guru nanak dev ji was born on the month of April then why we Sikh celebrate in the month of October or November
guru nanak dev ji was born on the month of April then why we Sikh celebrate in the month of October or November
Share
ਕੱਤਕ ਕਿ ਵਸਾਖ – ਸਤਿਗੁਰੂ ਨਾਨਕ ਜੀ ਕਿਸ ਮਹੀਨੇ ਪ੍ਰਗਟ ਹੋਏ? ਕੀ ਕੋਈ ਭਾਈ ਬਾਲਾ ਵੀ ਹੋਇਆ ਸੀ?
ਸਤਿਗੁਰੂ ਨਾਨਕ ਜੀ ਕਿਸ ਮਹੀਨੇ ਪ੍ਰਗਟ ਹੋਏ? ਕੱਤਕ ਕਿ ਵਸਾਖ ਵਿਚ? ਇਸ ਦਾ ਨਿਰਣਾ ਕੋਈ ਔਖੀ ਗੱਲ ਨਹੀਂ। ਇਸ ਵੇਲੇ ਤੀਕ ਜਿੰਨੀਆਂ ਪੁਰਾਣੀਆਂ ਲਿਖਤਾਂ ਮਿਲਦੀਆਂ ਹਨ, ਉਨ੍ਹਾਂ ਸਾਰੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਵਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ, ਪਰ ਇਨ੍ਹਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਪ੍ਰਗਟ ਹੋਣ ਦੀ ਤਾਰੀਖ ਕੱਤਕ ਪੂਰਨਮਾਸ਼ੀ ਮੰਨੀ ਹੈ। ਵੇਖਣਾ ਹੁਣ ਇਹ ਹੈ ਕਿ ਕਿਹੜੀ ਤਾਰੀਖ ਸ਼ੁੱਧ ਹੈ ਤੇ ਕਿਹੜੀ ਅਸ਼ੁੱਧ ਹੈ।
ਸਭ ਤੋਂ ਪੁਰਾਣੀ ਲਿਖਤ ਉਹ ਜਨਮ ਸਾਖੀ ਹੈ, ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਲਿਖੀ ਹੋਈ ਪ੍ਰਤੀਤ ਹੁੰਦੀ ਹੈ। ਇਕ ਪੋਥੀ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਲਿਖੀ ਗਈ ਸੀ, ਮੈਂ ਵੇਖੀ ਹੈ। ਇਹ ਪੋਥੀ ਕਿਸੇ ਪੁਰਾਤਨ ਪੋਥੀ ਦਾ ਉਤਾਰਾ ਸੀ, ਜੋ ਸ਼ਾਇਦ ਪੰਚਮ ਪਾਤਸ਼ਾਹ ਜੀ ਦੇ ਸਮੇਂ ਲਿਖੀ ਗਈ ਹੋਵੇ। ਪੁਰਾਣੀਆਂ ਜਨਮ ਸਾਖੀਆਂ ਜੋ ਮੈਂ ਵੇਖੀਆਂ ਹਨ, ਉਹ ਸਾਰੀਆਂ ਉਸੇ ਜਨਮ ਸਾਖੀ ਦੇ ਉਤਾਰੇ ਹਨ, ਜੋ ਪੰਚਮ ਪਾਤਸ਼ਾਹ ਜੀ ਦੇ ਸਮੇਂ ਲਿਖੀ ਗਈ ਸੀ। ਇਸ ਜਨਮ ਸਾਖੀ ਵਿਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਸਾਖ ਸੁਦੀ ਤਿੰਨ ਹੀ ਦਿੱਤੀ ਹੈ।
ਇਸ ਪੁਰਾਣੀ ਲਿਖਤ ਤੋਂ ਉਤਰ ਕੇ ਦੂਜੀ ਪੁਰਾਣੀ ਲਿਖਤ ਜੋ ਮੈਂ ਵੇਖੀ ਹੈ, ਉਹ ਬਾਬਾ ਮਿਹਰਵਾਨ ਜੀ ਦੀ ਲਿਖੀ ਪੋਥੀ ਹੈ। ਬਾਬਾ ਮਿਹਰਵਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ। ਆਪ ਦੀ ਪੋਥੀ ਵਿਚ ਵੀ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਸਾਖ ਸੁਦੀ ਤਿੰਨ ਹੀ ਦਿੱਤੀ ਹੈ।
ਇਸ ਤੋਂ ਬਿਨਾਂ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿਚ ਵੀ ਵਸਾਖ ਸੁਦੀ ਤਿੰਨ ਹੀ ਹੈ। ਮਹਿਮਾ ਪ੍ਰਕਾਸ਼ ਦਾ ਪਹਿਲਾ ਹਿੱਸਾ ਸੰਮਤ ੧੮੨੬ ਬਿ: ਵਿਚ ਲਿਖਿਆ ਗਿਆ ਸੀ ਉਸ ਹਿੱਸੇ ਵਿਚ ਤਾਂ ਵਸਾਖ ਸੁਦੀ ਤਿੰਨ ਤਾਰੀਖ ਮੰਨੀ ਹੈ, ਪਰ ਪਿੱਛਲਾ ਹਿੱਸਾ ਜੋ ਸੰਮਤ ੧੮੫੬ ਦੇ ਲਗਭਗ ਲਿਖਿਆ ਗਿਆ ਸੀ, ਉਸ ਵਿਚ ਭਾਈ ਬਾਲੇ ਦਾ ਵੀ ਨਾਮ ਆਇਆ ਹੈ। ਇਸ ਤੋਂ ਜਾਪਦਾ ਹੈ ਕਿ ਉਸ ਸਮੇਂ ਭਾਈ ਬਾਲੇ ਵਾਲੀ ਸਾਖੀ ਦਾ ਰਿਵਾਜ ਹੋ ਚਲਿਆ ਸੀ।
ਪੁਰਾਣੀਆਂ ਲਿਖਤਾਂ ਮੈਂ ਹੋਰ ਭੀ ਵੇਖੀਆਂ ਸਨ, ਜਿਨ੍ਹਾਂ ਵਿਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਸਾਖ ਸੁਦੀ ਤਿੰਨ ਦਿੱਤੀ ਹੈ, ਪਰ ਉਹ ਸਾਰੀਆਂ ਵਿਚ ਪੁਰਾਣੀ ਜਨਮ ਸਾਖੀ ਦੀ ਹੀ ਨਕਲ ਕੀਤੀ ਗਈ ਹੈ, ਜੋ ਜਨਮ ਸਾਖੀ ਪੰਚਮ ਪਾਤਸ਼ਾਹ ਦੇ ਸਮੇਂ ਲਿਖੀ ਗਈ ਸੀ।
ਇਨ੍ਹਾਂ ਸਭ ਲਿਖਤਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਮੰਨਿਆ ਹੈ ਕਿ ਸਤਿਗੁਰੂ ਜੀ ਕੱਤਕ ਪੂਰਨਮਾਸ਼ੀ ਨੂੰ ਪ੍ਰਗਟ ਹੋਏ। ਜੇ ਕਰ ਗਹੁ ਨਾਲ ਇਸ ਜਨਮ ਸਾਖੀ ਨੂੰ ਪੜ੍ਹਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਜਨਮ ਸਾਖੀ ਕਦੋਂ ਕੁ ਲਿਖੀ ਗਈ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦਾਂ ਦੀ ਜੋ ਤਰਤੀਬ ਹੈ, ਉਹ ਪੰਚਮ ਪਾਤਸ਼ਾਹ ਜੀ ਦੀ ਬਣਾਈ ਹੋਈ ਹੈ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਕਈ ਥਾਈਂ ਉਸੇ ਤਰਤੀਬ ਨਾਲ ਸ਼ਬਦ ਦਿੱਤੇ ਹਨ, ਜਿਸ ਤਰਤੀਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਨ ਅਤੇ ਪਹਿਲੀ ਪਾਤਸ਼ਾਹੀ ਤੋਂ ਬਿਨਾਂ ਦੂਜੀਆਂ ਪਾਤਸ਼ਾਹੀਆਂ ਦੇ ਸ਼ਬਦ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਨ, ਮਸੰਦ ਸ਼ਬਦ ਸਿੱਖਾਂ ਵਿਚ ਪੰਚਮ ਪਾਤਸ਼ਾਹ ਜੀ ਦੇ ਸਮੇਂ ਪ੍ਰਚਲਿਤ ਹੋਇਆ ਹੈ, ਪਰ ਇਹ ਸ਼ਬਦ ਵੀ ਇਸ ਜਨਮ ਸਾਖੀ ਵਿਚ ਮਿਲਦਾ ਹੈ। ਕਸ਼ਮੀਰ ਵਾਲੀ ਸਾਖੀ ਅੱਖਰੋ-ਅੱਖਰ ਪੁਰਾਤਨ ਜਨਮ ਸਾਖੀ ਦੀ ਨਕਲ ਹੈ ਅਤੇ ਹੋਰ ਵੀ ਕਈ ਗੱਲਾਂ ਐਸੀਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਦਸਮੇਸ਼ ਜੀ ਦੇ ਸਮੇਂ ਵਿਚ ਹੀ ਲਿਖੀ ਗਈ ਹੋਵੇਗੀ, ਇਸ ਤੋਂ ਪਹਿਲਾਂ ਨਹੀਂ।
ਭਾਈ ਬਾਲੇ ਵਾਲੀ ਜਨਮ ਸਾਖੀ ਜੋ ਅੱਜਕਲ੍ਹ ਪਰਚੱਲਤ ਹੈ, ਇਸ ਵਿਚ ਤੇ ਅਸਲੀ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਬਹੁਤ ਭੇਦ ਹੈ। ਸਿੱਖਾਂ ਨੇ ‘ਪੁਰਾਤਨ ਜਨਮ ਸਾਖੀ’ ਨੂੰ ਤਾਂ ਭੁਲਾ ਦਿੱਤਾ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਕੱਢ ਕੇ ਬਾਕੀ ਸਾਰੀ ਨੂੰ ਪ੍ਰਵਾਨ ਕਰ ਲਿਆ ਹੈ। ਜੇ ਕਰ ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਲਿਖਣ ਵਾਲਾ ਕੋਈ ਹੰਦਾਲੀਆ ਹੈ ਅਤੇ ਜੇ ਕਰ ਬਾਬਾ ਹੰਦਾਲ ਜੀ ਦੇ ਪੁੱਤਰ ਦੀਆਂ ਪਰਚੀਆਂ ਤੇ ਇਸ ਜਨਮ ਸਾਖੀ ਨੂੰ ਰਲਾ ਕੇ ਪੜ੍ਹਿਆ ਜਾਵੇ ਤਾਂ ਸਾਫ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਸਾਖੀਆਂ ਇਕ ਹੀ ਕਲਮ ਦੀਆਂ ਲਿਖੀਆਂ ਹੋਈਆਂ ਹਨ, ਜਿਸ ਦਾ ਅੰਤਰੀਵ ਭਾਵ ਸਤਿਗੁਰੂ ਜੀ ਨੂੰ ਛੋਟਾ ਤੇ ਬਾਬਾ ਹੰਦਾਲ ਨੂੰ ਵੱਡਾ ਸਿਧ ਕਰਨਾ ਸੀ।
ਇਸ ਲਈ ਕਿ ਇਹ ਜਨਮ ਸਾਖੀ ਸਿੱਖਾਂ ਵਿਚ ਸਹਿਜ ਨਾਲ ਪ੍ਰਚਲੱਤ ਹੋ ਸਕੇ, ਇਸ ਦਾ ਕਰਤਾ ਭਾਈ ਬਾਲਾ ਬਣਾਇਆ ਗਿਆ, ਜਿਸ ਨੂੰ ਸਤਿਗੁਰੂ ਜੀ ਦਾ ਸਾਥੀ ਬਣਾ ਕੇ ਵਧੀਕ ਪਰਮਾਣੀਕ ਬਨਾਉਣ ਦਾ ਜਤਨ ਕੀਤਾ ਗਿਆ, ਪਰ ਅਸਲ ਗੱਲ ਇਹ ਹੈ ਕਿ ਭਾਈ ਬਾਲਾ ਕੋਈ ਹੋਇਆ ਹੀ ਨਹੀਂ।
ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿਚ ਉਨ੍ਹਾਂ ਸਭ ਸਿੱਖਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਦਾ ਕਿਸੇ ਨਾ ਕਿਸੇ ਪਾਤਸ਼ਾਹੀ ਨਾਲ ਸੰਬੰਧ ਰਿਹਾ ਹੈ। ਸਤਿਗੁਰੂ ਨਾਨਕ ਜੀ ਦੇ ਸਿੱਖਾਂ ਵਿਚੋਂ ਭਾਈ ਮਰਦਾਨੇ ਦਾ ਨਾਮ ਤਾਂ ਆਉਂਦਾ ਹੈ, ਪਰ ਭਾਈ ਬਾਲੇ ਦਾ ਨਾਮ ਕਿਤੇ ਨਹੀਂ ਆਉਂਦਾ। ਜਿਸ ਤੋਂ ਸਿੱਧ ਹੈ ਕਿ ਭਾਈ ਬਾਲਾ ਕੋਈ ਸੀ ਹੀ ਨਹੀਂ। ਇਸੇ ਤਰ੍ਹਾਂ ਕਿਸੇ ਵੀ ਪੁਰਾਣੀ ਲਿਖਤ ਵਿਚ ਭਾਈ ਬਾਲੇ ਦਾ ਨਾਮ ਨਹੀਂ ਆਉਂਦਾ, ਪਰ ਭਾਈ ਮਰਦਾਨੇ ਦਾ ਨਾਮ ਹਰ ਇਕ ਲਿਖਤ ਵਿਚ ਹੈ। ਅਨੋਖੀ ਗੱਲ ਹੈ ਕਿ ਸਤਿਗੁਰੂ ਜੀ ਦਾ ਐਸਾ ਨਿਕਟ ਵਰਤੀ ਸਿੱਖ ਹੋਵੇ ਤੇ ਭਾਈ ਗੁਰਦਾਸ ਜੀ ਜਾਂ ਕਿਸੇ ਪੁਰਾਤਨ ਸਿੱਖ ਨੂੰ ਉਸ ਦਾ ਪਤਾ ਨਾ ਹੋਵੇ।
ਚੂੰਕਿ ਬਾਬਾ ਹੰਦਾਲ ਜੀ ਦੇ ਪੁੱਤਰ ਬਿਧੀ ਚੰਦ ਨੇ ਆਪਣੇ ਪਿਤਾ ਨੂੰ ਸਤਿਗੁਰੂ ਜੀ ਨਾਲੋਂ ਵੱਡਾ ਸਿੱਧ ਕਰਨਾ ਸੀ, ਇਸ ਲਈ ਉਸ ਨੇ ਭਾਈ ਬਾਲੇ ਦਾ ਨਾਮ ਘੜ ਕੇ ਕਈ ਅਯੋਗ ਗੱਲਾਂ ਭਾਈ ਬਾਲੇ ਦੇ ਮੂੰਹੋਂ ਅਖਵਾਈਆਂ ਅਤੇ ਸਤਿਗੁਰੂ ਜੀ ਨੂੰ ਛੋਟਾ ਸਿੱਧ ਕਰਨ ਦੇ ਜਤਨ ਵਿਚ ਹੀ ਆਪ ਦੇ ਪਰਗਟ ਹੋਣ ਦਾ ਮਹੀਨਾ ਕੱਤਕ ਮੰਨਿਆ, ਜੋ ਹਿੰਦੂਆਂ ਵਿਚ ਬੜਾ ਭੈੜਾ ਮਹੀਨਾ ਗਿਣਿਆ ਜਾਂਦਾ ਹੈ। ਇਥੋਂ ਤਕ ਕਿ ਜਿਸ ਤ੍ਰੀਮਤ ਦੇ ਇਸ ਮਹੀਨੇ ਬਾਲਕ ਹੋਵੇ, ਉਸ ਨੂੰ ਘਰੋਂ ਕੱਢ ਦੇਣ ਦਾ ਹੁਕਮ ਹੈ। ਇਸ ਤੋਂ ਲੇਖਕ ਦਾ ਇਹ ਭਾਵ ਸੀ ਕਿ ਸਤਿਗੁਰੂ ਜੀ ਦਾ ਅਵਤਾਰ ਹੋਣਾ ਤਾਂ ਕਿਤੇ ਰਿਹਾ, ਪੈਦਾਇਸ਼ ਦੇ ਲਿਹਾਜ਼ ਨਾਲ ਮਾਮੂਲੀ ਆਦਮੀ ਵੀ ਨਹੀਂ ਸਨ।
ਅਠਾਰਾਂ ਵਰ੍ਹੇ ਹੋਏ ਹਨ ਕਿ ਮੈਂ ‘ਕੱਤਕ ਕਿ ਵਸਾਖ’ ਨਾਮੇ ਇਕ ਪੁਸਤਕ ਲਿਖੀ ਸੀ, ਜਿਸ ਵਿਚ ਮੈਂ ਸਿੱਧ ਕੀਤਾ ਸੀ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਹੰਦਾਲੀਆਂ ਦੀ ਲਿਖੀ ਹੋਈ ਹੈ, ਭਾਈ ਬਾਲਾ ਕੋਈ ਨਹੀਂ ਹੋਇਆ ਅਤੇ ਸਤਿਗੁਰੂ ਨਾਨਕ ਜੀ ਕੱਤਕ ਪੂਰਨਮਾਸ਼ੀ ਨੂੰ ਨਹੀਂ ਸਗੋਂ ਵਸਾਖ ਸੁਦੀ ਤਿੰਨ ਨੂੰ ਪਰਗਟ ਹੋਏ ਸਨ। ਜਿਸ ਸੱਜਣ ਨੇ ਵਿਸਥਾਰ ਨਾਲ ਇਸ ਗੱਲ ਦੀ ਖੋਜ ਕਰਨੀ ਹੋਵੇ, ਉਹ ‘ਕੱਤਕ ਕਿ ਵਸਾਖ’ ਨਾਮੇ ਕਿਤਾਬ ਨੂੰ ਪੜ੍ਹ ਵੇਖੋ।
ਮੁੱਕਦੀ ਗੱਲ ਇਹ ਕਿ ਵਸਾਖ ਸੁਦੀ ੩ ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਪੰਚਮ ਪਾਤਸ਼ਾਹੀ ਜੀ ਦੇ ਸਮੇਂ ਸ਼ੁੱਧ ਮੰਨਿਆ ਜਾਂਦਾ ਸੀ। ਇਹੋ ਤਾਰੀਖ ਪੁਰਾਤਨ ਸਿੱਖਾਂ ਵਿਚ ਪਰਚੱਲਤ ਸੀ। ਕੱਤਕ ਪੂਰਨਮਾਸ਼ੀ ਦਾ ਰਿਵਾਜ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਤੁਰਿਆ, ਜੋ ਹੰਦਾਲੀਆਂ ਦੀ ਲਿਖੀ ਹੋਈ ਤੇ ਹੋਛੇ ਭਾਵ ਨਾਲ ਲਿਖੀ ਹੋਈ ਹੈ। ਇਸ ਲਈ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵਸਾਖ ਸੁਦੀ ਤਿੰਨ ਹੀ ਹੈ, ਕੱਤਕ ਪੂਰਨਮਾਸ਼ੀ ਨਹੀਂ ਹੈ।
{ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ ਪੁਸਤਕ (ਸਿੱਖ ਰਾਜ ਪੂਰਬਲਾ ਸਮਾਂ) ਭਾਗ ੧ ਵਿੱਚੋਂ – ਸੰਪਾਦਕ ਹੀਰਾ ਸਿੰਘ ਦਰਦ}
**********
The Sikhs need to correct the misunderstanding created by Bhai Bala Janamsakhi, which was created for a different purpose, as has been explained in the note. It is necessary to create awareness among Sikhs about the reality.