Have you ever been so deeply meditated/ Naam Simran that you ‘forget’ your physical body almost all together, then start feeling vibrations?
Have you ever been so deeply meditated/ Naam Simran that you ‘forget’ your physical body almost all together, then start feeling vibrations?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਦਾਸ ਦਾ ਇਹੋ ਜਿਹਾ ਕੋਈ ਤਜਰਬਾ ਨਹੀਂ ਹੈ।
ਆਪਣੀ ਸਮਝ ਅਨੁਸਾਰ, ਦਾਸ ਬੇਨਤੀ ਕਰਦਾ ਹੈ ਕਿ ਅਨੰਦੁ ਸਾਹਿਬ ਵਿਚ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਸਿੱਖਿਆ ਦਿੰਦੇ ਹਨ ਕਿ ‘ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥’ ਅਰਥਾਤ ‘(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।’
ਅੱਗੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿਚ ਉਪਦੇਸ਼ ਦਿੰਦੇ ਹਨ:-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਅੱਗੇ ਨੋਵੇਂ ਗੁਰੂ ਸਰੀਰ ਗੁਰੂ ਤੇਗ ਬਹਾਦਰ ਸਾਹਿਬ ਸਿੱਖਿਆ ਦਿੰਦੇ ਹਨ:-
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ {ਪੰਨਾ 1429}
ਅਰਥ: ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ।57।1।
ਹੋਰ ਅੱਗੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ:-
ਆਸਾ ਮਹਲਾ ੫ ॥ ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥੧॥ ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥ ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥ ਕਾਰਜਿ ਕਾਮਿ ਬਾਟ ਘਾਟ ਜਪੀਜੈ ॥ ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥ ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥ ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥ ਆਠ ਪਹਰ ਜਿਸੁ ਵਿਸਰਹਿ ਨਾਹੀ ॥ ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥ {ਪੰਨਾ 386}
ਅਰਥ: (ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।1। ਰਹਾਉ।
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ।1।
(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ।2।
(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ (ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।3।
ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ, ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ।4।10। 61।
ਇਨ੍ਹਾਂ ਗੁਰੂ ਉਪਦੇਸ਼ਾਂ ਤੋਂ ਦਾਸ ਨੂੰ ਇਹ ਹੀ ਸਮਝ ਆਉਂਦੀ ਹੈ ਕਿ ਗੁਰਸ਼ਬਦ ਨਾਲ ਜੁੜ ਕੇ ਅਰਥਾਤ ਗੁਰੂ ਦੀ ਸਿੱਖਿਆ ਲੈ ਕੇ ਅਰਥਾਤ ਗੁਰੂ ਦੀ ਸ਼ਰਨ ਵਿਚ ਪੈ ਕੇ ਮਨ ਨੂੰ ਧੋਣਾ ਹੈ ਤੇ ਫ਼ਿਰ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਹੈ ਤਾਂ ਜੋ ਇਹ ਹਿਰਦੇ ਵਿਚ ਵਸ ਜਾਵੇ। ਦਾਸ ਦੀ ਸਮਝ ਅਨੁਸਾਰ ਫਿਰ ਸਿਮਰਨ ਕਰਨਾ ਨਹੀਂ ਪਵੇਗਾ, ਦੰਮ-ਬ-ਦੰਮ ਆਪੇ ਹੀ ਹੁੰਦਾ ਚਲਾ ਜਾਵੇਗਾ। ਮੁੱਖ ਮੁੱਦਾ ਤਾਂ ਗੁਰੂ ਉਪਦੇਸ਼ ਤੇ ਚੱਲ ਕੇ, ਔਗੁਣਾਂ/ਵਿਕਾਰਾਂ ਨੂੰ ਛੱਡ ਕੇ ਜੀਵਨ ਮੁਕਤ ਹੋਣ ਦਾ ਹੈ।
ਇਸ ਵਿਸ਼ੇ ਤੇ ਇੱਕ ਬਹੁਤ ਸੁੰਦਰ ਲੇਖ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://www.singhsabhacanada.com/?p=19084
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ