Can anyone tell the lines above this and explain them as well please
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Can anyone tell the lines above this and explain them as well please
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਮਾਰੂ ਰਾਗ ਵਿਚ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਸ਼ਬਦ ਦੀ ਇੱਕ ਪੰਗਤੀ ‘ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ’ ਲਿੱਖ ਕੇ ਇਸ ਉੱਪਰ ਵਿਚਾਰ ਮੰਗੀ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1072-1073 ਤੇ ਸੁਸ਼ੋਭਿਤ ਹੈ।
ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੋਲਹੇ 16 ਬੰਦਾਂ ਵਾਲੇ ਸ਼ਬਦ ਹਨ। ਆਮ ਤੌਰ ਤੇ ਤਾਂ ਹਰੇਕ ਵਿਚ 16 ਬੰਦ (ਪਦ) ਹਨ, ਪਰ ਘੱਟ ਵਧ ਭੀ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸੋਲਹੇ ਅਸ਼ਟਪਦੀਆਂ ਦੇ ਮੁੱਕਣ ਤੇ ਦਰਜ ਹਨ। ਇਹਨਾਂ ਨੂੰ ਅਸ਼ਟਪਦੀਆਂ ਹੀ ਸਮਝਣਾ ਚਾਹੀਦਾ ਹੈ। ‘ਸੋਲਹੇ’ ਸਿਰਫ਼ ਮਾਰੂ ਰਾਗ ਵਿਚ ਹਨ। ਇਹਨਾਂ ਵਿਚ ‘ਰਹਾਉ’ ਦੀ ਤੁਕ ਨਹੀਂ ਹੈ।
ਲੰਬੇ ਸ਼ਬਦ ਹਨ ਤੇ ਤੁਹਾਡੇ ਦੁਆਰਾ ਪੁੱਛੀ ਗਈ ਪੰਗਤੀ ਜਿਸ ਸ਼ਬਦ ਵਿਚੋਂ ਹੈ, ਉਹ ਪੂਰਾ ਸ਼ਬਦ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ।
ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਜੀਵਾਤਮਾ-ਪਤੀ ਤੇ ਕਾਇਆਂ-ਇਸਤ੍ਰੀ ਦੇ ਦੁਨਿਆਵੀ ਜੀਵਨ ਤੇ ਅਧਿਆਤਮਕ ਜੀਵਨ ਦੋਂਨਾਂ ਦਾ ਚਿਤਰਨ ਕੀਤਾ ਹੈ ਕਿ ਕਾਇਆਂ-ਇਸਤ੍ਰੀ ਮਾਇਆ ਵਿਚ ਫ਼ਸ ਕੇ ਆਪਣੇ ਜੀਵਾਤਮਾ-ਪਤੀ ਕੋਲੋਂ ਕੀ ਚਾਹੁੰਦੀ ਹੈ ਪਰ ਕਿਉਂਕਿ ਉਹ ਅਕਾਲਪੁਰਖ ਦੇ ਹੁਕਮ ਵਿਚ ਹੈ, ਇਸ ਲਈ ਉਹ ਕੋਈ ਵੀ ਮਤਾ ਪਕਾਏ ਬਿਨਾਂ ਕਾਇਆਂ-ਇਸਤ੍ਰੀ ਨੂੰ ਛੱਡ ਕੇ ਚਲਾ ਜਾਂਦਾ ਹੈ। ਅਸਲ ਵਿਚ ਗੁਰੂ ਸਾਹਿਬ ਮਨ ਦੇ ਪਿੱਛੇ ਲੱਗ ਕੇ ਆਵਾਗਉਣ ਦੇ ਚੱਕਰ ਵਿਚ ਪੈਣ ਤੋਂ ਵਰਜਦੇ ਹਨ ਤੇ ਸਮਝਾਂਦੇ ਹਨ ਕਿ ਸਾਧ ਸੰਗਤ ਵਿਚ ਜੁੜਕੇ, ਗੁਰੂ ਦੀ ਸ਼ਰਨ ਵਿਚ ਪੈ ਕੇ ਆਪਣੇ ਵਿਕਾਰ ਛੱਡ ਕੇ, ਆਤਮਕ ਆਨੰਦ ਮਾਣਦੇ ਹੋਏ ਸੁਖਾਂ ਦੇ ਦਾਤੇ ਪਰਮਾਤਮਾ ਨੂੰ ਆਤਮਕ ਤੌਰ ਤੇ ਮਿਲ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਕਰ ਜਾ।
ਆਪ ਜੀ ਦਾ ਇਸ ਤੋਂ ਅੱਗੇ ਕੋਈ ਸਵਾਲ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਆਦਰ ਸਹਿਤ,
ਤੁਹਾਡਾ ਵੀਰ
————————–
ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸੰਗੀ ਜੋਗੀ ਨਾਰਿ ਲਪਟਾਣੀ ॥ ਉਰਝਿ ਰਹੀ ਰੰਗ ਰਸ ਮਾਣੀ ॥ ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥ ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥ ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥ ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥ ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥ ਜੋ ਪਾਵੈ ਸੋ ਆਣਿ ਦਿਖਾਵੈ ॥ ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥ ਧਨ ਕਰੈ ਬਿਨਉ ਦੋਊ ਕਰ ਜੋਰੈ ॥ ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥ ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥ ਸਗਲੇ ਕਰਮ ਧਰਮ ਜੁਗ ਸਾਧਾ ॥ ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥ ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥ {ਪੰਨਾ 1072}
ਧਨ ਅੰਧੀ ਪਿਰੁ ਚਪਲੁ ਸਿਆਨਾ ॥ ਪੰਚ ਤਤੁ ਕਾ ਰਚਨੁ ਰਚਾਨਾ ॥ ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥ ਧਨ ਕਹੈ ਤੂ ਵਸੁ ਮੈ ਨਾਲੇ ॥ ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥ ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥ ਪਿਰਿ ਕਹਿਆ ਹਉ ਹੁਕਮੀ ਬੰਦਾ ॥ ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥ ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥ ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ ਧਨ ਕਛੂ ਨ ਸਮਝੈ ਚੰਚਲਿ ਕਾਚੇ ॥ ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ ਆਈ ਆਗਿਆ ਪਿਰਹੁ ਬੁਲਾਇਆ ॥ ਨਾ ਧਨ ਪੁਛੀ ਨ ਮਤਾ ਪਕਾਇਆ ॥ ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ {ਪੰਨਾ 1073}
ਰੇ ਮਨ ਲੋਭੀ ਸੁਣਿ ਮਨ ਮੇਰੇ ॥ ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥ ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥ ਮਨਮੁਖਿ ਆਵੈ ਮਨਮੁਖਿ ਜਾਵੈ ॥ ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥ ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ ਹਉ ਬਲਿਹਾਰੀ ਸਤਿਗੁਰ ਪੂਰੇ ॥ ਸਰਣਿ ਕੇ ਦਾਤੇ ਬਚਨ ਕੇ ਸੂਰੇ ॥ ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥ ਗੁਣ ਨਿਧਾਨ ਕਿਛੁ ਕੀਮ ਨ ਪਾਈ ॥ ਘਟਿ ਘਟਿ ਪੂਰਿ ਰਹਿਓ ਸਭ ਠਾਈ ॥ ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥ {ਪੰਨਾ 1073}
ਅਰਥ: ਹੇ ਭਾਈ! (ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, (ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ। ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ।1।
ਹੇ ਭਾਈ! ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ। ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ।2।
ਹੇ ਭਾਈ! ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ। ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ। (ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ।3।
ਹੇ ਭਾਈ! ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ– ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ। ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ।4।
ਪਰ, ਹੇ ਭਾਈ! ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ। ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ। ਹੇ ਨਾਨਕ! ਜਦੋਂ ਸਾਧ ਸੰਗਤਿ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ।5।
ਹੇ ਭਾਈ! ਮਾਇਆ-ਗ੍ਰਸੀ ਕਾਇਆਂ ਦੀ ਸੰਗਤਿ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ। ਹੇ ਭਾਈ! ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ।6।
ਹੇ ਭਾਈ! ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ– ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! ਤੂੰ ਸਦਾ ਮੇਰੇ ਨਾਲ ਵੱਸਦਾ ਰਹੁ। ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।7।
ਹੇ ਭਾਈ! (ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ: ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ। ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ।8।
ਹੇ ਭਾਈ! ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ, ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ। ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ।9।
ਹੇ ਭਾਈ! ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ, ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ। ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ।10।
ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ; ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ। ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ।11।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ।12।
ਹੇ ਭਾਈ! ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ। ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ। ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ।13।
ਹੇ ਭਾਈ! ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ। ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ। (ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ।14।
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ। ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ। ਹੇ ਨਾਨਕ! (ਆਖ-) ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ।15।1।2।