Can someone explain the stages of meditation in Sikhism, like Baikhri Bani, Pra Bani, and Madma? I've heard about them but don't fully understand. Can you please help?
Can someone explain the stages of meditation in Sikhism, like Baikhri Bani, Pra Bani, and Madma? I've heard about them but don't fully understand. Can you please help?
Share
In my opinion these are the stages.
1 Realization of the spiritual purpose of life.
2 Gaining knowledge of the spirituality of SGGSJI.
3 Understanding the spiritual message,
4 Internalizing the message, Becoming SACHIARA.,
5 Living the wisdom, spirituality of SGGSJI.
ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਨੂੰ ਤੁਹਾਡੇ ਸਵਾਲ ਵਿਚ, ਜਿਸ ਵਿਸ਼ੇ ਬਾਰੇ ਵਿਚਾਰ ਮੰਗੀ ਗਈ ਹੈ, ਬਾਰੇ ਗਿਆਨ ਨਹੀਂ ਹੈ ਤੇ ਜੋ ਸੂਚਨਾ ਇੰਟਰਨੈੱਟ ਤੇ ਮਿੱਲੀ ਹੈ, ਉਸ ਅਨੁਸਾਰ ਪੁਰਾਤਨ ਤਰੀਕੇ ਨਾਲ ਬਾਣੀ ਦੀ ਵੰਡ ਇਉਂ ਕੀਤੀ ਜਾਂਦੀ ਹੈ:-
1. ਪਰਾ – ਉਹ ਬਾਣੀ ਜੋ ਨਾਭੀ ਦੇ ਹੇਠੋਂ ਉੱਠੇ;
2. ਪਸੰਤੀ – ਉਹ ਬਾਣੀ ਜੋ ਨਾਭੀ ਤੋਂ ਉੱਠੇ;
3. ਮਧਮਾ – ਉਹ ਬਾਣੀ ਜੋ ਹਿਰਦੇ ਤੋਂ ਉੱਠੇ;
4. ਬੈਖਰੀ – ਉਹ ਬਾਣੀ ਜੋ ਮੂੰਹ ਤੋਂ ਉੱਠੇ।
ਪਰ ਇਸ ਵੰਡ ਬਾਰੇ ਮਤਭੇਦ ਹਨ। ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਮੂਲਾਧਾਰ ((ਗੁਦਾ ਮੰਡਲ ਦਾ ਚੱਕਰ) ਵਿਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰਾ ਤੋਂ ਉੱਠ ਕੇ ਹ੍ਰਿਦੇ ਵਿਚ ਆਇਆ ਸ਼ਬਦ ਪਸੰਤੀ ਜਾਂ ਪਸਯੰਤੀ, ਹ੍ਰਿਦੇ ਤੋਂ ਕੰਠ ਵਿਚ ਆਇਆ ਸ਼ਬਦ ਮਧਮਾ ਜਾਂ ਮਧਯਮਾ, ਮੁੱਖ ਤੋਂ ਉਚਾਰਣ ਹੋਇਆ ਸ਼ਬਦ ਬੈਖਰੀ ਜਾਂ ਵੈਖਰੀ ਬਾਣੀ ਹੈ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਸੋਈ ਬਾਣੀ ਵਿਸੇਖ (ਵਿਸ਼ੇਸ਼, ਉਚੇਚੀ) ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ’।
ਇਸ ਵਿਸ਼ੇ ਤੇ ਕੁੱਝ ਹੋਰ ਵਿਚਾਰ ਲਈ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ :-
http://gmbhirsays.blogspot.com/2017/02/blog-post_15.html?m=1
ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 839 ਤੇ ਪਹਿਲੇ ਸਰੀਰ, ਗੁਰੂ ਨਾਨਕ ਸਾਹਿਬ ਦੀ ਬਾਣੀ ਥਿਤੀ ਵਿਚ ਇੱਕ ਪੰਕਤੀ ਹੈ ‘ਖਾਣੀ ਚਾਰੇ ਬਾਣੀ ਭੇਦਾ॥’ ਜਿਸ ਦੇ ਪਦ ਅਰਥ ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਹੇਠ ਲਿੱਖੇ ਹਨ:-
ਖਾਣੀ ਚਾਰੇ = ਜਗਤ = ਉਤਪੱਤੀ ਦੀਆਂ ਚਾਰ ਖਾਣਾਂ (ਅੰਡਜ, ਜੇਰਜ, ਉਤਭੁਜ, ਸੇਤਜ) । ਬਾਣੀ ਭੇਦਾ = ਵਖ ਵਖ ਬੋਲੀਆਂ।
ਅੱਗੇ ਦਾਸ ਭਗਤ ਕਬੀਰ ਜੀ ਦਾ ਗਉੜੀ ਰਾਗ ਵਿਚ ਇੱਕ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 333 ਤੇ ਸੁਸ਼ੋਭਿਤ ਹੈ, ਉਸ ਦੇ ਪਦ ਅਰਥ ਤੇ ਅਰਥ ਹੇਠਾਂ ਦਿੱਤੇ ਹਨ ਜੀ:-
ਤੁਸੀਂ ਦੇਖ ਸਕਦੇ ਹੋ ਕਿ ਇਸ ਸ਼ਬਦ ਵਿਚ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਗੁਰੂ ਦੀ ਸ਼ਰਨ ਆ ਕੇ ਮਨ ਨੂੰ ਮਾਇਆ ਵਲੋਂ ਰੋਕਣ ਵਾਲੇ ਮਨੁੱਖ ਦੇ (ਜੋਗੀਆਂ ਦੇ) ਛੇ ਚੱਕ੍ਰ ਵਿੱਝ ਗਏ ਸਮਝੋ ਅਰਥਾਤ ਇਨ੍ਹਾਂ ਛੇ ਚੱਕ੍ਰਾਂ ਨੂੰ ਵਿੰਨ੍ਹਣ ਦੀ ਲੋੜ ਹੀ ਨਹੀਂ ਹੈ। ਬਲਕਿ ਇਸ ਚੱਕਰ ਵਿਚ ਪੈਣ ਦੀ ਬਜਾਏ ਮਨ ਨੂੰ ਵਿਕਾਰਾਂ ਵਲੋਂ ਹਟਾ ਕੇ ਅਕਾਲਪੁਰਖ ਨਾਲ ਜੁੜਨਾ ਹੈ।
ਉੱਪਰ ਦਿੱਤੀ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਹੋਰ ਹੋਰ ਚੱਕਰਾਂ ਵਿਚ ਨਾਂਹ ਫੱਸ ਕੇ ਮਨੁੱਖ ਨੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚਣਾ ਹੈ ਤੇ ਇਸ ਜੀਵਨ ਵਿਚ ਹੀ ਆਤਮਿਕ ਤੌਰ ਤੇ ਜੀਵਨ ਮੁਕਤ ਹੋਣ ਦਾ ਉਪਰਾਲਾ ਕਰਨਾ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਗਉੜੀ ਬੈਰਾਗਣਿ ਤਿਪਦੇ॥ ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥ ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥ ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥ ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥ {ਪੰਨਾ 333}
ਪਦ ਅਰਥ: ਉਲਟਤ = ਉਲਟਾਂਦਿਆਂ ਹੀ, ਪਰਤਾਂਦਿਆਂ ਹੀ। ਪਵਨ = ਹਵਾ, (ਮਨ ਦੀ) ਹਵਾ, ਮਨ ਦੀ ਚੰਚਲਤਾ, ਭਟਕਣਾ, ਵਿਕਾਰਾਂ ਵਲ ਦੌੜ। ਖਟੁ = ਛੇ। ਚਕ੍ਰ ਖਟੁ = ਛੇ ਚੱਕਰ {ਜੋਗੀ ਲੋਕ ਸਰੀਰ ਵਿਚ ਛੇ ਚੱਕ੍ਰ ਮੰਨਦੇ ਹਨ– (1) ਮੂਲਾਧਾਰ (ਗੁਦਾ ਮੰਡਲ ਦਾ ਚੱਕਰ) , (2) ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ) , (3) ਮਣਿਪੁਰ ਚੱਕ੍ਰ (ਧੁੰਨੀ ਦੇ ਕੋਲ) , (4) ਅਨਾਹਤ ਚੱਕ੍ਰ (ਹਿਰਦੇ ਵਿਚ) , (5) ਵਿਸ਼ੁੱਧ ਚੱਕ੍ਰ (ਗਲੇ ਵਿਚ) , (6) ਆਗਿਆ ਚੱਕ੍ਰ (ਭਰਵੱਟਿਆਂ ਦੇ ਵਿਚਕਾਰ) । ਜਦੋਂ ਜੋਗੀ ਲੋਕ ਸਮਾਧੀ ਲਾਣ ਲੱਗਦੇ ਹਨ, ਤਾਂ ਪ੍ਰਾਣਾਯਾਮ ਨਾਲ ਸੁੱਧ ਕੀਤੀ ਹੋਈ ਪੌਣ ਨੂੰ ਗੁਦਾ ਦੇ ਨੇੜੇ ਇਕ ਕੁੰਡਲਨੀ ਨਾੜੀ ਵਿਚ ਚੜ੍ਹਾਉਂਦੇ ਹਨ, ਉਹ ਨਾੜੀ ਗੁਦਾ ਦੇ ਚੱਕ੍ਰ ਤੋਂ ਲੈ ਕੇ ਦਸਮ-ਦੁਆਰ ਤਕ ਅਪੜਦੀ ਹੈ। ਵਿਚਕਾਰਲੇ ਚੱਕ੍ਰਾਂ ਨਾਲ ਭੀ ਉਸ ਨਾੜੀ ਦਾ ਮੇਲ ਹੁੰਦਾ ਹੈ। ਸੋ, ਜੋਗੀ ਪਵਣ ਨੂੰ ਮੂਲਾਧਾਰ ਚੱਕ੍ਰ ਤੋਂ ਖਿੱਚ ਕੇ, ਵਿਚਕਾਰਲੇ ਚੱਕ੍ਰਾਂ ਵਿਚੋਂ ਦੀ ਲੰਘਾ ਦੇ ਦਸਮ-ਦੁਆਰ ਵਿਚ ਲੈ ਜਾਂਦੇ ਹਨ ਅਤੇ ਉੱਥੇ ਰੋਕ ਲੈਂਦੇ ਹਨ। ਜਿਤਨਾ ਚਿਰ ਸਮਾਧੀ ਲਾਈ ਰੱਖਣੀ ਹੋਵੇ, ਉਤਨਾ ਚਿਰ ਪ੍ਰਾਣਾਂ ਨੂੰ ਹੇਠ ਉਤਰਨ ਨਹੀਂ ਦੇਂਦੇ। } ਭੇਦੇ = ਵਿੰਨ੍ਹੇ ਜਾਂਦੇ ਹਨ। ਸੁੰਨ = ਸੁੰਞ, ਅਫੁਰ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਇਸ ਵਿਚ ਕੋਈ ਮਾਇਕ ਫੁਰਨਾ ਨਹੀਂ ਉਠਦਾ। ਅਨੁਰਾਗੀ =
ਅਨੁਰਾਗ ਕਰਨ ਵਾਲਾ, ਪ੍ਰੇਮ ਕਰਨ ਵਾਲਾ, ਪ੍ਰੇਮੀ, ਆਸ਼ਿਕ। ਸੁੰਨ ਅਨੁਰਾਗੀ = ਸੁੰਨ ਦਾ ਪ੍ਰੇਮੀ, ਅਫੁਰ ਅਵਸਥਾ ਦਾ ਪ੍ਰੇਮੀ। ਜੀਵੈ = ਜੰਮਦਾ। ਤਾਸੁ = ਉਸ (ਪ੍ਰਭੂ) ਨੂੰ। ਖੋਜੁ = ਲੱਭ। ਬੈਰਾਗੀ = ਵੈਰਾਗਵਾਨ (ਹੋ ਕੇ) , ਵਿਕਾਰਾਂ ਵਲੋਂ ਉਪਰਾਮ ਹੋ ਕੇ, ਨਫ਼ਸਾਨੀ ਖ਼ਾਹਸ਼ਾਂ ਵਲੋਂ ਹਟ ਕੇ।1।
ਮੇਰੇ ਮਨ = ਹੇ ਮੇਰੇ ਮਨ! ਮਨ ਹੀ ਉਲਟਿ = ਮਨ (ਦੀ ਪਵਨ) ਨੂੰ ਉਲਟਾ ਕੇ ਹੀ, ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਪਰਤਾ ਕੇ ਹੀ। ਸਮਾਨਾ = (ਪ੍ਰਭੂ ਵਿਚ) ਲੀਨ ਹੋ ਸਕੀਦਾ ਹੈ। ਪਰਸਾਦਿ = ਕਿਰਪਾ ਨਾਲ। ਭਈ ਅਵਰੈ = ਹੋਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਨਾਤਰੁ = ਨਹੀਂ ਤਾਂ, ਇਸ ਤੋਂ ਪਹਿਲਾਂ ਤਾਂ। ਥਾ = ਸੀ। ਬੇਗਾਨਾ = ਬਿਗਾਨਾ, ਓਪਰਾ, ਨਾਵਾਕਿਫ਼, (ਪ੍ਰਭੂ ਤੋਂ) ਵੱਖਰਾ।1। ਰਹਾਉ।
ਨਿਵਰੈ = ਨਿਅਰੈ, ਨੇੜੇ। ਜਿਨਿ = ਜਿਸ ਮਨੁੱਖ ਨੇ। ਜੈਸਾ ਕਰਿ = ਜਿਉਂ ਕਾ ਤਿਉਂ ਸਮਝ ਕੇ, ਸਹੀ ਤਰੀਕੇ ਨਾਲ, ਅਸਲ ਸਰੂਪ ਨੂੰ। ਅਲਉਤੀ = ਮਿਸਰੀ। ਬਰੇਡਾ = ਸ਼ਰਬਤ।2।
ਨਿਰਗੁਨ ਕਥਾ = ਉਸ ਸਰੂਪ (ਦੇ ਦੀਦਾਰ) ਦਾ ਬਿਆਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ; ਉਸ ਸਰੂਪ ਦਾ ਜ਼ਿਕਰ ਜਿਸ ਦੀ ਉਪਮਾ ਮਾਇਕ ਜਗਤ ਵਿਚੋਂ ਕਿਸੇ ਚੀਜ਼ ਨਾਲ ਦਿੱਤੀ ਨਾਹ ਜਾ ਸਕੇ। ਕਾਇ ਸਿਉ = ਕਿਸ ਬੰਦੇ ਨਾਲ? ਕੋਇ = ਕੋਈ ਵਿਰਲਾ। ਬਿਬੇਕੀ = ਵਿਚਾਰਵਾਨ। ਜਿਨਿ = ਜਿਸ ਮਨੁੱਖ ਨੇ। ਪਲੀਤਾ = (ਪ੍ਰੇਮ ਦਾ) ਪਲੀਤਾ। ਤਿਨਿ = ਉਸੇ ਮਨੁੱਖ ਨੇ। ਝਲ = ਝਲਕ, ਚਮਤਕਾਰ।3।
ਨੋਟ: ‘ਰਹਾਉ’ ਦੀ ਤੁਕ ਵਿਚ ਅਤੇ ਪਹਿਲੇ ‘ਬੰਦ’ ਵਿਚ ‘ਮਨ’ ਨੂੰ ਸੰਬੋਧਨ ਕੀਤਾ ਗਿਆ ਹੈ।
ਅਰਥ: ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ) ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।1। ਰਹਾਉ।
(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ। ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।1।
(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ (ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ।2।
ਹੇ ਕਬੀਰ! ਆਖ– (ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ) ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ।3। 3। 47।
ਸ਼ਬਦ ਦਾ ਭਾਵ: ਜਦੋਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਦੀ ਸਮਝ ਵਿਚ ਤਬਦੀਲੀ ਆਉਂਦੀ ਹੈ, ਤਾਂ ਉਸ ਦਾ ਮਨ ਵਿਕਾਰਾਂ ਵਲੋਂ ਹਟਦਾ ਹੈ, ਤੇ ਸੁਰਤ ਪ੍ਰਭੂ ਦਾ ਸਿਫ਼ਤਿ-ਸਾਲਾਹ ਵਿਚ ਜੁੜਦੀ ਹੈ। ਜਿਉਂ ਜਿਉਂ ਪ੍ਰਭੂ ਦੀ ਯਾਦ ਤੇ ਪ੍ਰਭੂ ਦਾ ਪਿਆਰ ਹਿਰਦੇ ਵਿਚ ਵਧਦਾ ਹੈ, ਜੀਵਨ ਵਿਚ ਇਕ ਅਜੀਬ ਸਰੂਰ ਪੈਦਾ ਹੁੰਦਾ ਹੈ। ਪਰ ਉਹ ਸਰੂਰ ਬਿਆਨ ਨਹੀਂ ਹੋ ਸਕਦਾ। 47।
ਨੋਟ: ਸ਼ਬਦ ਦਾ ਮੁਖ-ਭਾਵ ‘ਰਹਾਉ’ ਦੀ ਤੁਕ ਵਿਚ ਹੋਇਆ ਕਰਦਾ ਹੈ। ਪਹਿਲੀ ਤੁਕ ਵਿਚ ਦਿੱਤੇ ਹੋਏ ਛੇ ਚੱਕ੍ਰਾਂ ਦੇ ਵਿੰਨ੍ਹਣ ਤੋਂ ਇਹ ਮਤਲਬ ਕਦੇ ਭੀ ਨਹੀਂ ਨਿਕਲ ਸਕਦਾ ਕਿ ਕਬੀਰ ਜੀ ਜੋਗ-ਸਮਾਧੀ ਦੀ ਪ੍ਰੋੜ੍ਹਤਾ ਕਰ ਰਹੇ ਹਨ। ਉਹ ਤਾਂ ਸਗੋਂ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਆ ਕੇ ਮਨ ਨੂੰ ਮਾਇਆ ਵਲੋਂ ਰੋਕਣ ਵਾਲੇ ਮਨੁੱਖ ਦੇ ਛੇ ਚੱਕ੍ਰ ਵਿੱਝ ਗਏ ਸਮਝੋ। ਨਰਮ ਜਿਹੇ ਲਫ਼ਜ਼ਾਂ ਵਿਚ ਕਹਿ ਦਿੱਤਾ ਹੈ ਕਿ ਇਹਨਾਂ ਛੇ ਚੱਕ੍ਰਾਂ ਨੂੰ ਵਿੰਨ੍ਹਣ ਦੀ ਲੋੜ ਹੀ ਨਹੀਂ ਹੈ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਬਹੁਤ ਸੁੰਦਰ ਜਵਾਬ ਦਿੱਤਾ ਹੈ। ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਸਵਾਲ ਦਾ ਜਵਾਬ, ਜਪੁ ਬਾਣੀ ਦੀਆਂ 34ਵੀਂ ਤੋਂ 37ਵੀਂ ਪਉੜੀਆਂ, ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਪੰਜ ਖੰਡਾਂ ਦੀ ਵਿਚਾਰ ਦਿੱਤੀ ਹੈ, ਵਿਚ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਅਰਥ) ਕੀਤਾ ਹੈ, ਲਿੱਖਦੇ ਹਨ ਕਿ ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਿਸ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਉਹ ਇਸ ਧਰਤੀ ‘ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਜਦੋਂ ਮਨੁੱਖ ਇਸ ਆਪਣੇ ਫ਼ਰਜ਼ ਨੂੰ ਪਛਾਣਦਾ ਹੈ ਤਾਂ ‘ਧਰਮ ਖੰਡ’ ਦੀ ਅਵਸਥਾ ਵਿਚ ਦਾਖ਼ਲ ਹੁੰਦਾ ਹੈ। ਫ਼ਿਰ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ ‘ਆਤਮਾ’ ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀ ਮਨੋਰਥ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਉਹ ਧਰਮ ਕਮਾਉਣ ਲਈ ਆਇਆ ਹੈ।
ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ ‘ਸੁਆਰਥ’ ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ ‘ਆਪਣਾ’ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ ‘ਧਰਮ’ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ ‘ਗਿਆਨ ਖੰਡ’ ਹੈ।
ਪਰ ਇਸ ਰਾਹੇ ਪੈ ਕੇ ਮਨੁੱਖ ਨਿਰਾ ਇਥੇ ਹੀ ਬੱਸ ਨਹੀਂ ਕਰ ਦੇਂਦਾ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ। ਮਨ ਦਾ ਪਹਿਲਾ ਸੁਭਾਉ, ਪਹਿਲੀਆਂ ਭੈੜੀਆਂ ਵਾਦੀਆਂ ਨਿਰੀ ‘ਸਮਝ’ ਨਾਲ ਨਹੀਂ ਹਟ ਸਕਦੀਆਂ। ਇਸ ਪਹਿਲੀ ਘਾੜਤ ਨੂੰ, ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ, ਅੰਦਰ ਨਵੀਂ ਘਾੜਤ ਘੜਨੀ ਹੈ, ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਉਣੇ ਹਨ। ਅੰਮ੍ਰਿਤ ਵੇਲੇ ਜਾਗਣ ਆਦਿਕ, ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅੱਪੜਿਆ ਹੋਇਆ ਮਨੁੱਖ ਜਿਉਂ ਜਿਉਂ ਇਹ ਮਿਹਨਤ ਕਰਦਾ ਹੈ, ਜਿਉਂ ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ ਤਿਉਂ ਉਹਦੇ ਮਨ ਨੂੰ , ਮਾਨੋ, ਸੋਹਣਾ ਰੂਪ ਚੜ੍ਹਦਾ ਹੈ, ਕਾਇਆਂ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਚਵੱਗਣ ਵੰਨ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ, ਮਨ ਵਿਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਹ ‘ਸਰਮ ਖੰਡ’ ਹੈ।
ਬੱਸ, ਫੇਰ ਕੀਹ ਹੈ! ਮਾਲਕ ਦੀ ਮਿਹਰ ਹੋ ਜਾਂਦੀ ਹੈ। ਅੰਦਰ ਅਕਾਲ ਪੁਰਖ ਬਲ ਭਰ ਦੇਂਦਾ ਹੈ, ਆਤਮਾ ਵਿਕਾਰਾਂ ਵੰਨੀ ਡੋਲਦੀ ਨਹੀਂ। ਬਾਹਰ ਭੀ ਸਭ ਥਾਈਂ ਉਹੀ ਸਿਰਜਨਹਾਰ ਹੀ ਦਿੱਸਦਾ ਹੈ, ਮਨ ਸਦਾ ਨਿਰੰਕਾਰ ਦੀ ਯਾਦ ਵਿਚ ਪਰੋਤਾ ਰਹਿੰਦਾ ਹੈ। ਉਹਨਾਂ ਨੂੰ ਫੇਰ ਜੰਮਣ ਮਰਨ ਦਾ ਭਉ ਕਾਹਦਾ? ਉਹਨਾਂ ਦੇ ਮਨ ਵਿਚ ਸਦਾ ਖਿੜਾਉ ਹੀ ਖਿੜਾਉ ਰਹਿੰਦਾ ਹੈ। ਇਹ ‘ਕਰਮ ਖੰਡ’ ਹੈ।
ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖ਼ਰ ਪੰਜਵੇਂ ਖੰਡ ਵਿਚ ਜਾ ਨਿਵਾਸ ਹੁੰਦਾ ਹੈ, ਭਾਵ ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦਾ ਹੈ ਅਰਥਾਤ ਧੁਰ ਉਸ ਜੋਤਿ ਦੀ ਹਜ਼ੂਰੀ ਵਿਚ ਅੱਪੜ ਜਾਂਦਾ ਹੋ, ਜੋ ਸਾਰੇ ਜੀਆਂ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ ਹੈ। ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਿਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਇਹ ਸਚਖੰਡ ਵਿਚ ਹੋਣ ਦੀ ਆਤਮਿਕ ਅਵਸਥਾ ਹੈ।
ਹੁਣ ਸੋਚਣਾ ਪਵੇਗਾ ਕਿ ਮਨੁੱਖਾ ਜਨਮ ਦਾ ਮਨੋਰਥ ਕੀ ਹੈ। ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਸਮਝਾਉਂਦੇ ਹਨ:-
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ {ਪੰਨਾ 12}
ਅਰਥ: (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) । (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।1।
(ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।1। ਰਹਾਉ।
(ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ = ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ। ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ) ਆਖ– (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ) , ਸਰਨ ਪਿਆਂ ਦੀ ਲਾਜ ਰੱਖ।2।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸੇਵਾ ਕਰਨ ਦਾ ਉਪਦੇਸ਼ ਵੀ ਦੇ ਰਹੇ ਹਨ। ਇਸ ਲਈ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਮਨੁੱਖ ਨੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਦੇ ਨਾਲ ਨਾਲ, ਲੋੜਵੰਦਾਂ ਦੀ ਸੇਵਾ ਵੀ ਕਰਨੀ ਹੈ। ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦਾ ਹੇਠਾਂ ਦਿੱਤਾ ਸਲੋਕ ਤੇ ਉਸ ਦੇ ਅਰਥ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ।
ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਮਨੁੱਖ ਨੇ ਹੱਕ ਹਲਾਲ ਦੀ ਕਮਾਈ ਕਰਨੀ ਹੈ ਤੇ ਉਸ ਵਿਚੋਂ ਕੁੱਝ ਹਿੱਸਾ ਦੂਜਿਆਂ ਨਾਲ ਵੰਡ ਕੇ ਖਾਣਾ ਹੈ। ਇਹ ਹੀ ਦਸਵੰਧ ਦਾ ਸਰੂਪ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————————
ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}
ਅਰਥ: (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ) । ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ।1।