Kindly explain
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਅਨਮੋਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀਆਂ ਦੋ ਪੰਗਤੀਆਂ ‘ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ।।’ ਲਿੱਖ ਕੇ ਵਿਚਾਰ ਮੰਗੀ ਹੈ। ਇਹ ਪੰਗਤੀਆਂ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਸਲੋਕ, ਜੋ ਕਿ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦੀ ਰਾਮਕਲੀ ਰਾਗ ਵਿਚ ਉਚਾਰਨ ਕੀਤੀ ਵਾਰ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 947 ਤੋਂ 956 ਤੇ ਸੁਸ਼ੋਭਿਤ ਹੈ, ਵਿਚੋਂ ਹੈ।
ਪੂਰੇ ਸਲੋਕ ਦਾ ਮੂਲ ਪਾਠ ਤੇ ਅਰਥ ਇਸ ਪ੍ਰਕਾਰ ਹਨ:-
ਮਃ ੧ ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ {ਪੰਨਾ 953}
ਅਰਥ: ਨਾਨਕ ਆਖਦਾ ਹੈ– ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।
ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।
ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।2।
ਗੁਰੂ ਸਾਹਿਬ ਨੇ ਜੋ ਆਪਣੇ ਸਲੋਕ ਵਿਚ ਲਫ਼ਜ਼ ਇਸਤੇਮਾਲ ਕੀਤੇ ਹਨ, ਉਸ ਤੋਂ ਲੱਗਦਾ ਹੈ ਕਿ ਇਹ ਵਿਚਾਰ ਕਿਸੇ ਮੁਸਲਮਾਨ ਇਨਸਾਨ ਨਾਲ ਵਿਚਾਰ ਕਰਨ ਤੋਂ ਬਾਅਦ ਅੰਕਿਤ ਕੀਤੇ ਗਏ ਹਨ ਤੇ ਗੱਲ ਉਨ੍ਹਾਂ ਮਨੁੱਖਾਂ ਦੀ ਹੋ ਰਹੀ ਹੈ ਜੋ ਕਿ ਅਕਾਲਪੁਰਖ, ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਨਾਂਹ ਜੁੜ ਕੇ ਅਰਥਾਤ ਸਚ ਦੇ ਵਪਾਰੀ (ਸਚਿਆਰ ਅਰਥਾਤ ਗੁਰਮੁਖ) ਨਾਂਹ ਬਣ ਕੇ ਆਪਣੇ ਮਨ ਦੇ ਪਿੱਛੇ ਚੱਲ ਕੇ ਕੂੜ ਦੇ ਵਪਾਰੀ (ਕੂੜਿਆਰ ਅਰਥਾਤ ਮਨਮੁਖ) ਬਣਦੇ ਹਨ ਤੇ ਠੇਡੇ ਖਾਂਦੇ ਖਾਂਦੇ ਇਹ ਰਤਨ ਜਨਮ ਗਵਾ ਕੇ ਚੱਲੇ ਜਾਂਦੇ ਹਨ।
ਉਦਾਹਰਣ ਦੇ ਤੌਰ ਤੇ ਜਿਸ ਤਰ੍ਹਾਂ ਕਿਸੇ ਸ਼ਾਹੂਕਾਰ ਤੋਂ ਕਰਜ਼ਾ ਚੁੱਕ ਲਈਏ, ਜਿਉਂ ਜਿਉਂ ਸਮਾਂ ਗੁਜ਼ਰਦਾ ਹੈ, ਉਸ ਕਰਜ਼ੇ ਦਾ ਸੂਦ ਪੈ ਪੈ ਕੇ ਸ਼ਾਹ ਦੀ ਰਕਮ ਦਾ ਲੇਖਾ ਵਧਦਾ ਜਾਂਦਾ ਹੈ, ਉਸੇ ਤਰ੍ਹਾਂ ਕਿਸੇ ਕੀਤੇ ਵਿਕਾਰ ਦੇ ਕਾਰਨ ਮਨ ਵਿਚ ਟਿਕੇ ਹੋਏ ਮੰਦੇ ਸੰਸਕਾਰ ਵਿਕਾਰਾਂ ਵਲ ਹੋਰ ਹੋਰ ਪ੍ਰੇਰਦੇ ਹਨ ਤੇ ਉਸ ਪ੍ਰੇਰਨਾ ਨਾਲ ਹੋਰ ਹੋਰ ਵਿਕਾਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਵਿਕਾਰਾਂ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ, ਤੇ ਵਿਕਾਰਾਂ ਦਾ ਲੇਖਾ ਵਧਦਾ ਚਲਿਆ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਗੁਰਮੁਖ ਨਾਂਹ ਬਣ ਕੇ ਮਨਮੁਖ ਬਣਦਾ ਹੈ ਤੇ ਕੀਮਤੀ ਜਨਮ ਗਵਾ ਕੇ ਚੱਲਾ ਜਾਂਦਾ ਹੈ।
ਇਸ ਦੇ ਉਲਟ ਗੁਰਬਾਣੀ ਵਿਚ ਹੀ ਹੇਠ ਲਿੱਖੀ ਤੁੱਕ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਜਿਹੜੇ ਮਨੁੱਖ ਅਕਾਲਪੁਰਖ ਤੇ ਸ਼ਬਦ ਗੁਰੂ ਨਾਲ ਜੁੜਦੇ ਹਨ, ਉਨ੍ਹਾਂ ਦਾ ਲੇਖਾ ਇੱਥੇ ਹੀ ਨਿਬੜ ਜਾਂਦਾ ਹੈ, ਉਹ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਜੀਵਨ ਮੁਕਤ ਹੋ ਜਾਂਦੇ ਹਨ:-
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥ ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ੍ਹ ਕਾ ਲੇਖਾ ਨਿਬੜਿਆ ॥੧੮॥੧॥੨॥ {ਪੰਨਾ 435}
ਅਰਥ: ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।
ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ। 18।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ