Please explain me this
ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Please explain me this
Respected Anonymous ji
ਇਹ ਪਾਵਨ ਪੰਕਤੀ ਵਡਹੰਸ ਰਾਗ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਰਚਿਤ ਹੈ।ਇਸ ਦਾ ਭਾਵ ਹੈ ਕਿ ਪੂਰੇ ਭਾਗਾਂ ਨਾਲ ਹੀ ਗੁਰੂ ਮਿਲਦਾ ਹੈ ਅਤੇ ਨਾਮ ਸਿਮਰਿਆ ਜਾਂਦਾ ਹੈ।ਹੁਣ ਸੁਆਲ ਪੈਦਾ ਹੁੰਦਾ ਹੈ ਕਿ ਪੂਰੇ ਭਾਗ ਕਿਵੇਂ ਬਣਨ।ਉਸ ਲਈ ਸ਼ੁਭ ਉਦਮ ਕਰਨਾ ਪੈਂਦਾ ਹੈ।ਜੋ ਵੀ ਮਨੁੱਖ ਸ਼ੁਭ ਉਦਮ ਕਰਦਾ ਹੈ, ਗੁਰਬਾਣੀ ਪੜਦਾ ਵੀਚਾਰਦਾ ਅਤੇ ਉਸ ਅਨੁਸਾਰ ਆਪਣੀ ਜਿੰਦਗੀ ਜੀਊਂਦਾ ਹੈ, ਉਹੋ ਹੀ ਪੂਰੇ ਭਾਗਾਂ ਵਾਲਾ ਹੈ।ਗੁਰਬਾਣੀ ਵਿੱਚ ਆਏ ਉਪਦੇਸ਼ ਮੁਤਾਬਕ ਜੀਵਨ ਜੀਊਣਾ ਹੀ ਅਸਲ ਵਿੱਚ ਨਾਮ ਸਿਮਰਨ ਹੈ।ਗੁਰਬਾਣੀ ਦੇ ਲੜ ਲੱਗਿਆਂ ਹੀ ਇਹ ਸੋਝੀ ਮਿਲਦੀ ਹੈ ਅਤੇ ਪੂਰਨ ਭਾਗ ਬਣਦੇ ਹਨ।
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਸ਼ਬਦ ਦੀ ਇੱਕ ਲਾਈਨ ‘ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ’ ਲਿੱਖ ਕੇ ਇਸ ਉੱਪਰ ਵਿਚਾਰ ਮੰਗੀ ਹੈ। ਇੱਕ ਲਾਈਨ ਦੀ ਵਿਚਾਰ ਹੋ ਨਹੀਂ ਸਕਦੀ, ਪੂਰਾ ਸ਼ਬਦ ਹੀ ਵਿਚਾਰਨਾ ਪਵੇਗਾ। ਪੂਰਾ ਸ਼ਬਦ, ਜਿਸ ਵਿਚ ਇਹ ਲਾਈਨ ਹੈ, ਵਡਹੰਸ ਰਾਗ ਵਿਚ, ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 565 ਤੇ ਸੁਸ਼ੋਭਿਤ ਹੈ।
ਇਸ ਸ਼ਬਦ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਹੇ ਮਨੁੱਖ ਤੂੰ ਮਨ ਦੀ ਮੱਤ ਛੱਡ ਕੇ (ਅਰਥਾਤ ਮਨਮੁਖ ਨਾਂਹ ਬਣ ਕੇ), ਗੁਰੂ ਦੀ ਮੱਤ ਲੈ (ਅਰਥਾਤ ਗੁਰਮੁਖ ਬਣ) ਤੇ ਸਿਰਫ਼ ਮੂੰਹੋਂ ਪਰਮਾਤਮਾ ਦਾ ਨਾਮ ਉੱਚਾਰਣ ਕਰਨ ਦੀ ਬਜਾਏ ਹਿਰਦੇ ਵਿਚ ਵਸਾ ਤੇ ਵਿਕਾਰਾਂ ਤੋਂ ਛੁਟਕਾਰਾ ਪਾ ਲੈ। ਗੁਰਬਾਣੀ ਅਨੁਸਾਰ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੀ ‘ਜੀਵਨ ਮੁਕਤ’ ਹੋਣਾ ਹੈ ਕਿਉਂਕਿ ਗੁਰਸਿੱਖੀ ਵਿਚ ‘ਮਰ ਕੇ ਮੁਕਤ’ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ। ਆਪ ਜੀ ਦਾ ਅੱਗੇ ਕੋਈ ਸਵਾਲ ਹੋਵੇ ਤਾਂ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————
ਵਡਹੰਸੁ ਮਹਲਾ ੩ ॥ ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥ ਵਾਹੁ ਵਾਹੁ ਸਹਜੇ ਗੁਣ ਰਵੀਜੈ ॥ ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥ ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥ ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥ ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥ ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥ ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥ ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥ ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥ ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥ ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥ ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥ ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥ ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥ {ਪੰਨਾ 565}
ਅਰਥ: ਹੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ। ਗੁਰੂ ਦੀ ਮਤਿ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ।੧।ਰਹਾਉ।
ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਨਹੀਂ ਗਾ ਸਕਦਾ, ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ।੧।
ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਜਦੋਂ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।੨।
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। (ਹੇ ਭਾਈ!) ਪਰਮਾਤਮਾ ਸਦਾ ਪਵਿਤ੍ਰ ਹੈ, ਸਦਾ ਸੁਖ ਦੇਣ ਵਾਲਾ ਹੈ (ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ) ਮਨ-ਇੱਛਤ ਫਲ ਹਾਸਲ ਕਰੇਂਗਾ।੩।
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਅਸੀ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ। ਪਰਮਾਤਮਾ ਪੱਥਰ-ਚਿੱਤ ਮਨੁੱਖ ਨੂੰ ਭੀ (ਵਿਕਾਰਾਂ ਵਿਚ) ਡੁੱਬਦੇ ਨੂੰ ਕੱਢ ਲੈਂਦਾ ਹੈ, ਤੇ, ਸਦਾ ਕਾਇਮ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ।੪।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ, ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ।੫।
ਹੇ ਭਾਈ! ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ (ਮਨੁੱਖਾ ਜਨਮ ਦੀ ਰਾਹੀਂ ਉਸੇ ਮਨੁੱਖ ਨੇ ਕੁਝ) ਖੱਟਿਆ ਜਾਣੋ, ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਹੈ।੬।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ, ਕੀਮਤੀ ਮਨੁੱਖ ਜਨਮ ਗੰਵਾ ਲੈਂਦੇ ਹਨ। ਸਦਾ ਹੀ ਸੁਖਾਂ ਨਾਲ ਭਰਪੂਰ ਹਰਿ-ਨਾਮ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਉਹਨਾਂ ਨੂੰ ਚੰਗਾ ਨਹੀਂ ਲੱਗਦਾ।੭।
ਹੇ ਭਾਈ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ। ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।੮।੨।