਨੂੰ ਸਮਝਾਉਣ ਵਾਸਤੇ:-
੧. ਗੁਰਬਾਣੀ ਪੜ੍ਹਨੀ ਚਾਹੀਦੀ ਹੈ;
੨. ਅਕਾਲਪੁਰਖ ਦੁਆਰਾ ਦਿੱਤੀਆਂ ਦਾਤਾਂ ਨਾਲ ਨਹੀਂ ਜੁੜਨਾ ਹੈ ਬਲਕਿ ਅਕਾਲਪੁਰਖ ਨਾਲ ਜੁੜਨਾ ਹੈ ਜਿਸ ਵਾਸਤੇ ਸ਼ਬਦ ਗੁਰੂ ਸਹਾਈ ਹੁੰਦਾ ਹੈ;
੩. ਵਿਕਾਰਾਂ ਵਲੋਂ ਮਨ ਨੂੰ ਹਟਾ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨਾ ਹੈ ਤਾਂ ਜ਼ੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਜਾ ਸਕੇ;
੪. ਪ੍ਰਭੂ ਪ੍ਰਮਾਤਮਾ ਨੂੰ ਛੱਡ ਕੇ ਹੋਰ ਦਰਾਂ ਦਾ ਭਿਖਾਰੀ ਨਹੀਂ ਬਣਨਾ ਹੈ ਤੇ ਸਿਰਫ਼ ਤੇ ਸਿਰਫ਼ ਉਸ ਦਾਤੇ ਕੋਲੋਂ ਮੰਗਣਾ ਹੈ ਅਰਥਾਤ ਅਕਾਲਪੁਰਖ ਨਾਲ ਹੀ ਆਤਮਕ ਤੌਰ ਤੇ ਜੁਣਨਾ ਹੈ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਵਿਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨੀ ਹੈ।
ਇਸ ਤਰ੍ਹਾਂ ਤੁਸੀਂ ਗਿਆਨ ਗੁਰੂ ਦੀ ਸਿੱਖਿਆ ਲੈ ਕੇ, ਆਪਣੇ ਜੀਵਨ ਵਿਚ ਬਦਲਾਅ ਲਿਆ ਕੇ ਤੁਸੀਂ ਅਕਾਲਪੁਰਖ ਨਾਲ ਆਤਮਿਕ ਤੌਰ ਤੇ ਜੁੜ ਸਕਦੇ ਹੋ ਅਤੇ ਫ਼ਿਰ ਗੁਰਦੁਆਰਾ ਸਾਹਿਬ ਜਾ ਕੇ ਤੁਹਾਡਾ ਮਨ ਕਾਬੂ ਵਿਚ ਰਹੇਗਾ ਤੇ ਇਧਰ ਉਧਰ ਨਹੀਂ ਦੋੜੇਗਾ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————-
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥ {ਪੰਨਾ 340} ਅਰਥਾਤ (ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ।
ਛਛਾ ਇਹੈ ਛਤ੍ਰਪਤਿ ਪਾਸਾ ॥ ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥ ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥ {ਪੰਨਾ 340} ਅਰਥਾਤ (ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਇਸ (ਚਿਤ੍ਰਕਾਰ ਪ੍ਰਭੂ) ਪਾਸ ਹੀ ਨਹੀਂ ਰਹਿੰਦਾ ਜੋ (ਸਭ ਦਾ) ਪਾਤਸ਼ਾਹ ਹੈ? ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ।13।
ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥ ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥ (ਪੰਨਾ 1028) ਅਰਥਾਤ: ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮਤਿ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ। ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ।14।
ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥ ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥ {ਪੰਨਾ 1388} ਅਰਥਾਤ (ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ = ਇਹ ਸਾਰੇ ਹੀ ਘਸ ਜਾਂਦੇ ਹਨ। ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ।7।
Please note that you can not control your thought process, your thoughts. hundreds of thoughts cross our mind every minute. While sitting in Gurdwara that is what happens with you. Your efforts should be to transform your thoughts. You can do this by reading a Shabad, understanding its message and apply that in daily life.