ਮੈਨੂੰ ਇਹ ਸਮਝਣਾ ਔਖਾ ਕਿਉਂ ਹੈ ਕਿ ਇਹ ਸੰਸਾਰ ਅਤੇ ਇਸ ਦੇ ਮਾਮਲੇ ਅਸਲੀ ਨਹੀਂ ਹਨ? ਕੋਈ ਕਿਵੇਂ ਸਿੱਖ ਸਕਦਾ ਹੈ ਕਿ ਇੱਕ ਦਿਨ ਸਾਨੂੰ ਸਭ ਕੁਝ ਪਿੱਛੇ ਛੱਡਣਾ ਪਵੇਗਾ, ਇਸ ਲਈ ਸਾਨੂੰ ਪਦਾਰਥਵਾਦੀ ਨਹੀਂ ਹੋਣਾ ਚਾਹੀਦਾ।
ਮੈਨੂੰ ਇਹ ਸਮਝਣਾ ਔਖਾ ਕਿਉਂ ਹੈ ਕਿ ਇਹ ਸੰਸਾਰ ਅਤੇ ਇਸ ਦੇ ਮਾਮਲੇ ਅਸਲੀ ਨਹੀਂ ਹਨ? ਕੋਈ ਕਿਵੇਂ ਸਿੱਖ ਸਕਦਾ ਹੈ ਕਿ ਇੱਕ ਦਿਨ ਸਾਨੂੰ ਸਭ ਕੁਝ ਪਿੱਛੇ ਛੱਡਣਾ ਪਵੇਗਾ, ਇਸ ਲਈ ਸਾਨੂੰ ਪਦਾਰਥਵਾਦੀ ਨਹੀਂ ਹੋਣਾ ਚਾਹੀਦਾ।
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਸਿਰੀ ਰਾਗ ਵਿਚ ਦੋ ਨਾਲ ਨਾਲ ਦੇ ਸ਼ਬਦਾਂ ਦੀਆਂ ਤੁਕਾਂ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 61-62 ਤੇ ਸੁਸ਼ੋਭਿਤ ਹਨ।
ਇਨ੍ਹਾਂ ਵਿਚ ਗੁਰੂ ਸਾਹਿਬ ਮਨੁੱਖ/ਸਿੱਖ ਨੂੰ ਉਪਦੇਸ਼ ਦੇ ਰਹੇ ਹਨ ਕਿ ਮੋਹ ਵਿਚ ਨਾਂਹ ਫੱਸ ਬਲਕਿ ਆਪਣੇ ਆਪ ਨੂੰ ਇਸ ਨਾਸ਼ਵਾਨ ਸੰਸਾਰ ਵਿਚ ਮੁਸਾਫ਼ਰ ਸਮਝ ਤੇ ਪੁੱਤਰ, ਰਿਸ਼ਤੇਦਾਰ, ਘਰ, ਇਸਤਰੀ ਆਦਿਕ ਦੇ ਮੋਹ ਦੀ ਠੱਗ-ਬੂਟੀ, ਜੋ ਸਾਰੇ ਸੰਸਾਰ ਨੂੰ ਠੱਗ ਰਹੀ ਹੈ ਤੋਂ ਛੁਟਕਾਰਾ ਪਾਉਣ ਲਈ ਪ੍ਰਭੂ ਦਾ ਓਟ ਆਸਰਾ ਲੈਣ ਦਾ ਰਸਤਾ ਅਪਨਾ ਤੇ ਆਪਣੇ ਔਗੁਣਾਂ/ਵਿਕਾਰਾਂ ਨੂੰ ਛੱਡ ਕੇ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਜਾ ਅਰਥਾਤ ਜੀਵਨ ਮੁਕਤ ਹੋ ਜਾ। ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਦੱਸਣਾ ਜੀ।
ਆਦਰ ਸਹਿਤ,
ਆਪ ਦਾ ਵੀਰ
————————-
ਸਿਰੀਰਾਗੁ ਮਹਲਾ ੧ ॥ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥ ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥ ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥ (ਪੰਨਾ 61)
ਅਰਥ: ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ। ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ। ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ।1।
ਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ) । ਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ।1। ਰਹਾਉ।
——————–
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥ (ਪੰਨਾ 61-62)
ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ। (ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ।2।