ਸਤਿਕਾਰ ਯੋਗ ਵਿਦਵਾਨ ਵੀਰ ਕੰਡੋਲਾ ਜੀ ਨੇ ਕਿਹਾ ਸੀ ਤੇ ਵਿਦਵਾਨ ਭੈਣ ਮਨਦੀਪ ਕੌਰ ਜੀ ਨੇ ਇਹ ਹੀ ਗੱਲ ਪੱਕੀ ਕੀਤੀ ਹੈ ਕਿ ਹੁਕਮ, ਰਜ਼ਾ ਤੇ ਭਾਣਾ ਗੁਰਬਾਣੀ ਅਨੁਸਾਰ ਇੱਕੋ ਹੀ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 71 ਤੇ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ:-
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਕੀ ਅਸੀਂ ਇਸ ਦਾ ਅਰਥ ਇਹ ਲੈ ਸਕਦੇ ਹਾਂ ਕਿ ਹੁਕਮ/ਭਾਣੇ/ਰਜ਼ਾ ਵਿਚ ਰਹਿਣਾ ਤੇ ਅਕਾਲਪੁਰਖ ਨੂੰ ਆਪਣੇ ਚਿੱਤ ਵਿਚ ਰੱਖਣਾ ਹੀ ਨਾਮ ਜਪਣਾ ਹੈ? ਜਾਂ ਫ਼ਿਰ ਜਿਵੇਂ ਆਮ ਤੌਰ ਤੇ ਦੱਸਿਆ ਜਾਂਦਾ ਹੈ ਕਿ ਇਕਾਂਤ ਵਿਚ ਬੈਠ ਕੇ, ਘੰਟੋਂ ਬੱਧੀ ਚੌਕੜੀ ਮਾਰ ਕੇ, ਅੱਖਾਂ ਮੀਟ ਕੇ, ਮਾਲਾ ਫੇਰ ਕੇ ਕੀਤਾ ਗਿਆ ਸਿਮਰਨ ਹੀ ਸਿਮਰਨ ਹੈ।ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਹੁਕਮ, ਰਜ਼ਾ ਤੇ ਭਾਣਾ
Share
ਸਤਿਕਾਰਯੋਗ ਵੀਰ ਜੀ/ ਭੈਣ ਜੀ
ਗੁਰਬਾਣੀ ਦਾ ਫੁਰਮਾਨ ਹੈ
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ ਹਰਿ ਜਪਿ ਪੜੀਐ ਹਉਮੈ ਮਾਰਿ ॥ ਹਰਿ ਜਪੀਐ ਭਇ ਸਚਿ ਪਿਆਰਿ ॥ ਨਾਨਕ ਨਾਮੁ ਗੁਰਮਤਿ ਉਰ ਧਾਰਿ ॥(SGGS JI,P:423)
ਭਾਵ ਹੈ ਕਿ ਹਰੀ ਦਾ ਪੜਨਾ ਅਤੇ ਜਪਣਾ ਤੋਂ ਮਤਲਬ ਹੈ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ , ਸਮਝਣਾ ਅਤੇ ਉਸ ਅਨੁਸਾਰ ਜੀਵਨ ਜੀਊਣਾ ।ਇਸ ਤਰ੍ਹਾਂ ਹੰਕਾਰ ਦੀ ਬਿਰਤੀ ਅਤੇ ਵਿਕਾਰ ਖਤਮ ਹੋ ਜਾਂਦੇ ਹਨ।ਸੱਚ ਦੇ ਰਸਤੇ ਤੇ ਚੱਲਣਾ।ਇਹੋ ਹੀ ਹੈ ਨਾਮ ਜਪਣਾ।ਘੰਟਿਆਂ ਬੱਧੀ ਚੌਂਕੜੀ ਮਾਰਕੇ ਬੈਠੇ ਰਹਿਣਾ, ਅੱਖਾਂ ਬੰਦ ਰੱਖਣੀਆ ਆਦਿ ਇਹ ਕੋਈ ਸਿਮਰਨ ਨਹੀਂ ਹੈ।ਗੁਰਬਾਣੀ ਦਾ ਸਪੱਸ਼ਟ ਫੁਰਮਾਨ ਹੈ
ਹਰਿ ਜਨ ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਕੇ ਪੂਰਨ ਦਾਸ ਕੇ ਕਾਮ ॥(702)
ਭਾਵ ਹੈ ਕਿ ਅਕਾਲ ਪੁਰਖ ਨੂੰ ਹਿਰਦੇ ਤੋਂ ਯਾਦ ਕਰਨਾ ਹੈ।ਜਿਸ ਹਿਰਦੇ ਵਿਚ ਹਰੀ ਦਾ ਵਾਸਾ ਹੋ ਗਿਆ ਭਾਵ ਸ਼ੁਭ ਗੁਣ ਵੱਸ ਗਏ ਫਿਰ ਵਿਕਾਰਾਂ ਦਾ ਹਮਲਾ ਨਹੀਂ ਹੁੰਦਾ।ਅਵਸਥਾ ਸਹਿਜ ਵਾਲੀ ਹੋ ਜਾਂਦੀ ਹੈ ਇਹੋ ਹੀ ਅਸਲ ਵਿੱਚ ਸਿਮਰਨ ਹੈ।
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥
ਪੂਰੇ ਗੁਰੂ ਦਾ ਉਪਦੇਸ਼ ਧਿਆਨ ਨਾਲ ਸੁਣਨਾ ਤੇ ਮੰਨਣਾ ਹੈ, ਸੁਆਸ ਸੁਆਸ ਨਾਲ ਉਸ ਉਪਦੇਸ਼ ਨੂੰ ਜੀਊਣਾ ਹੈ ਇਹੋ ਸਿਮਰਨ ਹੈ ਇਸ ਤਰ੍ਹਾਂ ਮਨ ਦੀਆਂ ਚਿੰਤਾਵਾਂ ਵੀ ਖਤਮ ਹੁੰਦੀਆਂ ਹਨ ਭਾਵ ਔਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।ਜਦੋਂ ਔਗੁਣ ਛੁੱਟ ਗਏ , ਗੁਣਾਂ ਵਾਲਾ ਜੀਵਨ ਬਣ ਗਿਆ ਤਾਂ ਸਿਮਰਨ ਵਿੱਚ ਰਹਿਣ ਲੱਗ ਪਏ, ਸਮਝੋ ਹੁਕਮ ਵਿੱਚ ਰਹਿਣ ਲੱਗ ਪਏ।ਗੁਰਬਾਣੀ ਪੜਦਿਆਂ ਵੀਚਾਰਦਿਆ ਇਹ ਵੀ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਕੇ ਕਾਰ ਕਰਨ ਨੂੰ ਸਿਮਰਨ ਕਿਹਾ ਗਿਆ ਹੈ।