Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਨਿਰਭਉ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਆਪਣੇ ਸਵਾਲ ਵਿਚ ਇੱਕ ਪੰਕਤੀ ‘ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ॥’ ਲਿੱਖ ਕੇ ਸ਼ਬਦ ਦੀ ਵਿਚਾਰ ਮੰਗੀ ਹੈ।
ਜਿਸ ਸ਼ਬਦ ਦੀ ਤੁਸੀਂ ਪੰਕਤੀ ਲਿੱਖੀ ਹੈ, ਉਹ ਸ਼ਬਦ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 27 ਤੇ ਸੁਸ਼ੋਭਿਤ ਹੈ। ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜਿਨ੍ਹਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮਨ ਦੇ ਮਾਇਆ ਵਿਚ ਫ਼ਸਣ ਤੇ ਹੀ ਸਿੱਖ ਨਵੀਂ ਜੂਨ ਵਿਚ ਪੈ ਜਾਂਦਾ ਹੈ। ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਗੁਰਬਾਣੀ ਮਰ ਕੇ ਜੂਨਾਂ ਵਿਚ ਪੈਣ ਦੇ ਸਿਧਾਂਤ ਨੂੰ ਮੰਨਦੀ ਨਹੀਂ ਹੈ ਤੇ ਸਿੱਖ ਦੇ ਮਨ ਨੇ ਜਿਸ ਛਿੰਨ ਵੀ ਮਾਇਆ ਵਿਚ ਫ਼ਸਣਾ ਹੈ, ਉਸ ਨੇ ਨਵੀਂ ਜੂਨ ਵਿਚ ਪੈ ਜਾਣਾ ਹੈ। ਇਸ ਲਈ ਚੁਰਾਸੀ ਲੱਖ ਜੂਨਾਂ ਦਾ ਸਿਧਾਂਤ ਸਿੱਖੀ ਸਿਧਾਂਤ ਨਾਂਹ ਹੋ ਕੇ ਹਿੰਦੂ ਧਰਮ ਦਾ ਸਿਧਾਂਤ ਹੈ।
ਪੰਨਾ ੬੯੩ ਤੇ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ:-
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ।।ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ ਅਰਥਾਤ
ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।”
ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਆਪਣੇ ਹੇਠਾਂ ਦਿੱਤੇ ਸ਼ਬਦ ਵਿਚ ਮਨੁੱਖ/ਸਿੱਖ ਨੂੰ ਵਿਕਾਰਾਂ ਤੋਂ ਛੁਟਕਾਰਾ ਪਾਉਣ ਤੇ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨ ਦੀ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਤੇ ਉੱਚੀ ਆਤਮਿਕ ਅਵਸਥਾ ਵਿਚ ਪਹੁੰਚਣ ਦੀ ਪ੍ਰੇਰਨਾ ਦੇ ਰਹੇ ਹਨ।
ਇਸ ਸ਼ਬਦ ਵਿਚ ਗੁਰੂ ਸਾਹਿਬ ਪੂਰਬਲੇ ਜੀਵਨ (ਅਰਥਾਤ ਜਨਮ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਨਾਂਹ ਕੇ ਕਿਸੇ ਪਿੱਛਲੇ ਜਨਮ) ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਕਮਾਈ ਕਰਨ ਦੀ ਗੱਲ ਵੀ ਕਰ ਰਹੇ ਹਨ ਤੇ ਨਾਲ ਇਹ ਵੀ ਸਿੱਖਿਆ ਦੇ ਰਹੇ ਹਨ ਕਿ ਕੋਈ ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਤੇ ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪੈਣ ਤੇ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਅਰਥਾਤ ਅਰਥ ਕਰਨ ਤੋਂ ਬਾਅਦ ਇੱਕ ਗੁਰਮਤਿ ਸਿੱਧਾਂਤ “ਕਿਵ ਕੂੜੈ ਤੁਟੈ ਪਾਲਿ” ਦਿੱਤਾ ਹੈ ਜਿਸ ਵਿਚ ‘ਕਰਮ ਅਤੇ ਉਹਨਾਂ ਦਾ ਪ੍ਰਭਾਵ’ ਦੇ ਸਿਰਲੇਖ ਹੇਠਾਂ ਪੇਂਡੂ ਬੱਚੇ ਦੀ ਉਦਾਹਰਣ ਦਿੰਦੇ ਹੋਏ ਸੰਸਕਾਰਾਂ ਦੇ ਬਣਨ ਤੇ ਮਿਟਣ ਬਾਰੇ ਆਪਣੀ ਵਿਚਾਰ ਦੇਂਦੇ ਹੋਏ ਲਿਖਦੇ ਹਨ:-
“ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀਹ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਪ੍ਰਰੇਦੇ ਰਹਿੰਦੇ ਹਨ।
ਜਦ ਤੋਂ ਦੁਨੀਆਂ ਬਣੀ ਹੈ ਜਦ ਤਕ ਬਣੀ ਰਹੇਗੀ, ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਊ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ’, ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’।”
ਇਸ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੇ ਮਨ ਵਿਚ ਜੋ ਚੰਗੇ ਜਾਂ ਮਾੜ੍ਹੇ ਸੰਸਕਾਰ ਜਨਮ ਤੋਂ ਬਾਅਦ ਬਣਦੈ ਹਨ, ਉਹ ਹੀ ਉਸ ਦੇ ਜੀਵਨ ਨੂੰ ਚਲਾਉਂਦੇ ਹਨ। ਪਰ ਇਸ ਬਣਤਰ ਨੂੰ ਬਦਲਿਆ ਜਾ ਸਕਦਾ ਹੈ।
ਰਾਮਕਲੀ ਰਾਗ ਵਿਚ ਆਪਣੀ ਬਾਣੀ ਅਨੰਦੁ ਸਾਹਿਬ ਵਿਚ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਸਿੱਖਿਆ ਦਿੰਦੇ ਹਨ ਕਿ ‘ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥’ ਅਰਥਾਤ ‘(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।’
ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥ (ਪੰਨਾ 400)
ਅਰਥ: ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ) , ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ।1। ਰਹਾਉ।
ਗੁਰੁ ਸਾਹਿਬ ਦੀ ਸਿੱਖਿਆ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਜਦੋਂ ਮਨੁੱਖ ਆਪਣੀ ਜ਼ਿੰਦਗੀ ਨੂੰ ਬਦਲੇਗਾ ਅਰਥਾਤ ਉਸਦਾ ਮਨ ਮਾੜੇ/ਭੈੜੇ ਸੰਸਕਾਰਾਂ ਤੇ ਵਿਕਾਰਾਂ ਤੋਂ ਛੁਟਕਾਰਾ ਪਾਵੇਗਾ, ਉਹ ਸਚਿਆਰ (ਗੁਰਮੁਖ) ਬਣੇਗਾ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜੇਗਾ ਅਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚੇਗਾ। ਫਿਰ ਮਨ ਦੇ ਕੋਈ ਮਾੜੇ/ਭੈੜੇ ਸੰਸਕਾਰ ਉਸ ਦੇ ਜੀਵਨ ਨੂੰ ਨਹੀਂ ਚਲਾ ਸਕਣਗੇ ਕਿਉਂਕਿ ਉਹ ਮਨਮੁਖ ਅਵਸਥਾ ਵਿਚ ਨਾਂਹ ਹੋ ਕੇ ਗੁਰਮੁਖ ਅਵਸਥਾ ਵਿਚ ਹੋਵੇਗਾ। ਇਸ ਤਰ੍ਹਾਂ ਚਲਦੇ ਚਲਦੇ ਉਹ ਮਨੁੱਖ/ਸਿੱਖ ਆਪਣੇ ਇਸੇ ਜੀਵਨ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋ ਸਕੇਗਾ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————
ਸਿਰੀਰਾਗੁ ਮਹਲਾ ੩ ਘਰੁ ੧ ॥ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ {ਪੰਨਾ 27}
ਅਰਥ: ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ। (ਹੇ ਭਾਈ!) ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ।1। ਰਹਾਉ।
(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ (ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। (ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ।1।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ। (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ, ਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ।2।
ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ, (ਇਸ ਤਰ੍ਹਾਂ) ਉਹਨਾਂ ਦੀ ਮਤਿ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ; ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ। ਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।3।
(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ। ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ। (ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ। (ਗੁਰੂ ਦੀ ਸਹੈਤਾ ਨਾਲ) ਪਰਮਾਤਮਾ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ। ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ।4।
ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ। ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ। ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ ਸਭ ਜੀਵਾਂ ਦੀ ਸੰਭਾਲ ਕਰਦਾ ਹੈ।
ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ।5।3। 36।
ਬਹੁਤ ਬਹੁਤ ਧੰਨਵਾਦ ਵੀਰ ਜੀਓ