How do you handle situations where family members who are not Sikhs express racism or prejudice towards you or Sikhi?
How do you handle situations where family members who are not Sikhs express racism or prejudice towards you or Sikhi?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਫਰੀਦ ਜੀ ਆਪਣੇ ਸਲੋਕ ਵਿਚ ਸਿੱਖਿਆ ਦਿੰਦੇ ਹਨ ਕਿ ਜੋ ਤੁਹਾਡੇ ਨਾਲ ਬੁਰਾ ਕਰਦਾ ਹੈ, ਉਸ ਦਾ ਵੀ ਭਲਾ ਕਰੋ, ਜੋ ਕਿ ਇੱਕ ਚੰਗਾ ਗੁਣ ਹੈ ਤੇ ਇਸ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ:-
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ {ਪੰਨਾ 1382}
ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ।
ਅੱਗੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਸਮਝਾ ਰਹੇ ਹਨ ਕਿ ਸਾਧ ਸੰਗਤ ਦੀ ਬਰਕਤ ਨਾਲ ਮੈਨੂੰ ਕੋਈ ਵੈਰੀ ਨਹੀਂ ਦਿੱਸਦਾ ਕਿਉਂਕਿ ਸਾਰੇ ਜੀਅ ਪਰਮਾਤਮਾ ਦੇ ਆਪਣੇ ਬਣਾਏ ਹੋਏ ਹਨ:-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ (ਪੰਨਾ 671)
ਅਰਥ: (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ) , ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ। ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ।੨।
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ। ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ।੩।
ਹੋਰ ਅੱਗੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਇਹ ਹੀ ਸਮਝਾਉਂਦੇ ਹਨ ਕਿ ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ:-
ਕਾਨੜਾ ਮਹਲਾ ੫ ॥ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ {ਪੰਨਾ 1299}
ਅਰਥ: ਹੇ ਭਾਈ! ਜਦੋਂ ਤੋਂ ਮੈਂ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, (ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ।1। ਰਹਾਉ।
ਹੇ ਭਾਈ! (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।1।
ਹੇ ਭਾਈ! (ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ।2।
ਹੇ ਨਾਨਕ! (ਆਖ– ਜਦੋਂ ਤੋਂ ਸਾਧ ਸੰਗਤਿ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ।3।8।
ਇਸ ਲਈ ਗੁਰੂ ਸਾਹਿਬ ਗੁਰਬਾਣੀ ਅਨੁਸਾਰ ਸਾਧ ਸੰਗਤ ਵਿਚ ਗੁਣ ਲੈਣ ਦੀ ਸਿੱਖਿਆ ਦਿੰਦੇ ਹਨ ਤੇ ਮੇਰ-ਤੇਰ ਮਿਟਾ ਕੇ, ਵੈਰ ਵਿਰੋਧ ਛੱਡ ਕੇ ਸਾਰਿਆਂ ਨੂੰ ਆਪਣੇ ਬਣਾਉਣ/ਸਮਝਣ ਦਾ ਉਪਦੇਸ਼ ਦਿੰਦੇ ਹਨ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ