Mantri Bhoop Samwad! Stories of erotica and deceit by women. Is it true that Guru Gobind Singh wrote and/or compiled them? If yes, then why would Guru Nanak lift women to equals and the 10th jyot Guru demean women in such a way? Also, to teach us that women can be devious, would Guru Ji really illustrate the gross sexual acts described in Bachittar Natak? Kamasutra existed already why would the janak of Khalsa pen down such thoughts?
Share
ਸਤਿਕਾਰ ਯੋਗ ਸਿੰਘ ਸਾਹਿਬ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
੧. ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਬਚਿੱਤਰ ਨਾਟਕ ਦੇ ਹੁਣ ਤੱਕ ਇਹ ਨਾਮ ਬਦਲੇ ਜਾ ਚੁੱਕੇ ਹਨ:
੧. ਬਚਿੱਤਰ ਨਾਟਕ ਗ੍ਰੰਥ
੨. ਸਮੁੰਦਰ ਸਾਗਰ ਗ੍ਰੰਥ
੩. ਵਿਦਿਆ ਸਾਗਰ ਗ੍ਰੰਥ
੪. ਦਸਮ ਗ੍ਰੰਥ
੫. ਦਸਮ ਪਾਤਸ਼ਾਹ ਕਾ ਗ੍ਰੰਥ
੬. ਸ੍ਰੀ ਦਸਮ ਗ੍ਰੰਥ ਸਾਹਿਬ
੭. ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ
੨. ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਦੇਵ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਜੀ ਨਾਲ ਹੋਇਆ।
੩. ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਦਸ ਪੋਥੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਤੋਂ ਬਾਅਦ ਦੱਸਵੀਂ ਪੋਥੀ ਵਿਚ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ। ਇਸ ਵਿਚ ‘ਕਰਮ’ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਉਹ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਰਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ, ਆਪਾ-ਭਾਵ ਮਿਟਾਣਾ, ਗੁਰੂ ਦੀ ਸਰਨ ਪੈਣਾ’ ।”
੪. ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ। ਦਾਸ ਦੀ ਸਮਝ ਅਨੁਸਾਰ ਇਹ ਹੀ ਸੀ ਦੋਵਾਂ ਗੁਰੂਆਂ ਦਾ ਪਿਛਲਾ ਜਨਮ, ਜੋ ਉਨ੍ਹਾਂ ਨੇ ਮਿਟਾ ਦਿੱਤਾ, ਤੇ ਗੁਰੂ ਦੇ ਘਰ ਵਿਚ ਨਵਾਂ ਜਨਮ ਲੈ ਲਿਆ।
੫. ਬਚਿੱਤਰ ਨਾਟਕ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਛਲੇ ਸਰੀਰਕ ਜਨਮ ਦੀ ਮਨਘੜਤ ਕਹਾਣੀ ਨਾਲ ਸਬੰਧਤ ਹੈ, ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉੱਤਰਦੀ। ਇਹ ਇਸ ਲਈ, ਕਿਉਂਕਿ ਗੁਰਬਾਣੀ ਸਰੀਰਕ ਅੱਗਲੇ ਪਿੱਛਲੇ ਜਨਮ ਨੂੰ ਮੰਨਦੀ ਹੀ ਨਹੀਂ ਹੈ। ਸਾਰੀ ਬਾਣੀ ਮਨ ਨੂੰ ਸੰਬੋਧਿਤ ਹੈ ਤੇ ਮਾਇਆ ਵਿਚ ਫ਼ਸ ਕੇ ਮਨ ਨੇ ਪਲ਼-ਪਲ਼, ਛਿਨ-ਛਿਨ ਜੂਨਾਂ ਵਿਚ ਪੈਂਦੇ ਰਹਿਣਾ ਹੈ। ਇਸ ਲਈ ਸਿੱਖੀ ਦਾ ਬਚਿੱਤਰ ਨਾਟਕ ਗ੍ਰੰਥ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੈ। ਇਹ ਸਿਰਫ਼ ਤੇ ਸਿਰਫ਼ ਇੱਕ ਕਹਾਣੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ।
੬. ਬਚਿੱਤਰ ਨਾਟਕ ਗ੍ਰੰਥ ਵਿਚ ਲਿਖਿਆ ਤ੍ਰਿਆ ਚਰਿੱਤਰ ਤੇ ਹੋਰ ਲਿਖਤਾਂ ਗਰੂ ਗੋਬਿੰਦ ਸਿੰਘ ਦੁਆਰਾ ਲਿਖੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਿਰਫ਼ ਤੇ ਸਿਰਫ਼ ਪੰਥ ਦੋਖੀਆਂ ਵਲੋਂ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਸਥਾਪਤ ਕਰਨ ਦਾ ਇੱਕ ਸਾਧਨ ਹੈ, ਜਿਸ ਦੀ ਕੋਸ਼ਿਸ਼ ਵਿਚ ਉਹ ਬਹੁਤ ਸਮੇਂ ਤੋਂ ਲੱਗੇ ਹੋਏ ਹਨ ਤੇ ਸਿੱਖਾਂ ਦੀ ਅਗਿਆਨਤਾ ਕਰਕੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋ ਗਏ ਹਨ।
੭. ਸਿੱਖਾਂ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਤੂਬਰ,1708 ਵਿਚ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ ਨਾਂਹ ਕਿਸੇ ਹੋਰ ਗ੍ਰੰਥ ਨੂੰ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਹੀ ਗੁਰਬਾਣੀ ਹੈ। ਹੋਰ ਕੋਈ ਵੀ ਨਹੀਂ।
੮. ਗੁਰੂ ਗ੍ਰੰਥ ਸਾਹਿਬ ਵਿਚ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੀ ਬਾਣੀ ਅਨੰਦੁ ਸਾਹਿਬ ਦੀਆਂ ਦੋ ਪਉੜੀਆਂ ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹੈ, ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਸਚੀ ਬਾਣੀ ਤੇ ਕਚੀ ਬਾਣੀ ਬਾਰੇ ਪੂਰਾ ਪੂਰਾ ਸਪੱਸ਼ਟ ਕਰ ਦਿੱਤਾ ਹੈ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ {ਪੰਨਾ 920}
ਅਰਥ: ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ। ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ। ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।
(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।
ਨਾਨਕ ਆਖਦਾ ਹੈ– (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) । 23।
ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।
———————-
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
ਅਰਥ: ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।
ਨਾਨਕ ਆਖਦਾ ਹੈ– ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ। 24।
ਭਾਵ: ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਅਨੁਸਾਰ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ, ਜਿਸ ਨੂੰ ਮਨ ਵਿਚ ਵਸਾਉਣ ਅਤੇ ਉਸ ਤੋਂ ਮਿਲੀ ਸਿੱਖਿਆ ਉੱਪਰ ਚੱਲਣ ਨਾਲ ਆਤਮਿਕ ਆਨੰਦ ਮਿਲਦਾ ਹੈ, ਉਹ ਸਚੀ ਬਾਣੀ ਹੈ।
ਕਚੀ ਬਾਣੀ ਬਾਰੇ ਗੁਰੂ ਸਾਹਿਬ ਦੀ ਸਿੱਖਿਆ ਇਹ ਹੈ ਕਿ ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ ਤੇ ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਇਹੋ ਜਿਹੀ ਬਾਣੀ ਪੜ੍ਹਨ ਵਾਲੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਨਾ ਤਾਂ ਦੂਰ ਰਿਹਾ, ਉਸ ਬਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ।
ਆਸ ਹੈ ਕਿ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਸੋਹਣਾ ਜਵਾਬ ਦਿੱਤਾ ਵੀਰ। ਇਹ ਭਰਮ ਜੇ ਪਾਇਆ ਹੈ ਤਾਂ ਦੂਰ ਕਰਨਾ ਵੀ ਸਾਡੇ ਆਗੂਆਂ ਦੀ ਜਿੰਮੇਵਾਰੀ ਬਣਦੀ ਐ। ਅਸੀਂ ਐਸਾ ਕੂੜ ਆਪਣੇ ਗੁਰੂ ਦੇ ਨਾਂ ਲੱਗਦਾ ਦੇਖ ਰਹੇ ਆਂ ਬੱਸ। ਨਿਹੰਗ ਜੱਥੇ ਆਦਿ ਗ੍ਰੰਥ ਨੂੰ ਗੁਰੂ ਮੰਨਣ ਤੋ ਰੋਕ ਰਹੇ ਨੇ। ਦਸਮ ਦੀ ਕਥਾ ਕੋਈ ਗੈਰਤ ਆਲਾ ਆਪਣੀ ਧੀ ਭੈਣ ਮੂਹਰੇ ਕਰ ਕੇ ਦਿਖਾਵੇ ਕਦੇ। ਅਖੌਤੀ ਬਾਬੇ ਇਸ ਦੀ ਕਥਾ ਦਾ ਭੋਗ ਸਾਡੇ ਗੁਰੂ ਦੀ ਹਜ਼ੂਰੀ ਚ ਸਾਡੇ ਇਤਿਹਾਸਕ ਗੁਰਧਾਮਾਂ ਤੇ ਕਰ ਰਹੇ ਨੇ, ਕੋਈ ਨਹੀ ਬੋਲਦਾ। ਇਸ ਗ੍ਰੰਥ ਨੂੰ ਤਾਂ ਕੀ ਕਰਨਾ, ਸਾਨੂੰ ਘੱਟੋ ਘੱਟ ਗੁਰੂ ਸਾਹਿਬ ਦੇ ਸਿਰ ਲੱਗਣ ਤੋ ਤਾਂ ਇਨਕਾਰੀ ਹੋਣਾ ਚਾਹੀਦਾ। ਤੁਹਾਡਾ ਜਵਾਬ ਮੈਂ ਹੁਣ ਇਸ ਪ੍ਰਸ਼ਨ ਕੀਤੇ ਜਾਣ ਤੇ ਗਰਵ ਨਾਲ ਦਿਖਾਵਾਂਗਾ। 🫡🙏🏻