Can Ardaas help resolve another person’s issues? Recently, I noticed some people requesting everyone to do Ardaas for singer Rajvir Jawanda, who had an accident and is in critical condition. Is this in line with Sikh teachings?
Can Ardaas help resolve another person’s issues? Recently, I noticed some people requesting everyone to do Ardaas for singer Rajvir Jawanda, who had an accident and is in critical condition. Is this in line with Sikh teachings?
Share
ਸਤਿਕਾਰ ਯੋਗ ਅਮਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਗਾਇਕ ਰਾਜਵੀਰ ਜਵੰਦਾ ਦੀ ਚੰਗੀ ਸਿਹਤ ਵਾਸਤੇ ਅਰਦਾਸ ਕਰਨਾ ਗੁਰਬਾਣੀ/ਗੁਰਮਤਿ ਅਨੁਸਾਰ ਹੈ?
ਗੁਰਬਾਣੀ ਉਪਦੇਸ਼ ਦਿੰਦੀ ਹੈ:-
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ (ਪੰਨਾ 103) ਅਰਥਾਤ ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।1।
ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ।। (ਪੰਨਾ 519) ਅਰਥਾਤ (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ, ਸਤਿਗੁਰੂ ਦੇ ਪੈਰ ਪੂਜ (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ ‘ਬਿਰਥਾ’) ਸੜ ਜਾਂਦੀ ਹੈ, ਗੁਰਮੁਖਾਂ ਦੀ ਸੰਗਤਿ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।
ਹੋਰ ਅੱਗੇ:
ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ (ਪੰਨਾ 724) ਅਰਥਾਤ ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ।ਰਹਾਉ। ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ।੧। ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨।
ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ, ਅਰਜ਼ੋਈ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਇੱਕ ਤਰ੍ਹਾਂ ਨਾਲ ਸਿੱਖ ਗੁਰੂ ਨਾਲ ਆਪਣਾ ਦੁੱਖ, ਸੁੱਖ ਸਾਂਝਾ ਕਰਦਾ ਹੈ। ਦੁੱਖ ਵਿਚ ਗੁਰੂ ਨਾਲ ਆਪਣਾ ਮਨ ਦੇ ਵਲਵਲੇ ਸਾਂਝੇ ਕਰਦਾ ਹੈ ਤੇ ਸੁੱਖ ਵਿਚ ਗੁਰੂ ਦਾ ਧੰਨਵਾਦ ਕਰਦਾ ਹੈ। ਜੇ ਸਿੱਖ ਨੇ ਆਪਣੇ ਮਾਤਾ, ਪਿਤਾ ਕੋਲੋਂ ਨਹੀਂ ਮੰਗਣਾ ਤਾਂ ਹੋਰ ਕਿਸ ਕੋਲੋਂ ਮੰਗਣਾ ਹੈ।
ਇਸ ਲਈ ਦਾਸ ਦੀ ਸਮਝ ਅਨੁਸਾਰ ਗਾਇਕ ਰਾਜਵੀਰ ਜਵੰਦਾ ਦੀ ਚੰਗੀ ਸਿਹਤ ਵਾਸਤੇ ਅਰਦਾਸ ਕਰਨਾ ਹੁਕਮ ਦੀ ਉਲੰਘਣਾ ਜਾਂ ਹੁਕਮ ਵਿਚ ਦਖ਼ਲ ਅੰਦਾਜ਼ੀ ਨਹੀਂ ਹੈ ਅਤੇ ਗੁਰਬਾਣੀ/ਗੁਰਮਤਿ ਅਨੁਸਾਰ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Bahut vadia veer jee🙏