ਕਿਰਪਾ ਕਰਕੇ ਇਸ ਸ਼ਬਦ ਦਾ ਅਰਥ ਸਮਝਾਓ
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਸਾਹਿਬ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਪੰਗਤੀ ‘ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ’ ਲਿੱਖ ਕੇ ਸ਼ਬਦ ਦੇ ਅਰਥ ਪੁੱਛੇ ਹਨ।
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 12 ਤੇ ਪੰਨਾ 157 ਤੇ ਸੁਸ਼ੋਭਿਤ ਹੈ ਤੇ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਹੈ। ਪੰਨਾ 12 ਤੇ ਪੰਨਾ 157 ਦੇ ਸ਼ਬਦਾਂ ਵਿਚ ਇਕ ਲਫ਼ਜ਼ ਦਾ ਮਾਮੂਲੀ ਜਿਹਾ ਅੰਤਰ ਹੈ, ਉਹ ਇਹ ਕਿ ਪੰਨਾ 12 ਦੇ ਸ਼ਬਦ ਵਿਚ ਲਫ਼ਜ਼ ‘ਅਸੀਸੜੀਆ’ ਹੈ ਜਦੋਂ ਕਿ ਪੰਨਾ 157 ਦੇ ਸ਼ਬਦ ਵਿਚ ‘ਆਸੀਸੜੀਆ’ ਹੈ। ਪੂਰੇ ਸ਼ਬਦ ਦਾ ਮੂਲ ਪਾਠ ਤੇ ਉਸ ਦੇ ਅਰਥ ਹੇਠਾਂ ਦਿੱਤੇ ਹਨ।
ਜੋ ਸ਼ਬਦ ਪੰਨਾ 12 ਤੇ ਹੈ, ਉਸ ਦਾ ਸਿਰਲੇਖ ਹੈ ‘ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧’। ਸੋਹਿਲਾ ਸਿਰਲੇਖ ਵਾਲੇ ਸ਼ਬਦਾਂ ਵਿਚ ਤਿੰਨ ਸ਼ਬਦ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਹਨ ਤੇ ਇੱਕ ਇੱਕ ਸ਼ਬਦ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦਾ ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦਾ।
ਇਹ ਸਾਰੇ ਸ਼ਬਦ ਆਪਣੀ ਆਪਣੀ ਥਾਂ ਤੇ ਵੱਖ ਰਾਗਾਂ ਵਿਚ ਵੀ ਸੁਸ਼ੋਭਿਤ ਹਨ ਪਰ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਨੂੰ ਸੰਪਾਦਿਤ ਕਰਨ ਵਕਤ ਇਨ੍ਹਾਂ ਨੂੰ ਸੋਦਰੁ ਤੇ ਸੋ ਪੁਰਖੁ ਦੇ ਬਾਅਦ ਸ਼ੁਰੂ ਵਿਚ ਵੀ ਜੋੜਿਆ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 12 – 13 ਤੇ ਸੁਸ਼ੋਭਿਤ ਹਨ।
ਸੋਹਿਲਾ ਦੇ ਸ਼ਬਦ ਸਿੱਖ ਦੇ ਨਿਤਨੇਮ ਦਾ ਹਿੱਸਾ ਹਨ ਤੇ ਇਨ੍ਹਾਂ ਨੂੰ ਰਾਤ ਨੂੰ ਪੜ੍ਹਨ ਦਾ ਵਿਧਾਨ ਹੈ। ਇਸ ਨੂੰ ਸਿੱਖ ਦੀ ਸਰੀਰਕ ਮੌਤ ਤੋਂ ਬਾਅਦ ਸਰੀਰ ਦੇ ਸਸਕਾਰ ਕਰਨ ਤੋਂ ਬਾਅਦ ਸ਼ਮਸ਼ਾਨ ਭੂਮੀ ਵਿਚ ਵੀ ਪੜ੍ਹਿਆ ਜਾਂਦਾ ਹੈ।
ਆਮ ਤੌਰ ਤੇ ਲੋਕ ਇਸ ਬਾਣੀ ਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਹਨ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਸਿਰਲੇਖ ਸੋਹਿਲਾ ਹੈ। ਭਾਈ ਗੁਰਦਾਸ ਜੀ ਦੀ ਛੇਵੀਂ ਵਾਰ ਦੀ ਤੀਜੀ ਪਉੜੀ ਵਿਚ ਆਉਂਦਾ ਹੈ ‘ਰਾਤੀ ਕੀਰਤਨ ਸੋਹਿਲਾ ਕਰ ਪਰਸਾਦ ਵੰਡੰਦੇ’। ਲੱਗਦਾ ਹੈ ਕਿ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਹੁਣ ਦੇ ਸੋਹਿਲਾ ਸਿਰਲੇਖ ਦੇ ਪੰਜ ਸ਼ਬਦਾਂ ਵਿਚੋਂ ਤਿੰਨ ਸ਼ਬਦ ਦਾ, ਜੋ ਕਿ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਹਨ, ਕੀਰਤਨ ਰਾਤ ਨੂੰ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਦਿ ਵੰਡਿਆ ਜਾਂਦਾ ਸੀ। ਇਸ ਕਰਕੇ ਸ਼ਾਇਦ ਨਾਮ ਕੀਰਤਨ ਸੋਹਿਲਾ ਪ੍ਰਚਲਿਤ ਹੋਇਆ।
ਦਾਸ ਦੀ ਸਮਝ ਅਨੁਸਾਰ ਇਸ ਸ਼ਬਦ ਵਿਚ ਗੁਰੂ ਸਾਹਿਬ ਵਿਆਹ ਦੇ ਸਮੇਂ ਕੁੜੀਆਂ ਨੂੰ ਮਾਂਈਏ ਪਾਉਣ ਤੇ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਉਣ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ ਹਰ ਜਿੰਦ-ਕੁੜੀ ਦਾ ਉਹ ਸਮਾਂ ਪਹਿਲਾਂ ਹੀ ਮਿਥਿਆ ਜਾ ਚੁਕਾ ਹੈ, ਜਦੋਂ ਮੌਤ ਦੀ ਸਾਹੇ-ਚਿੱਠੀ ਆਉਣੀ ਹੈ, ਤੇ ਇਸ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ ਇਸ ਜਗਤ-ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ।
ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾਇਆ ਕਰ, ਤੇ ਸੁਣਿਆ ਕਰ। ਸਤ-ਸੰਗ, ਮਾਨੋ, ਮਾਂਈਏਂ ਪੈਣ ਦੀ ਥਾਂ ਹੈ। ਸਤਸੰਗੀ ਸਹੇਲੀਆਂ ਇਥੇ ਇਕ ਦੂਜੀ ਸਹੇਲੀ ਨੂੰ ਅਸੀਸਾਂ ਦੇਂਦੀਆਂ ਹਨ, ਅਰਦਾਸ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪ੍ਰਭੂ-ਪਤੀ ਦਾ ਮਿਲਾਪ ਹੋਵੇ।ਆਸ ਹੈ ਕਿ ਤੁਹਾਨੂੰ ਇਸ ਨਾਲ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਜੇ ਅੱਗੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
———————————
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥ {ਪੰਨਾ 12}
ਅਰਥ: ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।1।
(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ–) ਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ।1। ਰਹਾਉ।
(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ, (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ) ? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ।2।
(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ =) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ, ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ।3।
(ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ। (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ।4।1।
Dhanwaad ji