How does the concept of “ਸੋਚੈ ਸੋਚਿ ਨ ਹੋਵਈ” relate to the concept of surrendering to the will of God in Sikhism?
How does the concept of “ਸੋਚੈ ਸੋਚਿ ਨ ਹੋਵਈ” relate to the concept of surrendering to the will of God in Sikhism?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥’ ਨਾਲ ਜਪੁ ਬਾਣੀ ਦੀ ਪਹਿਲੀ ਪਉੜੀ ਦਾ ਆਰੰਭ ਹੁੰਦਾ ਹੈ:-
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਨ ਤੇ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ, ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪ੍ਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।
ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ।
‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।’ ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਨ ਤੇ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ ‘ਮਨ’ ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ ‘ਮਨ ਦੀ ਸੁੱਚ’, ਦੂਜੀ ਵਿਚ ‘ਮਨ ਦੀ ਚੁੱਪ’, ਤੀਜੀ ਵਿਚ ‘ਮਨ ਦੀ ਭੁੱਖ’ ਅਤੇ ਚੌਥੀ ਵਿਚ ‘ਮਨ ਦੀ ਸਿਆਣਪ’ ਦਾ ਹਾਲ ਦੱਸਿਆ ਹੈ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ਦੇ ਅਰਥ ਹਨ:-
(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।
ਇਸ ਦਾ ਭਾਵ ਹੈ ਕਿ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅਰਥਾਤ ਅਰਥ ਕੀਤੇ ਹਨ, ਉਨ੍ਹਾਂ ਨੇ ਅਰਥ ਕਰਨ ਤੋਂ ਬਾਅਦ ਇੱਕ ਗੁਰਮਤਿ ਸਿਧਾਂਤ ‘ਕਿਵ ਕੂੜੈ ਤੁਟੈ ਪਾਲਿ’ ਦੇ ਸਿਰਲੇਖ ਹੇਠਾਂ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੂਰਾ ਗੁਰੂ ਗ੍ਰੰਥ ਸਾਹਿਬ ਇਸ ਤੁਕ :ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।’ ਦੀ ਵਿਆਖਿਆ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ