Can anyone explain the concept of karma in Sikhi? How does it differ from the understanding of karma in other Eastern religions?
Can anyone explain the concept of karma in Sikhi? How does it differ from the understanding of karma in other Eastern religions?
Share
ਚੰਗੇ ਕਰਮ, ਮੰਦੇ (ਭੈੜੇ) ਕਰਮ, ਉਨ੍ਹਾਂ ਦਾ ਪ੍ਰਭਾਵ ਅਤੇ ਪਿੱਛਲਾ ਜਨਮ
ਆਪਣੀ ਸਮਝ ਅਨੁਸਾਰ, ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਗੁਰਸਿੱਖੀ ਵਿਚ ‘ਕਰਣੀ’ ਅਰਥਾਤ ‘ਕਰਮ’ ਪ੍ਰਧਾਨ ਹੈ ਤੇ ਗੁਰਸਿੱਖੀ ਅੱਜ ਵਿਚ ਅਤੇ ਅਕਾਲਪੁਰਖ ਦੇ ਹੁਕਮ ਤੇ ਗੁਰੂ ਉਪਦੇਸ਼ ਅਨੁਸਾਰ ਜੀਵਨ ਜੀਉਣਾ ਸਿਖਾਉਂਦੀ ਹੈ। ਚੰਗੇ ਕਰਮ ਵੀ ਮਨੁੱਖ ਨੇ ਗੁਰੂ ਦੀ ਮੱਤ (ਗੁਰਮਤਿ) ਲੈ ਕੇ ਆਪ ਹੀ ਕਰਨੇ ਹਨ ਤੇ ਮਾੜੇ ਕਰਮ ਵੀ ਮਨ ਦੀ ਮੱਤ (ਮਨਮਤਿ) ਲੈ ਕੇ ਆਪ ਹੀ ਕਰਨੇ ਹਨ ਅਰਥਾਤ ਗੁਰਮੁਖ ਜਾਂ ਮਨਮੁਖ ਆਪ ਹੀ ਬਣਨਾ ਹੈ।
ਗੁਰੂ ਸਾਹਿਬ ਸਮਝਾਉਂਦੇ ਹਨ, ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ॥ (ਪੰਨਾ 406)’ ਅਰਥਾਤ ‘ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ।’
ਹੋਰ ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ, ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਪੰਨਾ 134)’ ਅਰਥਾਤ ‘ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।’
ਗੁਰੂ ਸਾਹਿਬ ਦਾ ਫੁਰਮਾਨ ਹੈ, ‘ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}’ ਅਰਥਾਤ ‘(ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।’
ਗੁਰੂ ਸਾਹਿਬ ਅੱਗੇ ਸਿੱਖਿਆ ਦਿੰਦੇ ਹਨ, ‘ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ (ਪੰਨਾ 4);;;’ ਅਰਥਾਤ ‘ਹੇ ਨਾਨਕ! ‘ਪੁੰਨ’ ਜਾਂ ‘ਪਾਪ’ ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ। 20।’
ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’।
ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨਿਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨਿਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨਿਯਮ ਇਹ ਹਨ ਕਿ ‘ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।’
ਸਿੱਖ ਇਤਿਹਾਸ ਸਾਨੂੰ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਕਰਕੇ ਹਿੰਦੂ ਸੰਸਕਾਰਾਂ ਤੇ ਕਰਮ ਕਾਂਡਾਂ ਵਿਚ ਲਗੇ ਹੋਣ ਦੇ ਬਾਰੇ ਦਸਦਾ ਹੈ। ਪਰ ਗੁਰੂ ਅੰਗਦ ਸਾਹਿਬ ਜੀ ਪਾਰਸ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਰਕੇ ਪਿਛਲੇ ਹਿੰਦੂ ਸੰਸਕਾਰ ਛਡ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਾਪਤ ਕਰਨ ਦੇ ਪਾਤਰ ਬਣ ਗਏ। ਇਹ ਹੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਅਰਥ) ਕਰਨ ਤੋਂ ਬਾਅਦ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਕਰਮਾਂ ਦੀ ਮਹੱਤਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿਉਂਕਿ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ, ਗੁਰੂ ਗ੍ਰੰਥ ਵਿਚ ਮੁੱਢਲੀ ਬਾਣੀ ਜਪੁ ਵਿਚ, ਕਰਮ ਖੰਡ ਵਾਲੀ ਪਉੜੀ ਦੇ ਖ਼ਤਮ ਹੋਣ ਤੇ ਨਾਨਕ ਨਾਮ ਦੀ ਛਾਪ ਵੀ ਨਹੀਂ ਹੈ ਤੇ ਨਾਂਹ ਹੀ ਪਉੜੀ ਖ਼ਤਮ ਹੋਣ ਦਾ ਅੰਕ ਹੈ। ਸਿੱਧਾ ਹੀ ਸਚਖੰਡ ਵਾਲੀ ਪਉੜੀ ਸ਼ੁਰੂ ਹੋ ਗਈ ਹੈ ਤੇ ਸਚਖੰਡ ਵਾਲੀ ਪਉੜੀ ਖ਼ਤਮ ਹੋਣ ਤੇ ਨਾਨਕ ਨਾਮ ਦੀ ਛਾਪ ਵੀ ਹੈ ਤੇ ਪਉੜੀ ਦਾ ਨੰਬਰ ਵੀ ਹੈ।
ਇਸ ਤੋਂ ਕਰਮਾਂ ਦੀ ਮਹੱਤਤਾ ਦੀ ਸਮਝ ਆਉਂਦੀ ਹੈ ਕਿ ਆਪਣੇ ਕਰਮ ਸੁਧਾਰ ਕੇ ਹੀ ਮਨੁੱਖ/ਸਿੱਖ ਬਖ਼ਸ਼ਸ਼ ਲਈ ਯੋਗ ਬਣ ਸਕਦਾ ਹੈ ਤੇ ਸਚਖੰਡ ਅਰਥਾਤ ਅਕਾਲਪੁਰਖ ਨਾਲ ਇੱਕ ਰੂਪ ਹੋਣ ਦੀ ਅਵਸਥਾ ਵਿਚ ਪਹੁੰਚ ਸਕਦਾ ਹੈ।
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਹਿੰਦੂ ਸੰਸਕਾਰ ਉਨ੍ਹਾਂ ਨੇ ਗ੍ਰਹਿਣ ਕੀਤੇ ਸਨ, ਉਹ ਮਿਟਾ ਦਿੱਤੇ ਤੇ ਕਿਰਪਾ ਦੇ ਪਾਤਰ ਬਣ ਗਏ ਅਰਥਾਤ ਉਨ੍ਹਾਂ ਨੇ ਆਪਣਾ ਪਿੱਛਲਾ ਜਨਮ ਮਿਟਾ ਦਿੱਤਾ ਤੇ ਗੁਰੂ ਦੇ ਘਰ ਵਿਚ ਨਵਾਂ ਜਨਮ ਲੈ ਲਿਆ। ਇਸ ਵਿਚਾਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਸਿੱਖੀ ਅਨੁਸਾਰ ਜਨਮ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਹੀ ਪਿੱਛਲਾ ਜਨਮ ਹੈ।
ਇਸੇ ਤਰ੍ਹਾਂ ਅਸੀਂ ਵੀ ਗੁਰਸ਼ਬਦ ਦੀ ਰੋਸ਼ਨੀ ਵਿਚ ਆਪਣੇ ਜੀਵਨ ਨੂੰ ਬਦਲਣ ਦਾ ਉਪਰਾਲਾ ਕਰ ਸਕਦੇ ਹਾਂ ਤੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜਨਮ ਤੋਂ ਲੈ ਕੇ ਜੋ ਮੰਦੇ ਸੰਸਕਾਰ ਗ੍ਰਹਿਣ ਕੀਤੇ ਹਨ, ਉਹ ਮਿਟਾ ਕੇ ਇਸੇ ਜੀਵਨ ਵਿਚ ਗੁਰੂ ਸਾਹਿਬ ਦੇ ਘਰ ਵਿਚ ਨਵਾਂ ਜਨਮ ਲੈ ਕੇ, ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਮਨੁੱਖ (ਗੁਰਮੁਖ) ਬਣ ਕੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ) ਪ੍ਰਾਪਤ ਕਰ ਸਕਦੇ ਹਾਂ ਤੇ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਸਕਦੇ ਹਾਂ ਕਿਉਂਕਿ ਮਰ ਕੇ ਮੁਕਤ ਹੋਣਾ ਗੁਰਸਿੱਖੀ ਸਿਧਾਂਤ ਨਹੀਂ ਹੈ।
ਹਿੰਦੂ ਧਰਮ ਅਨੁਸਾਰ ਮਨੁੱਖ ਮਰਨ ਤੋਂ ਬਾਅਦ ਆਪਣੇ ਕੀਤੇ ਕਰਮਾਂ ਅਨੁਸਾਰ ਚੁਰਾਸੀ ਲੱਖ ਜੂਨਾਂ ਵਿਚ ਪਵੇਗਾ। ਮਰਨ ਤੋਂ ਬਾਅਦ ਮੁਕਤ ਹੋਣਾ ਜਾਂ ਜੂਨਾਂ ਵਿਚ ਪੈਣਾ ਵੀ ਹਿੰਦੂ ਧਰਮ ਦਾ ਸਿਧਾਂਤ ਹੈ। ਸਿੱਖੀ ਇਨ੍ਹਾਂ ਸਿਧਾਂਤਾਂ ਨੂੰ ਮੰਨਦੀ ਨਹੀਂ ਹੈ ਕਿਉਂਕਿ ਸਿੱਖ ਨੇ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਆਤਮਿਕ ਤੌਰ ਤੇ ਜੀਵਨ ਮੁਕਤ ਹੋਣਾ ਹੈ। ਕਿਸੇ ਹੋਰ ਧਰਮ ਵਿਚ ਇਹ ਸਿਧਾਂਤ ਨਹੀਂ ਹੈ।
ਸਿੱਖੀ ਅਨੁਸਾਰ ਸਰੀਰਕ ਮੌਤ ਤੋਂ ਬਾਅਦ ਪੰਜ ਤੱਤ, ਜਿਨ੍ਹਾਂ ਤੋਂ ਸਰੀਰ ਬਣਿਆ ਹੈ, ਨੇ ਪੰਜਾਂ ਤੱਤਾਂ ਵਿਚ ਮਿਲ ਜਾਣਾ ਹੈ ਤੇ ਪਰਮਾਤਮਾ ਦੀ ਜੋਤ, ਜੋ ਮਨੁੱਖ ਵਿਚ ਹੁੰਦੀ ਹੈ ਤੇ ਸਰੀਰ ਨੂੰ ਚੱਲਣ ਲਈ ਬਲ ਬਖਸ਼ਦੀ ਹੈ, ਨੇ ਪਰਮਾਤਮਾ ਦੀ ਜੋਤ ਵਿਚ ਮਿਲ ਜਾਣਾ ਹੈ ਅਤੇ ਬਾਕੀ ਕੁੱਝ ਵੀ ਨਹੀਂ ਬਚਣਾ ਹੈ। ਜੋਤ ਦੇ ਪਰਮਾਤਮਾ ਦੀ ਜੋਤ ਵਿਚ ਮਿਲਣ ਤੋਂ ਬਾਅਦ ਉਸ ਦਾ ਕੀ ਹੋਣਾ ਹੈ, ਇਸ ਦਾ ਕਿਸੇ ਨੂੰ ਪਤਾ ਨਹੀਂ ਹੈ।
According to my understanding what we give out in the universe that’s what we receive back. This is our Karma.