Waheguru Ji da Khalsa
Waheguru Ji di Fateh
ਕੀ ਸਿੱਖੀ ਵਿੱਚ ਚਮਤਕਾਰ ਨੂੰ ਮੰਨਿਆ ਜਾਂਦਾ ਹੈ? ਪੰਨਾ 1165
ਮੇਰੀ ਹੁਣ ਤੱਕ ਦੀ ਸਮਝ ਇਹ ਰਹੀ ਹੈ ਕਿ ਚਮਤਕਾਰ ਵਹਿਮੀ-ਭਰਮੀ ਠੱਗ ਲੋਕਾਂ ਦਾ ਫੈਲਾਇਆ ਇੱਕ ਜਾਲ ਹੈ,
ਰੱਬ ਕਿਸੇ ਕੰਮ ਨੂੰ ਅਸਾਨ ਕਰ ਸਕਦਾ ਹੈ, ਪਰ ਖੁਦ ਪ੍ਰਗਟ ਨਹੀਂ ਹੁੰਦਾ ਯਾ ਚਮਤਕਾਰ ਨਹੀਂ ਕਰਦਾ।
ਪਰ ਪੰਨਾ 1165 ੳੱਤੇ ਲਿਖੀ ਸਾਖੀ, ਇਸ ਗੱਲ ਨੂੰ ਪੂਰਨ ਤੌਰ ‘ਤੇ ਝੁਠਲਾ ਦਿੰਦੀ ਹੈ।
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥……..
……..ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥…….
ਜਿੰਨੇ ਵੀ ਅਵਤਾਰੀ ਰੂਪਾ ਦਾ ਵੇਦਾਂ ਗਰੰਥਾਂ ਵਿੱਚ ਜ਼ਿਕਰ ਆੳਂਦਾ ਹੈ, ਸਭ ਦਾ ਕੁੱਖ ਵਿੱਚ ਜਨਮ ਹੋਇਆ ਦੱਸਿਆ ਜਾਂਦਾ ਹੈ, ਪਰ ਇਹ ਪ੍ਰਗਟ ਹੋਣ ਵਾਲੀ ਗੱਲ ਬਿਲਕੁਲ ਉਲਟ ਹੈ।
ਜੇ ਚਮਤਕਾਰ ਸੱਚ ਹੈ, ਫ਼ਿਰ ਇਹ ਮੇਰੇ ਮਸਤਕ ਲਈ ਬਹੁਤ ਵੱਡੀ ੳਲਝਣ ਤਾਣੀ ਹੈ, ਕਿਉਂਕਿ ਇਹ ਬਾਕੀ ਸਭ ਕੁਝ ਦੇ ਵਿਰੋਦੀ ਚਲਦੀ ਹੈ ਅਤੇ ਇਤਿਹਾਸਿਕ ਲੋਕ ਕਥਾਂਵਾਂ ਅਤੇ ਸਾਖ਼ੀਆਂ ਦੇ ਸੱਚ-ਝੂਠ ਦੀ ਲਕੀਰ ਨੂੰ ਹੋਰ ਵੀ ਫ਼ਿੱਕਾ ਕਰਦੀ ਹੈ
ਕਿਰਪਾ ਕਰਕੇ ਚਾਨਣਾ ਪਾਉ ਜੀ।
ਧੰਨਵਾਦ

ਜੀਤ ਜੀ, ਸਿੱਖੀ ਚਮਤਕਾਰਾਂ ਨੂੰ ਨਹੀਂ ਮੰਨਦੀ। ਤੁਹਾਨੂੰ ਬੇਨਤੀ ਹੈ ਕਿ ਇਸ ਸ਼ਬਦ ਦੇ ਅਰਥ ਤੇ ਇਸੇ ਰਾਗ ਵਿਚ ਨਾਮਦੇਵ ਜੀ ਦੇ ਆਖਰੀ ਸ਼ਬਦ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’, ਜੋ ਕਿ ਤੁਸੀਂ ਗੂਗਲ ਪਲੇਅ ਤੋਂ ਡਾਊਨਲੋਡ ਕਰ ਸਕਦੇ ਹੋ, ਵਿਚ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ। ਸਾਰੀ ਗੱਲ ਸਪੱਸ਼ਟ ਹੋ ਜਾਵੇਗੀ।
ਸਤਿਕਾਰ ਯੋਗ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਕਿਸੇ ਚਿੱਟੇ ਕਾਲੇ ਜਾਦੂ, ਚਮਤਕਾਰਾਂ, ਟੂਣਿਆਂ ਆਦਿ ਵਿਚ ਵਿਸ਼ਵਾਸ ਨਹੀਂ ਰੱਖਦੀ ਹੈ ਬਲਕਿ ਹੁਕਮ/ਰਜ਼ਾ/ਭਾਣੇ ਵਿਚ ਰਹਿਣਾ ਸਿਖਾਉਂਦੀ ਹੈ, ਜੋ ਕਿ ਹੇਠਾਂ ਦਿੱਤੀ ਪਉੜੀ ਤੇ ਉਸ ਦੇ ਅਰਥਾਂ ਤੋਂ ਸਪੱਸ਼ਟ ਹੈ:-
ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ {ਪੰਨਾ 523}
ਅਰਥ: (ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ। ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।
ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ।੧੮।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਿਖਾ ਰਹੇ ਹਨ ਕਿ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਹਰ ਤਰ੍ਹਾਂ ਦੀ ਭਟਕਣਾ ਅਤੇ ਡਰ ਨੂੰ ਦੂਰ ਕਰਨਾ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਰਹਿ ਗਈ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਹਾਂਜੀ ਕੁਲਵਿੰਦਰ ਸਿੰਘ ਜੀ ਮੈਂ ਇਸ ਨਾਲ ਸਹਿਮਤ ਹਾਂ, ਕਿਰਪਾ ਕਰਕੇ ਉੱਪਰ ਵਾਲਾ reply ਪੜੋ ਜੀ
ਹਾਂਜੀ ਇਹ screenshot ਵੀ ਇਸੀ website ਦਾ ਹੈ
ਪਰ ਇਸ ਵਿੱਚ ਇਹ ਹੀ ਦੱਸਿਆ ਹੈ ਕਿ:
” ਜੇ ਗਾਂ ਨਾ ਜਿਉਂਦੀ ਹੁੰਦੀ ਤਾਂ ਲੋਕਾਂ ਦਾ ਇਤਬਾਰ ਨਾਮਦੇਵ ਜੀ ਤੋਂ ਉੱਠ ਜਾਣਾ ਸੀ”
ਅਤੇ ਅੱਗੇ ਕਹਿੰਦੇ ਹਨ ਕਿ:
“ਇਹ ਸੋਭਾ ਸੁਣ ਕੇ ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ (ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ”
ਇਸ ਤੋਂ ਤਾਂ ਇਹ ਹੀ ਸਪਸ਼ਟ ਹੁੰਦਾ ਹੈ ਕੀ ਗਊ ਜਿਉਂਦੀ ਹੋਈ ਹੈ
ਮੈਨੂੰ ਦੁਵਿਧਾ ਇਸੀ ਗੱਲ ਦੀ ਹੈ ਕਿ ਬਾਕੀ ਸਾਰੀ ਗੁਰਬਾਣੀ ਵਿੱਚ ਜੋ ਲਿਖਿਆ ਹੈ ਇਹ ਸਾਖ਼ੀ ਉਸ ਦਾ ਖ਼ੰਡਣ ਕਿਉਂ ਕਰਦੀ ਹੈ
ਇਸ ਬਾਰੇ ਵਿਸਥਾਰ ਵਿੱਚ ਵਿਚਾਰ ਹੋਣਾ ਜ਼ਰੂਰੀ ਹੈ
ਜੀਤ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਸ਼ਬਦ ਦੇ ਅਰਥਾਂ ਨੂੰ ਬਿਆਨ ਕਰਦੇ ਹੋਏ ਹੇਠਾਂ ਦਿੱਤੇ ਹੋਏ ਦੋ ਨੋਟ ਦਿੱਤੇ ਹਨ ਤੇ ਸਬਦ ਦਾ ਭਾਵ ਵੀ ਦਿੱਤਾ ਹੈ:-
ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: 6 ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ “ਭਗਤ ਜਨਾਂ” ਆਏ ਹਨ, ਇੱਥੇ ਭੀ ਬੰਦ ਨੰ: 27 ਵਿਚ ਇਹੀ ਲਫ਼ਜ਼ ਹਨ। ਦੋਹੀਂ ਥਾਈਂ ਨਾਮਦੇਵ ਜੀ ਆਪਣੀ ਹੱਡ-ਬੀਤੀ ਸੁਣਾ ਕੇ ਆਮ ਅਸੂਲ ਦੀ ਗੱਲ ਸੁਣਾਉਂਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ।
ਨੋਟ: ਬੰਦ ਨੰ: 14, 15, 16 ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਞ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਹੀ ਰਾਗ ਦੇ ਅਖ਼ੀਰਲੇ ਸ਼ਬਦ ਵਿਚ ਵੇਖੋ, ਪਰਮਾਤਮਾ ਨੂੰ “ਅਬਦਾਲੀ” ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ “ਕਲੰਦਰ, ਅਬਦਾਲੀ” ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿਚ ਯਾਦ ਕਰਦੇ ਹਨ।
ਸ਼ਬਦ ਦਾ ਭਾਵ: ਸਿਮਰਨ ਕਰਨ ਵਾਲਿਆਂ ਨੂੰ ਕੋਈ ਡਰ ਪੋਹ ਨਹੀਂ ਸਕਦਾ।
ਸਾਨੂੰ ਮਿਥਿਹਾਸਕ ਕਹਾਣੀਆਂ ਵਲ ਧਿਆਨ ਨਾਂਹ ਦੇ ਕੇ ਸ਼ਬਦ ਦੇ ਭਾਵ ਵਲ ਧਿਆਨ ਦੇਣਾ ਹੈ ਕਿ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਹੋਇਆ ਮਨੁੱਖ ਨਿਰਭਉ ਹੈ ਤੇ ਉਸ ਨੂੰ ਕੋਈ ਵੀ ਡਰ ਪੋਹ ਨਹੀਂ ਸਕਦਾ। ਜੋ ਦਾਸ ਨੇ ਤੁਹਾਨੂੰ ਦੂਸਰਾ ਉੱਤਰ ਭੇਜਿਆ ਹੈ ਉਸ ਵਿਚ ਵੀ ਗੁਰੂ ਸਾਹਿਬ ਸਮਝਾਉਂਦੇ ਹਨ ‘ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ॥’ ਅਰਥਾਤ ਅਕਾਲਪੁਰਖ ਨਾਲ ਜੁੜ ਕੇ ਹਰ ਤਰ੍ਹਾਂ ਦੇ ਭਰਮ ਤੇ ਡਰ ਛੱਡਣੇ ਹਨ। ਗੁਰਬਾਣੀ ਵਿਚ ਸਮਝਾਉਣ ਵਾਸਤੇ ਬਹੁਤ ਸਾਰੀਆਂ ਪ੍ਰਚਲਿਤ ਮਿਥਿਹਾਸਕ ਕਹਾਣੀਆਂ ਦੱਸੀਆਂ ਗਈਆਂ ਹਨ ਪਰ ਅਸੀਂ ਧਿਆਨ ਇਹ ਕਰਨਾ ਹੈ ਕਿ ਗੁਰੂ ਸਾਹਿਬ ਸਮਝਾ ਕੀ ਰਹੇ ਹਨ।
ਅਸੀਂ ਅੱਗੇ ਹੋਰ ਵਿਚਾਰ ਕਰ ਸਕਦੇ ਹਾਂ ਜੀ।
ੴ