I read somewhere that the story of Bibi Rajni is not true. I would like to know what Gurbani says about this. Additionally, there is a shabad in Gurbani: "ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥". Does this shabad relate to this story?
I read somewhere that the story of Bibi Rajni is not true. I would like to know what Gurbani says about this. Additionally, there is a shabad in Gurbani: "ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥". Does this shabad relate to this story?
Share
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਬੀਬੀ ਰਜਨੀ ਵਾਲੀ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ ਕਿਉਂਕਿ ਗੁਰਸਿੱਖੀ ਵਿਚ ਚਮਤਕਾਰਾਂ ਲਈ ਕੋਈ ਥਾਂ ਨਹੀਂ ਹੈ। ਸਾਰੇ ਗੁਰੂ ਸਾਹਿਬਾਨ ਅਕਾਲਪੁਰਖ ਦੀ ਰਜ਼ਾ ਵਿਚ ਰਹੇ ਤੇ ਉਨ੍ਹਾਂ ਨੂੰ ਜੋ ਵੀ ਦੁੱਖ ਤੇ ਤਕਲੀਫਾਂ ਆਈਆਂ, ਉਹ ਉਨ੍ਹਾਂ ਨੇ ਸ਼ਬਦ ਗੁਰੂ ਦੀ ਸਿੱਖਿਆ ਅਨੁਸਾਰ ਸਹਿਣ ਕੀਤੀਆਂ। ਭਾਣਾ ਮੰਨਿਆ। ਕੋਈ ਉਜ਼ਰ ਨਹੀਂ ਕੀਤਾ।
ਹੁਣ ਆਉਂਦੇ ਹਾਂ ਗੁਰਬਾਣੀ ਦੀ ਤੁਕ ਵਲ ‘ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥’ ਜੋ ਤੁਸੀਂ ਆਪਣੇ ਪ੍ਰਸ਼ਨ ਵਿਚ ਲਿੱਖੀ ਹੈ।
ਇਹ ਸਲੋਕ, ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੀ ਰਚਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰ ਦਰਜ਼ ਹੈ। ਪਹਿਲੀ ਵਾਰ ਚੋਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦੀ ਉਚਾਰੀ ਹੋਈ ‘ਸਿਰੀਰਾਗ ਕੀ ਵਾਰ ਵਿਚ’ ਅਤੇ ਦੂਸਰੀ ਵਾਰ ਥੋੜ੍ਹੇ ਜਿਹੇ ਫ਼ਰਕ ਦੇ ਨਾਲ ‘ਸ਼ੇਖ ਫ਼ਰੀਦ ਜੀ ਦੇ ਸ਼ਲੋਕਾਂ ਵਿਚ’। ਦੋਵੇਂ ਥਾਵਾਂ ਤੇ ਦਰਜ਼ ਸਲੋਕ ਅਤੇ ਅਰਥ ਹੇਠਾਂ ਦਿੱਤੇ ਹਨ ਜੀ:-
ਮਃ ੧ ॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ {ਪੰਨਾ 91}
ਅਰਥ: ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ) ? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।2।
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥ {ਪੰਨਾ 1384}
ਅਰਥ: ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?) ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) । 124।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ, ਗੁਰਬਾਣੀ ਵਿਚ, ਬੀਬੀ ਰਜਨੀ ਦੀ ਕਹਾਣੀ ਅਨੁਸਾਰ, ਦਰਬਾਰ ਸਾਹਿਬ ਵਿਚ ਸਥਾਪਤ, ਕਹੀ ਜਾਂਦੀ ਦੁਖ ਭੰਜਨੀ ਬੇਰੀ, ਦੇ ਹੇਠਾਂ ਇਸ਼ਨਾਨ ਕਰਕੇ ਕਾਵਾਂ ਦੇ ਹੰਸ ਬਣਨ ਦੀ ਗੱਲ ਨਹੀਂ ਕਰ ਰਹੇ ਹਨ ਬਲਕਿ ਇਹ ਸਮਝਾ ਰਹੇ ਹਨ ਕਿ ਅਕਾਲਪੁਰਖ ਆਪਣੀ ਮਿਹਰ ਸਦਕਾ, ਕਿਸੇ ਭੈੜੇ/ਮਾੜੇ ਮਨੁੱਖ ਦੇ ਵਿਕਾਰ ਦੂਰ ਕਰਕੇ, ਚੰਗਾ ਮਨੁੱਖ ਬਣਾ ਸਕਦੇ ਹਨ।
ਇੱਥੇ ਇੱਕ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਅਕਾਲਪੁਰਖ ਦੀ ਮਿਹਰ ਦਾ ਪਾਤਰ ਬਣਨ ਲਈ ਮਨੁੱਖ ਨੂੰ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨਾ ਪਵੇਗਾ ਤਾਂ ਹੀ ਉਹ ਕਾਂ ਦੀ ਭੈੜੀ ਬਿਰਤੀ (ਵਿਕਾਰਾਂ) ਤੋਂ ਛੁਟਕਾਰਾ ਪਾ ਕੇ ਹੰਸ ਦੀ ਸੂਹਣੀ ਬਿਰਤੀ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ) ਨੂੰ ਪ੍ਰਾਪਤ ਕਰਨ ਦੇ ਯੋਗ ਬਣ ਸਕਦਾ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਸ ਦਾ ਵੀਰ
ਜਸਮੀਤ ਜੀ, ਦਾਸ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਬੀਬੀ ਰਜਨੀ ਦੀ ਕਹਾਣੀ ਤੋਂ ਅੱਗੇ ਚੱਲ ਕੇ ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਇੱਕਠਾ ਕਰਕੇ ਕਿਸੇ ਮਨੁੱਖ ਨੇ ਪੁਸਤਕ ‘ਦੁੱਖ ਭੰਜਨੀ ਸਾਹਿਬ’ ਤਿਆਰ ਕੀਤੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਇਸ ਪੁਸਤਕ ਵਿਚ ਦਿੱਤੇ ਗਏ ਸ਼ਬਦਾਂ ਨੂੰ ਪੜ੍ਹਨ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
‘ਦੁਖ ਭੰਜਨ’ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ 50 ਤੋਂ ਵੱਧ ਵਾਰ ਆਉਂਦਾ ਹੈ ਤੇ ਇਸ ਦਾ ਅਰਥ ਹੈ ਦੁੱਖਾਂ ਦਾ ਨਾਸ ਕਰਨ ਵਾਲਾ। ਪਰ ਗੁਰਬਾਣੀ ਸਾਨੂੰ ਸਿਖਾਉਂਦੀ ਹੈ:-
ਮਃ ੧ ॥ ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ {ਪੰਨਾ 149}
ਅਰਥ: ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ) ; ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ।2।
ਦਾਸ ਦੀ ਸਮਝ ਅਨੁਸਾਰ ਇਹ ਇੱਕ ਭਰਮ ਜਾਂ ਕਰਮਕਾਂਡ ਫੈਲਾਇਆ ਗਿਆ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ ਗਈ ਸਾਰੀ ਬਾਣੀ ਸਾਰੇ ਸੁੱਖ ਦੇਣ ਵਾਲੀ ਹੈ ਅਰਥਾਤ ਉਸ ਆਤਮਿਕ ਅਵਸਥਾ ਵਿਚ ਪਹੁੰਚਾਉਣ ਵਾਲੀ ਹੈ ਜਿਥੇ ਸੁੱਖ ਅਤੇ ਦੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਦਿੱਤੀ ਤੁੱਕ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਗੁਰੂ ਦੀ ਬਾਣੀ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਸਾਰੀ ਬਾਣੀ, ਨਾਂਹ ਕਿ ਸਿਰਫ਼ ‘ਦੁਖ ਭੰਜਨੀ ਸਾਹਿਬ’ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਬਾਣੀ, ਸਦਾ ਹੀ ਸਾਰੇ ਫ਼ਲ ਦੇਣ ਵਾਲੀ, ਸੁਖ ਦੇਣ ਵਾਲੀ ਹੈ:-
ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ {ਪੰਨਾ 628}
ਅਰਥ: ਹੇ ਭਾਈ! ਆਓ ਅਸੀ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ। ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ। ਹੇ ਨਾਨਕ! ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ।੨।੧੭।੮੧।