ਪਰਮੇਸ਼ੁਰ ਵਿੱਚ ਵਿਸ਼ਵਾਸ ਹੋਣ ਦੇ ਬਾਵਜੂਦ, ਮੈਂ ਆਪਣੇ ਪਿਛਲੇ ਸੰਘਰਸ਼ਾਂ ਅਤੇ ਉਤਰਾਅ-ਚੜ੍ਹਾਅ ਵਾਲੀ ਮਾਨਸਿਕਤਾ ਦੇ ਮੱਦੇਨਜ਼ਰ ਆਪਣੇ ਫੈਸਲੇ ਲੈਣ ਦੇ ਹੁਨਰ ਨੂੰ ਕਿਵੇਂ ਸੁਧਾਰ ਸਕਦਾ ਹਾਂ ਅਤੇ ਆਪਣੀਆਂ ਚੋਣਾਂ ਵਿੱਚ ਵਿਸ਼ਵਾਸ ਕਿਵੇਂ ਕਾਇਮ ਰੱਖ ਸਕਦਾ ਹਾਂ?
How can I improve my decision-making skills and maintain conviction in my choices, given my past struggles and fluctuating mindset, despite having faith in God?
Share

ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਭਗਤ ਕਬੀਰ ਜੀ ਦੇ ਇੱਕ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹੈ ਜਿਸ ਦੀ ਰਹਾਉ ਦੀ ਤੁੱਕ ਵਿਚ ਕਬੀਰ ਜੀ ਸਮਝਾ ਰਹੇ ਹਨ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਰਹਾਉ ਦੀ ਤੁੱਕ ਵਿਚ ਸ਼ਬਦ ਦਾ ਕੇਂਦਰੀ ਵਿਚਾਰ ਹੁੰਦਾ ਹੈ।
ਭਗਤ ਕਬੀਰ ਜੀ ਸਾਰੀ ਉਮਰ, ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਤੋਂ ਨਹੀਂ ਡਰੇ ਤੇ ਇਨ੍ਹਾਂ ਦੇ ਧਾਰਮਿਕ ਦਿਖਾਵਿਆਂ, ਭੇਖ, ਕਰਮ-ਕਾਂਡ ਆਦਿਕ ਨੂੰ ਵਿਅਰਥ ਆਖਦੇ ਰਹੇ ਜਿਸ ਦਾ ਸਦਕਾ ਉੱਚੀ ਜਾਤ ਦੇ ਹਿੰਦੂ ਇਹਨਾਂ ਦੇ ਵਿਰੋਧੀ ਬਣ ਗਏ। ਕਬੀਰ ਜੀ ਨੂੰ ਗੰਗਾ ਵਿਚ ਡੁਬਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਇਸ ਸ਼ਬਦ ਵਿਚ ਜ਼ਿਕਰ ਹੈ, ਤੇ ਫੁਰਮਾਉਂਦੇ ਹਨ ਕਿ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ ਉਹ ਕਿਸੇ ਮੁਸੀਬਤ ਵਿਚ ਡੋਲਦਾ ਨਹੀਂ।
ਤੁਸੀਂ ਵੀ ਇਸ ਸ਼ਬਦ ਤੋਂ ਪ੍ਰੇਰਣਾ ਲੈ ਸਕਦੇ ਹੋ ਤੇ ਆਪਣੇ ਆਪ ਨੂੰ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਆਤਮਿਕ ਤੌਰ ਤੇ ਇੱਕ ਦੂਜੇ ਦਾ ਰੂਪ ਹਨ, ਨਾਲ ਜੋੜ ਕੇ ਮੁਸੀਬਤਾਂ ਵਿਚ ਡੋਲੇ ਬਿਨਾਂ ਉਨ੍ਹਾਂ ਦਾ ਮੁਕਾਬਲਾ ਕਰ ਸਕਦੇ ਹੋ ਤੇ ਆਪਣੇ ਮਨ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਰੱਖ ਸਕਦੇ ਹੋ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ, ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ, ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————-
ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ {ਪੰਨਾ 1162}
ਅਰਥ: (ਹੇ ਭਾਈ!) ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਰਹਾਉ।
(ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ ‘ਮਾਤਾ’ ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ।1।
(ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ, ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ।2।
ਕਬੀਰ ਆਖਦਾ ਹੈ– (ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ। ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ।3।10। 18।