Thanks in advance
ਸਿੱਖੀ ਵਿੱਚ ਦ੍ਰਿੜਤਾ ਕਿਵੇਂ ਪਾਈਏ ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Thanks in advance
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਸਿੱਖੀ ਵਿੱਚ ਦ੍ਰਿੜਤਾ ਕਿਵੇਂ ਪਾਈਏ।
ਦਾਸ ਦੀ ਸਮਝ ਅਨੁਸਾਰ ਦ੍ਰਿੜਤਾ ਦਾ ਅਰਥ ਹੈ ਆਤਮਕ ਬਲ ਜਾਂ ਆਤਮਕ ਅਡੋਲਤਾ ਜੋ ਸਿਰਫ਼ ਤੇ ਸਿਰਫ਼ ਗੁਰੂ ਸ਼ਬਦ ਨਾਲ ਜੁੜ ਕੇ, ਗੁਰੂ ਦੇ ਉਪਦੇਸ਼ ਨੂੰ ਮਨ ਵਿਚ ਵਸਾ ਕੇ, ਗੁਰੂ ਦੀ ਸਿੱਖਿਆ ਤੇ ਚੱਲ ਕੇ, ਗੁਣ ਧਾਰਨ ਕਰਕੇ, ਔਗੁਣ ਛੱਡ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਗਉੜੀ ਰਾਗ ਵਿਚ ਇੱਕ ਅਸ਼ਟਪਦੀ ਦਾ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 236-237 ਤੇ ਸੁਸ਼ੋਭਿਤ ਹੈ, ਮੂਲ ਪਾਠ ਤੇ ਅਰਥ ਹੇਠਾਂ ਤੁਹਾਡੇ ਧਿਆਨ ਵਾਸਤੇ ਹੇਠਾਂ ਦੇ ਰਿਹਾ ਹਾਂ। ਤੁਸੀਂ ਦੇਖੋਗੇ ਕਿ ਦ੍ਰਿੜਤਾ ਲਫ਼ਜ਼ ਰਹਾਉ ਦੀ ਤੁਕ ਵਿਚ ਹੀ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਰਹਾਉ ਦੀ ਤੁਕ ਵਿਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ।
ਗੁਰੂ ਸਾਹਿਬ ਇਹ ਹੀ ਸਿੱਖਿਆ ਦੇ ਰਹੇ ਹਨ ਕਿ ਜਿਹੜਾ ਮਨੁੱਖ/ਸਿੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਕਾਮਾਦਿਕ ਪੰਜਾਂ ਵਿਕਾਰਾਂ ਨਾਲੋਂ ਆਪਣਾ ਰਿਸ਼ਤਾ ਤੋੜ ਲੈਂਦਾ ਹੈ, ਦਸਾਂ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ, ਜਿਸ ਦਾ ਸਦਕਾ ਉਸ ਮਨੁੱਖ ਤੇ ਪਰਮਾਤਮਾ ਦੀ ਕ੍ਰਿਪਾ ਹੁੰਦੀ ਹੈ ਤੇ ਉਸ ਨੂੰ ਆਤਮਕ ਬਲ ਜਾਂ ਅਡੋਲਤਾ ਮਿਲਦੀ ਹੈ। ਬਾਕੀ ਸਾਰੇ ਸ਼ਬਦ ਵਿਚ ਇਸੇ ਵਿਚਾਰ ਦੀ ਵਿਆਖਿਆ ਹੈ ਕਿ ਆਤਮਕ ਤੌਰ ਤੇ ਅਡੋਲ ਮਨੁੱਖ/ਸਿੱਖ ਕੀ ਗੁਣ ਧਾਰਨ ਕਰਦਾ ਹੈ ਤੇ ਉਸ ਦਾ ਸਦਕਾ ਉਸ ਨੂੰ ਕੀ ਸੁਖ ਮਿਲਦਾ ਹੈ। ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————
ਗਉੜੀ ਮਹਲਾ ੫ ॥ ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥ ਪੰਚ ਜਨਾ ਸਿਉ ਸੰਗੁ ਨਿਵਾਰੈ ॥ ਦਸ ਇੰਦ੍ਰੀ ਕਰਿ ਰਾਖੈ ਵਾਸਿ ॥ ਤਾ ਕੈ ਆਤਮੈ ਹੋਇ ਪਰਗਾਸੁ ॥੧॥ ਐਸੀ ਦ੍ਰਿੜਤਾ ਤਾ ਕੈ ਹੋਇ ॥ ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥ ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥ ਜੇਤਾ ਬੋਲਣੁ ਤੇਤਾ ਗਿਆਨੈ ॥ ਜੇਤਾ ਸੁਨਣਾ ਤੇਤਾ ਨਾਮੁ ॥ ਜੇਤਾ ਪੇਖਨੁ ਤੇਤਾ ਧਿਆਨੁ ॥੨॥ ਸਹਜੇ ਜਾਗਣੁ ਸਹਜੇ ਸੋਇ ॥ ਸਹਜੇ ਹੋਤਾ ਜਾਇ ਸੁ ਹੋਇ ॥ ਸਹਜਿ ਬੈਰਾਗੁ ਸਹਜੇ ਹੀ ਹਸਨਾ ॥ ਸਹਜੇ ਚੂਪ ਸਹਜੇ ਹੀ ਜਪਨਾ ॥੩॥ ਸਹਜੇ ਭੋਜਨੁ ਸਹਜੇ ਭਾਉ ॥ ਸਹਜੇ ਮਿਟਿਓ ਸਗਲ ਦੁਰਾਉ ॥ ਸਹਜੇ ਹੋਆ ਸਾਧੂ ਸੰਗੁ ॥ ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥ ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥ ਸਹਜੇ ਦੁਬਿਧਾ ਤਨ ਕੀ ਨਾਸੀ ॥ ਜਾ ਕੈ ਸਹਜਿ ਮਨਿ ਭਇਆ ਅਨੰਦੁ ॥ ਤਾ ਕਉ ਭੇਟਿਆ ਪਰਮਾਨੰਦੁ ॥੫॥ ਸਹਜੇ ਅੰਮ੍ਰਿਤੁ ਪੀਓ ਨਾਮੁ ॥ ਸਹਜੇ ਕੀਨੋ ਜੀਅ ਕੋ ਦਾਨੁ ॥ ਸਹਜ ਕਥਾ ਮਹਿ ਆਤਮੁ ਰਸਿਆ ॥ ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ ਸਹਜੇ ਆਸਣੁ ਅਸਥਿਰੁ ਭਾਇਆ ॥ ਸਹਜੇ ਅਨਹਤ ਸਬਦੁ ਵਜਾਇਆ ॥ ਸਹਜੇ ਰੁਣ ਝੁਣਕਾਰੁ ਸੁਹਾਇਆ ॥ ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ ਸਹਜੇ ਜਾ ਕਉ ਪਰਿਓ ਕਰਮਾ ॥ ਸਹਜੇ ਗੁਰੁ ਭੇਟਿਓ ਸਚੁ ਧਰਮਾ ॥ ਜਾ ਕੈ ਸਹਜੁ ਭਇਆ ਸੋ ਜਾਣੈ ॥ ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ {ਪੰਨਾ 236-237}
ਅਰਥ: (ਹੇ ਭਾਈ!) ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ ਆਤਮਕ ਬਲ ਪੈਦਾ ਹੁੰਦਾ ਹੈ, (ਕਿ) ।1। ਰਹਾਉ।
ਉਹ ਮਨੁੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ, ਦਸਾਂ ਹੀ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ ਤੇ ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) ।1।
(ਹੇ ਭਾਈ!) ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ, ਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ, ਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸੁਣਦਾ ਹੈ, ਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤਿ ਜੋੜਨ ਦਾ ਕਾਰਣ ਹੀ ਬਣਦਾ ਹੈ।2।
ਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ; ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ; ਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ; ਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ।3।
ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹੀ ਉਹ ਖਾਣ-ਪੀਣ ਦਾ ਵਿਹਾਰ ਕਰਦਾ ਹੈ, ਆਤਮਕ ਅਡੋਲਤਾ ਵਿਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ; ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਮਿਟ ਜਾਂਦਾ ਹੈ; ਆਤਮਕ ਅਡੋਲਤਾ ਵਿਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ।4।
ਜੇ ਉਹ ਘਰ ਵਿਚ ਹੈ ਤਾਂ ਭੀ ਆਤਮਕ ਅਡੋਲਤਾ ਵਿਚ, ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ ਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ। (ਹੇ ਭਾਈ!) ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ।5।
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ, ਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤਿ ਦੇਂਦਾ ਹੈ; ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ।6।
ਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ; ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ। (ਹੇ ਭਾਈ!) ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ।7।
(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ, ਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।
(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ, ਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ।8।3।