Do all we do is predetermined ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਭੈਣ ਅਮਨਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਅਸੀਂ ਸਾਰੇ ਉਹ ਕੁੱਝ ਕਰਦੇ ਹਾਂ ਜੋ ਕੁੱਝ ਪਹਿਲਾਂ ਤੋਂ ਲਿੱਖਿਆ ਹੋਇਆ ਹੈ ?
ਦਾਸ ਦੀ ਸਮਝ ਅਨੁਸਾਰ ਸਿੱਖੀ ਵਿਚ ਇਸੇ ਜਨਮ ਦੀ ‘ਕਰਣੀ ਅਰਥਾਤ ਕਰਮ’ ਪ੍ਰਧਾਨ ਹੈ ਕਿਉਂਕਿ ਗੁਰੂ ਸਾਹਿਬ ਜਪੁ ਬਾਣੀ ਵਿਚ ਉਪਦੇਸ਼ ਦਿੰਦੇ ਹਨ ‘ਆਪੇ ਬੀਜਿ ਆਪੇ ਹੀ ਖਾਹੁ’ ਅਰਥਾਤ ‘ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ’।
ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਪੰਨਾ 134)
ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)
ਹੋਰ ਅੱਗੇ ਗੁਰੂ ਸਾਹਿਬ ਦਾ ਫੁਰਮਾਨ ਹੈ:-
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}
ਅਰਥ: (ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।
ਗੁਰੂ ਸਾਹਿਬ ਦੇ ਇਨ੍ਹਾਂ ਉਪਦੇਸ਼ਾਂ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਮਨੁੱਖ/ਸਿੱਖ ਨੇ ਆਪਣੇ ਕੀਤੇ ਕਰਮਾਂ ਦਾ ਫ਼ਲ਼ ਪਾਉਣਾ ਹੈ। ਅਕਾਲਪੁਰਖ ਨੇ ਆਪਣੀ ਮਿਹਰ ਸਦਕਾ ਮਨੁੱਖ/ਸਿੱਖ ਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ। ਇਹ ਹੁਣ ਮਨੁੱਖ/ਸਿੱਖ ਦੇ ਉੱਪਰ ਹੈ ਕਿ ਉਹ ਕੀ ਸੋਚਦਾ ਹੈ ਤੇ ਕੀ ਕਰਦਾ ਹੈ।
ਇਸ ਲਈ ਦਾਸ ਦੀ ਸਮਝ ਅਨੁਸਾਰ ਅਸੀਂ ਸਾਰੇ ਉਹ ਕੁੱਝ ਨਹੀਂ ਕਰਦੇ ਜੋ ਕੁੱਝ ਪਹਿਲਾਂ ਤੋਂ ਹੀ ਲਿੱਖਿਆ ਹੋਇਆ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਭੈਣ ਅਮਨਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪਣੀ ਗੱਲ ਨੂੰ ਅੱਗੇ ਤੋਰਦਿਆਂ ਦਾਸ ਤੁਹਾਨੂੰ ਬੇਨਤੀ ਕਰਦਾ ਹੈ ਕਿ ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨਿਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨਿਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨਿਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।
ਇਸ ਦਾ ਭਾਵ ਇਹ ਹੀ ਹੈ ਕਿ ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰਭੂ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ)।
ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ।
ਇਸੇ ਤਰ੍ਹਾਂ ਅਸੀਂ ਵੀ ਗੁਰਸ਼ਬਦ ਦੀ ਰੋਸ਼ਨੀ ਵਿਚ ਆਪਣੇ ਜੀਵਨ ਨੂੰ ਬਦਲਣ ਦਾ ਉਪਰਾਲਾ ਕਰ ਸਕਦੇ ਹਾਂ ਤੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਮੰਦੇ ਸੰਸਕਾਰ ਗ੍ਰਹਿਣ ਕੀਤੇ ਹਨ, ਉਹ ਮਿਟਾ ਕੇ ਇਸੇ ਜੀਵਨ ਵਿਚ ਜੀਵਨ ਮੁਕਤ ਹੋ ਸਕਦੇ ਹਾਂ ਕਿਉਂਕਿ ਮਰ ਕੇ ਮੁਕਤ ਹੋਣਾ ਸਿੱਖੀ ਸਿਧਾਂਤ ਨਹੀਂ ਹੈ।
ਆਦਰ ਸਹਿਤ,
ਆਪ ਦਾ ਵੀਰ