ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥ If What is the meaning of this verse?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਅਵਤਾਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸ਼ਬਦ ਦੀ ਇੱਕ ਪੰਗਤੀ ‘ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ।।’ ਇਸ ਦੀ ਵਿਚਾਰ ਮੰਗੀ ਹੈ।
ਇਹ ਪੰਗਤੀ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਦੇ ਰਾਗ ਰਾਮਕਲੀ ਵਿਚ ਉਚਾਰਨ ਕੀਤੇ ਹੋਏ ਸ਼ਬਦ, ਜੋ ਕਿ ਪੰਨਾ 902-03 ਤੇ ਸੁਸ਼ੋਭਿਤ ਹੈ, ਦੀ ਆਖ਼ਰੀ ਪੰਗਤੀ ਹੈ ਜਿਸ ਵਿਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇ ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ਅਰਥਾਤ ਇਹੋ ਜਿਹੇ ਮਨੁੱਖ ਨੂੰ ਉਲਾਂਭਾ ਹੀ ਮਿਲਦਾ ਹੈ ਕਿ ਉਹ ਘਰ ਵਿਚ ਵਸਤੂ ਹੁੰਦਿਆਂ ਹੋਇਆਂ ਦੂਜਿਆਂ ਕੋਲੋਂ ਭੀਖ ਮੰਗਦਾ ਫਿਰਦਾ ਹੈ।
ਇਹ ਸ਼ਬਦ ਅਸਟਪਦੀ ਹੈ ਤੇ ਇਸ ਦੀਆਂ ਅੱਠ ਤੁੱਕਾਂ ਹਨ ਤੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਸਤਜੁਗ, ਤ੍ਰੇਤਾ, ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ ਅਰਥਾਤ ਹਮੇਸ਼ਾਂ ਸਮਾਂ ਇੱਕੋ ਜਿਹਾ ਰਿਹਾ ਹੈ ਤੇ ਇਹ ਸਾਰੀ ਜੁਗਾਂ ਦੀ ਵੰਡ ਹਿੰਦੂ ਧਰਮ ਦੁਆਰਾ ਕਿਆਸੀ ਹੋਈ ਹੈ।
ਪਹਿਲੀਆਂ ਸੱਤ ਤੁਕਾਂ ਵਿਚ ਹਿੰਦੂ ਧਰਮ ਤੇ ਇਸਲਾਮ ਵਿਚ ਕਲਿਜੁਗ ਦੇ ਲੱਛਣ ਸਮਝਾ ਰਹੇ ਹਨ ਕਿ ਕਲਿਜੁਗ ਵੀ ਕੋਈ ਜੁਗ ਨਹੀਂ ਹੈ ਬਲਕਿ ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ ਖੇਡਾਂ ਖੇਡਦਾ ਹੈ ਜਿਸ ਦੇ ਅਸਰ ਹੇਠ ਜਰਵਾਣੇ ਕਮਜ਼ੋਰ ਮਨੁੱਖਾਂ ਤੇ ਧੱਕਾ ਕਰਦੇ ਹਨ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਪਵਿਤ੍ਰ ਆਚਰਨ ਤੋਂ ਬਿਨਾ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ ਤੇ ਚੰਗਾ ਇਹੀ ਹੈ ਕਿ ਆਪਣੇ ਹਿਰਦੇ ਵਿਚ ਜੋ ਕੀਮਤੀ ਵਸਤੂ ਪਰਮਾਤਮਾ ਹੈ, ਉਸ ਨੂੰ ਸੰਭਾਲ ਤੇ ਦੇਵੀ ਦੇਵਤਿਆਂ ਕੋਲੋਂ ਮੰਗ ਕੇ ਉਲਾਂਭਾ ਨਾਂਹ ਲੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਹਿੰਦੂ ਧਰਮ ਅਨੁਸਾਰ ਸਤਿਜੁਗ ਦੀ ਉਮਰ 17,28,000 ਵਰ੍ਹੇ, ਤ੍ਰੇਤਾ ਦੀ 12,96,000 ਵਰ੍ਹੇ, ਦ੍ਵਾਪਰ ਦੀ 8,64,000 ਵਰ੍ਹੇ ਅਤੇ ਕਲਿਜੁਗ ਦੀ 4,32,000 ਵਰ੍ਹੇ ਹੈ ਪਰ ਗੁਰਮਤਿ ਨੇ ਸਤਿਜੁਗ ਨੂੰ ਕੋਈ ਬੀਤਿਆ ਹੋਇਆ ਜੁਗ ਨਹੀਂ ਮੰਨਿਆ ਹੈ ਅਤੇ ਨ ਹੀ ਕਲਿਜੁਗ ਨੂੰ ਵਰਤਮਾਨ ਜੁਗ ਸਮਝਿਆ ਹੈ।
ਗੁਰਮਤਿ ਅਨੁਸਾਰ ਸਮਾਂ ਕਿਉਂਕਿ ਹਮੇਸ਼ਾਂ ਇੱਕੋ ਜਿਹਾ ਹੈ, ਇਸ ਲਈ ਮਨੁੱਖ ਆਪਣੇ ਮਨ ਦੀ ਦਸ਼ਾ ਅਨੁਸਾਰ ਕਹੇ ਜਾਂਦੇ ਸਤਿਜੁਗ ਜਾਂ ਕਲਿਜੁਗ ਵਿਚ ਹੈ। ਜੇ ਮਨ ਸਤਿ ਤੇ ਸੰਤੋਖ ਵਿਚ ਹੈ ਤਾਂ ਹਮੇਸ਼ਾਂ ਸਤਿਜੁਗ ਵਿਚ ਹੀ ਹੈ ਪਰ ਜੇ ਝੂਠ, ਫ਼ਰੇਬ ਤੇ ਠੱਗੀ ਵਿਚ ਹੈ ਤਾਂ ਹਮੇਸ਼ਾਂ ਕਲਿਜੁਗ ਵਿਚ ਹੀ ਰਹੇਗਾ ਅਰਥਾਤ ਗੁਰਮਤਿ ਅਨੁਸਾਰ ਜਿਥੇ ਅਤੇ ਜਦੋਂ ਵੀ ਲੋਕ ਅਧਰਮ ਵਿਚ ਮਗਨ ਹੁੰਦੇ ਹਨ, ਉਥੇ ਉਦੋਂ ਕਲਿਜੁਗ ਹੀ ਸਮਝਣਾ ਚਾਹੀਦਾ ਹੈ।
———————
ਰਾਮਕਲੀ ਮਹਲਾ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥ ਜੀਵਨ ਤਲਬ ਨਿਵਾਰਿ ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥ ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥ ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥ ਆਖੁ ਗੁਣਾ ਕਲਿ ਆਈਐ ॥ ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥ ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥ ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥ ਕਲਿ ਪਰਵਾਣੁ ਕਤੇਬ ਕੁਰਾਣੁ ॥ ਪੋਥੀ ਪੰਡਿਤ ਰਹੇ ਪੁਰਾਣ ॥ ਨਾਨਕ ਨਾਉ ਭਇਆ ਰਹਮਾਣੁ ॥ ਕਰਿ ਕਰਤਾ ਤੂ ਏਕੋ ਜਾਣੁ ॥੭॥ ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥ ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥ {ਪੰਨਾ 902-903}
ਅਰਥ: (ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ। ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ = ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ।1। ਰਹਾਉ।
(ਜਿਸ ਅਸਲ ਕਲਿਜੁਗ ਦਾ ਜ਼ਿਕਰ ਅਸਾਂ ਕੀਤਾ ਹੈ ਉਸ) ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ (ਕਿਉਂਕਿ ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ।1।
ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ। ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ।2।
ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ, ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ।3।
(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ। ਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ। ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ।4।
(ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ (ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ = ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ।1। ਰਹਾਉ।
(ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ। ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤਿ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ– ਇਹੀ ਹੈ ਕਲਿਜੁਗ।5।
ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ? (ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ), ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ।6।
(ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ। ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ ‘ਰਹਮਾਨ’ ਆਖਿਆ ਜਾ ਰਿਹਾ ਹੈ– ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ ‘ਧਿਙਾਣੇ’ ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ) । ਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ।7।
ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ) । (ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ।8।1।