ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖ ਗੁਰੂਆਂ ਦਾ ਸਤਿਕਾਰ ਕਰਨ ਅਤੇ ਕੇਵਲ ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਮਹੱਤਤਾ ਬਾਰੇ ਉਪਦੇਸ਼ ਦਿੱਤਾ ਸੀ, ਜਦੋਂ ਕਿ ਗੁਰੂ ਰਾਮਦਾਸ ਜੀ ਵਰਗੇ ਸਿੱਖ ਗੁਰੂਆਂ ਦੇ ਨਾਵਾਂ ਦਾ ਜਾਪ ਕਰਨ ਵਾਲੇ ਕੀਰਤਨ ਕਿਉਂ ਕੀਤੇ ਜਾਂਦੇ ਹਨ?
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖ ਗੁਰੂਆਂ ਦਾ ਸਤਿਕਾਰ ਕਰਨ ਅਤੇ ਕੇਵਲ ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਮਹੱਤਤਾ ਬਾਰੇ ਉਪਦੇਸ਼ ਦਿੱਤਾ ਸੀ, ਜਦੋਂ ਕਿ ਗੁਰੂ ਰਾਮਦਾਸ ਜੀ ਵਰਗੇ ਸਿੱਖ ਗੁਰੂਆਂ ਦੇ ਨਾਵਾਂ ਦਾ ਜਾਪ ਕਰਨ ਵਾਲੇ ਕੀਰਤਨ ਕਿਉਂ ਕੀਤੇ ਜਾਂਦੇ ਹਨ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਸਾਹਿਬਾਨ ਦੀ ਬਾਣੀ ਵਿਚ ਜਿੱਥੇ ਵੀ ਰਾਮਦਾਸ, ਰਾਮਦਾਸ ਸਰੋਵਰ, ਰਾਮਦਾਸ ਪੁਰ ਲਫ਼ਜ਼ ਆਇਆ ਹੈ, ਉਹ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਵਾਸਤੇ ਨਹੀਂ ਆਇਆ ਹੈ। ਤੁਸੀਂ ਉਦਾਹਰਣਾਂ ਹੇਠਾਂ ਦੇਖ ਸਕਦੇ ਹੋ।
ਦੋ ਸ਼ਬਦਾਂ ਵਿਚ ਰਾਮਦਾਸ ਲਫ਼ਜ਼ ਦੱਖਣ ਵਿਚ ਬੈਰਾਗੀਆਂ ਦੀ ਇਕ ਸੰਪ੍ਰਦਾਇ ਜੋ ਨ੍ਰਿਤਕਾਰੀ ਕਰਦੇ ਹਨ ਜਾਂ ਰਾਸਧਾਰੀਆਂ, ਜੋ ਰੋਟੀ ਕਮਾਉਣ ਲਈ ਘੁੰਘਰੂ ਬੰਨ ਕੇ ਨਾਚ ਕਰਦੇ ਹਨ, ਵਾਸਤੇ ਇਸਤੇਮਾਲ ਕੀਤਾ ਗਿਆ ਹੈ।
ਹੁਣ ਆਉਂਦੇ ਹਾਂ ਬਾਬਾ ਸੁੰਦਰ ਜੀ (ਜੋ ਕਿ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ) ਦੀ ਕ੍ਰਿਤ ਰਾਮਕਲੀ ਸਦੁ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 923-924 ਤੇ ਸੁਸ਼ੋਭਿਤ ਹੈ, ਤੇ ਆਉਂਦੇ ਹਾਂ। ਇਸ ਵਿਚ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਦ੍ਰਿਸ਼ ਤੇ ਗੁਰੂ ਸਾਹਿਬ ਦੀ ਉਸ ਵੇਲੇ ਦਿੱਤੀ ਸਿੱਖਿਆ ਦਾ ਬਿਆਨ ਹੈ ਤੇ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਦਾ ਜ਼ਿਕਰ ਆਇਆ ਹੈ ਕਿਉਂਕਿ ਉਨ੍ਹਾਂ ਨੂੰ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਨੇ ਜਿਉਂਦਿਆਂ ਹੀ ਗੁਰਗੱਦੀ ਦੇ ਦਿੱਤੀ ਸੀ।
ਸੱਤੇ ਬਲਵੰਡ ਦੀ ਵਾਰ ਵਿਚ ਵੀ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਜੀ ਦਾ ਜ਼ਿਕਰ ਹੈ ਤੇ ਉਨ੍ਹਾਂ ਨੇ ਲਿੱਖਿਆ ਹੈ ਕਿ ਅਕਾਲਪੁਰਖ ਨੇ ਆਪਣੇ ਆਪ ਨੂੰ ਉਨ੍ਹਾਂ ਵਿਚ ਟਿਕਾਇਆ ਹੈ ਤੇ ਸੰਗਤਾਂ ਨੇ ਉਨ੍ਹਾਂ ਨੂੰ ਅਕਾਲਪੁਰਖ ਦਾ ਰੂਪ ਜਾਣ ਕੇ ਉਨ੍ਹਾਂ ਦੀ ਬੰਦਗੀ ਕੀਤੀ ਹੈ। ਦਾਸ ਤੁਹਾਨੂੰ ਦੱਸਣਾ ਚਾਹੇਗਾ ਕਿ ਭਾਈ ਸੱਤਾ ਤੇ ਬਲਵੰਡ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਸਮੇਂ ਹੋਏ ਸਨ।
ਹੁਣ ਆਉਂਦੇ ਹਾਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੀ ਉਸਤਤਿ ਵਿਚ ਉਚਾਰਨ ਕੀਤੇ ਸ਼ਬਦਾਂ ਵਲ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1389 ਤੋਂ 1409 ਤੇ ਸੁਸ਼ੋਭਿਤ ਹਨ। ਇਨ੍ਹਾਂ ਸ਼ਬਦਾਂ ਵਿਚ ਲਗਭਗ 44 ਵਾਰ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦੇ ਨਾਮ ਦਾ ਜ਼ਿਕਰ ਆਇਆ ਹੈ। ਇਹ ਸਵਈਏ ਵੀ ਭੱਟਾਂ ਨੇ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੇ ਸਾਹਮਣੇ ਉਚਾਰੇ ਹਨ।
ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੱਜੇ ਆਦਿ ਬੀੜ ਸੰਪਾਦਿਤ ਨਹੀਂ ਕੀਤੀ ਗਈ ਸੀ ਜਾਂ ਬੀੜ ਸੰਪਾਦਿਤ ਹੋ ਰਹੀ ਸੀ। ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਸਵੇਂ ਗੁਰੂ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਸੀ। ਉਸ ਤੋਂ ਪਹਿਲਾਂ ਸਿੱਖ ਸੰਗਤਾਂ ਗੁਰੂ ਸਰੀਰਾਂ ਨੂੰ ਹੀ ਅਕਾਲਪੁਰਖ ਦਾ ਰੂਪ ਜਾਣ ਕੇ ਬੰਦਗੀ ਕਰਦੀਆਂ ਸਨ। ਹਾਲਾਂ ਕਿ ਇਤਿਹਾਸ ਗਵਾਹ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਆਦਿ ਬੀੜ ਨੂੰ ਪੀਹੜੇ ਤੇ ਪ੍ਰਕਾਸ਼ ਕਰਦੇ ਸਨ ਅਤੇ ਆਪ ਭੁੰਜੇ ਸੋਂਦੇ ਹਨ।
ਇਸ ਸਾਰੀ ਵਿਚਾਰ ਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਰਚਿਤ ਬਾਣੀ ਵਿਚ ਰਾਮਦਾਸ ਲਫ਼ਜ਼ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਵਾਸਤੇ ਨਹੀਂ ਆਇਆ ਹੈ। ਸਿਰਫ਼ ਸਿੱਖਾਂ ਦੀ ਬਾਣੀ ਵਿਚ ਆਇਆ ਹੈ ਤੇ ਜਾਂ ਤਾਂ ਇਤਿਹਾਸਕ ਗਵਾਹੀ ਦੇਣ ਵਾਸਤੇ ਹੈ ਜਾਂ ਸਿੱਖਾਂ ਦੇ ਗੁਰੂ ਸਰੀਰਾਂ ਲਈ, ਜਿਨ੍ਹਾਂ ਨੂੰ ਉਹ ਅਕਾਲਪੁਰਖ ਦਾ ਰੂਪ ਜਾਣਦੇ ਸਨ, ਲਈ ਉਨ੍ਹਾਂ ਦੇ ਪਿਆਰ ਦੇ ਵਲਵਲੇ ਹਨ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ,
————————-
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥ {ਪੰਨਾ 275}
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥੬॥ {ਪੰਨਾ 275}
ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।
—————–
ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ {ਪੰਨਾ 612}
ਪਦ ਅਰਥ: ਰਾਮ ਦਾਸੁ = ਰਾਮ ਦਾ ਦਾਸ।
——————–
ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ {ਪੰਨਾ 623}
ਪਦ ਅਰਥ: ਰਾਮਦਾਸ ਸਰੋਵਰੁ = ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ
——————–
ਸੋਰਠਿ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ {ਪੰਨਾ 625}
ਪਦਅਰਥ: ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ = ਜਲ ਦਾ ਪ੍ਰਵਾਹ ਚੱਲਦਾ ਹੈ।
———————-
ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥ ਰਾਮ ਰਾਜ ਰਾਮਦਾਸ ਪੁਰਿ ਕੀਨ੍ਹ੍ਹੇ ਗੁਰਦੇਵ ॥੧॥ ਰਹਾਉ ॥ {ਪੰਨਾ 817}
ਪਦ ਅਰਥ: ਰਾਮਦਾਸ ਪੁਰਿ = ਰਾਮ ਦੇ ਦਾਸਾਂ ਦੇ ਸ਼ਹਿਰ ਵਿਚ, ਸਤਸੰਗੀਆਂ ਦੇ ਟਿਕਣ ਵਾਲੇ ਥਾਂ ਵਿਚ, ਸਾਧ ਸੰਗਤਿ ਵਿਚ।
————————
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥ ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥ (ਪੰਨਾ 1362)
ਪਦ ਅਰਥ: ਰਾਮਦਾਸ = ਰਾਮ ਦੇ ਦਾਸ। ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ ਸਤਸੰਗ!
ਅਰਥ: ਹੇ ਨਾਨਕ! (ਆਖ-) ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ) । ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ।10।
——————-
ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥ ਪਾਰਬ੍ਰਹਮ ਕਾ ਕਰਹਿ ਵਖਿਆਣ ॥ ਜੋਗੀ ਜਤੀ ਬੈਸਨੋ ਰਾਮਦਾਸ ॥ ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥ {ਪੰਨਾ 867}
ਪਦ ਅਰਥ: ਰਾਮਦਾਸ = (ਦੱਖਣ ਵਿਚ) ਬੈਰਾਗੀਆਂ ਦੀ ਇਕ ਸੰਪ੍ਰਦਾਇ ਜੋ ਨ੍ਰਿਤਕਾਰੀ ਕਰਦੇ ਹਨ।
————————-
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥ (ਪੰਨਾ 1003)
ਅਰਥ: (ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ; (ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ; (ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ।3।
————————
ਰਾਮਕਲੀ ਸਦੁ ॥ ੴ ਸਤਿਗੁਰ ਪ੍ਰਸਾਦਿ ॥ {ਪੰਨਾ 923}
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥ {ਪੰਨਾ 923}
ਪਦ ਅਰਥ: ਰਾਮਦਾਸ ਪੈਰੀ = ਗੁਰੂ ਰਾਮਦਾਸ ਜੀ ਦੇ ਪੈਰਾਂ ਉਤੇ।
ਅਰਥ: (ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ, (ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ।4।
—————————
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥ {ਪੰਨਾ 924}
ਪਦ ਅਰਥ: ਸਤਿਗੁਰੁ ਪੁਰਖੁ = ਪੂਰਾ ਗੁਰੂ, ਗੁਰੂ ਅਮਰਦਾਸ। ਰਜਾਇ = (ਗੁਰੂ ਦਾ) ਹੁਕਮ। ਰਾਮਦਾਸੈ ਪੈਰੀ = ਗੁਰੂ ਰਾਮਦਾਸ ਜੀ ਦੇ ਚਰਨਾਂ ਤੇ। ਪਾਇ = ਪੈ ਕੇ। ਸਨਮੁਖੁ ਹੋਇਆ = (ਗੁਰੂ ਅਮਰਦਾਸ ਜੀ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤਾ। ਸਭ = ਸਾਰੀ ਲੋਕਾਈ। ਕੇਰੀ = ਦੀ। ਸਤਿਗੁਰੂ ਕੇਰੀ = ਗੁਰੂ ਰਾਮਦਾਸ ਜੀ ਦੀ। ਜਿਥੈ = ਕਿਉਂਕਿ ਓਥੇ, ਕਿਉਂਕਿ ਗੁਰੂ ਰਾਮਦਾਸ ਜੀ ਵਿਚ। ਆਪੁ = (ਗੁਰੂ ਅਮਰਦਾਸ ਜੀ ਨੇ) ਆਪਣੇ ਆਪ ਨੂੰ, ਆਪਣਾ ਆਤਮਾ। ਬਖੀਲੀ = ਨਿੰਦਾ। ਆਣਿ = ਲਿਆ ਕੇ। ਗੁਰਹਿ ਭਾਣਾ = ਗੁਰੂ (ਅਮਰਦਾਸ ਜੀ ਨੂੰ) ਚੰਗਾ ਲੱਗਾ। ਦੀਈ = ਦਿੱਤੀ (ਗੁਰੂ ਰਾਮਦਾਸ ਜੀ ਨੂੰ) । ਲੇਖੁ ਰਜਾਇ = ਅਕਾਲ ਪੁਰਖ ਦਾ ਹੁਕਮ। ਪੈਰੀ ਪਾਇ = (ਗੁਰੂ ਰਾਮਦਾਸ ਜੀ ਦੇ) ਪੈਰਾਂ ਉੱਤੇ ਪਿਆ।6।1।
ਅਰਥ: ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।
ਸੁੰਦਰ ਆਖਦਾ ਹੈ– ਹੇ ਸੰਤਹੁ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ।6।1।
————————-
ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ ੴ ਸਤਿਗੁਰ ਪ੍ਰਸਾਦਿ ॥ {ਪੰਨਾ 966}
ਸੱਤੇ ਬਲਵੰਡ ਦੀ ਵਾਰ
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ {ਪੰਨਾ 968}
ਅਰਥ: ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
Please note that when BHAT SEHBAN used the names of the GURUS, they used in terms of spirituality, as spiritual beings and not to shower worldly praises. There is clear spiritual message in verses written by BHAT SEHBANS.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਭੱਟਾਂ ਦੇ ਸਵਈਏ ਸਟੀਕ ਦੇ ਪੰਨਾ 46 ਤੋਂ 63 ਤੱਕ ਸਮਝਾਉਂਦੇ ਹਨ ਕਿ ਭੱਟਾਂ ਦੀ ਬਾਣੀ ਦਾ ਮਜ਼ਮੂਨ ‘ਕੇਵਲ ਗੁਰੂ ਦੀ ਵਡਿਆਈ ਹੈ’ ਤੇ ਇਹ ਵਡਿਆਈ ਉਨ੍ਹਾਂ ਨੇ ਉਦੋਂ ਕੀਤੀ ਜਦੋਂ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦੇ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਭੱਟ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦੀ ਦਸਤਾਰ ਬੰਦੀ ਦੇ ਵਕਤ ਉੱਥੇ ਹਾਜ਼ਰ ਹੋਏ ਤੇ ਉਨ੍ਹਾਂ ਨੇ ਪਹਿਲੇ ਪੰਜਾਂ ਗੁਰੂ ਸਰੀਰਾਂ ਦੀ ਵਡਿਆਈ ਵਿਚ ਇਹ ਸਵਈਏ ੳਚਾਰੇ।
ਆਦਰ ਸਹਿਤ,
ਆਪ ਦਾ ਵੀਰ