ਕੀ ਸਿੱਖ ਧਰਮ ਸੁਪਨਿਆਂ ਨੂੰ ਕੋਈ ਸਿੱਧਾ ਮਹੱਤਵ ਦਿੰਦਾ ਹੈ?
ਕੀ ਸਿੱਖ ਧਰਮ ਸੁਪਨਿਆਂ ਨੂੰ ਕੋਈ ਸਿੱਧਾ ਮਹੱਤਵ ਦਿੰਦਾ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਕਿ ‘ਕੀ ਸਿੱਖ ਧਰਮ ਸਪਨਿਆਂ ਨੂੰ ਕੋਈ ਸਿੱਧਾ ਮਹੱਤਵ ਦਿੰਦਾ ਹੈ?’ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਵਿਚ ਸੁਪਨਾ ਲਫ਼ਜ਼ ਬਹੁਤ ਸਾਰੇ ਸ਼ਬਦਾਂ ਵਿਚ ਵਰਤਿਆ ਗਿਆ ਹੈ ਪਰ ਇਹ ਸਮਝਾਉਣ ਲਈ ਕਿ ਜੋ ਮਨੁੱਖ/ਸਿੱਖ ਅਕਾਲਪੁਰਖ ਤੇ ਸ਼ਬਦ ਗੁਰੂ ਜੋ ਕਿ ਇੱਕ ਦੂਜੇ ਦਾ ਰੂਪ ਹਨ, ਨਾਲ ਜੁੜਿਆ ਹੈ ਅਰਥਾਤ ਗੁਰਮੁਖ ਹੈ, ਉਸ ਨੂੰ ਸੁਪਨੇ ਵਿਚ ਵੀ ਦੁਖ ਪੋਹ ਨਹੀਂ ਸਕਦਾ ਅਰਥਾਤ ਉਹ ਸੁਖ ਤੇ ਦੁਖ ਦੋਹਾਂ ਨੂੰ ਸਮ ਕਰ ਕੇ ਜਾਣਦਾ ਹੈ। ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਇਹੋ ਜਿਹਾ ਅਕਾਲਪੁਰਖ ਤੇ ਸ਼ਬਦ ਗੁਰੂ ਨਾਲ ਜੁੜਿਆ ਮਨੁੱਖ ਉੱਚੀ ਆਤਮਿਕ ਅਵਸਥਾ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ) ਨੂੰ ਪ੍ਰਾਪਤ ਕਰ ਸਕਦਾ ਹੈ ਤੇ ਇਹੋ ਜਿਹਾ ਸੇਵਕ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਬਣ ਸਕਦਾ ਹੈ। ਅੱਗੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨਿਮਰਤਾ ਦੀ ਹੱਦ ਤੇ ਜਾ ਕੇ ਇਹੋ ਜਿਹੇ ਸੇਵਕ ਦੇ ਚਰਨਾਂ ਦੀ ਧੂੜ ਮੰਗਦੇ ਹਨ :-
ਗਉੜੀ ਮਹਲਾ ੫ ॥ ਤਾ ਕਾ ਦਰਸੁ ਪਾਈਐ ਵਡਭਾਗੀ ॥ ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥ ਜਾ ਕੈ ਹਰਿ ਵਸਿਆ ਮਨ ਮਾਹੀ ॥ ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥ ਸਰਬ ਨਿਧਾਨ ਰਾਖੇ ਜਨ ਮਾਹਿ ॥ ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥ ਜਨ ਕੀ ਮਹਿਮਾ ਕਥੀ ਨ ਜਾਇ ॥ ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥ ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥ ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥ {ਪੰਨਾ 193}
ਅਰਥ: (ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ, ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ।1। ਰਹਾਉ।
(ਹੇ ਭਾਈ!) ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ, ਉਸ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ।1।
(ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ। ਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ।2।
(ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।3।
(ਹੇ ਨਾਨਕ! ਆਖ–) ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ।4। 67।136।
ਤੇ ਇਸ ਦੇ ਉਲਟ ਜੋ ਮਨੁੱਖ/ਸਿੱਖ ਮਾਇਆ ਨਾਲ ਜੁੜਿਆ ਹੈ ਅਰਥਾਤ ਜਿਸ ਨੂੰ ਮਾਇਆ ਦੇ ਨਾਲ ਮੋਹ ਹੈ ਤੇ ਮਨ ਦੇ ਪਿੱਛੇ ਚੱਲਦਾ ਹੈ ਅਰਥਾਤ ਮਨਮੁਖ ਹੈ, ਉਸ ਨੂੰ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ਅਤੇ ਉਹ ਇਹ ਕੀਮਤੀ ਰਤਨ ਜਨਮ ਦੁਖਾਂ ਵਿਚ ਭਉਂਦਿਆਂ ਭਉਂਦਿਆਂ ਹੀ ਗੰਵਾ ਕੇ ਚੱਲਾ ਜਾਂਦਾ ਹੈ:-
ਮਃ ੪ ॥ ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ {ਪੰਨਾ 316}
ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।
ਜੋ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ, ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ, (ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।
ਇਨ੍ਹਾਂ ਸ਼ਬਦਾਂ ਤੋਂ ਇਹ ਹੀ ਸਮਝ ਆਉਂਦਾ ਹੈ ਕਿ ਸੁਪਨੇ ਲਫ਼ਜ਼ ਨੂੰ ਗੁਰੂ ਸਾਹਿਬ ਨੇ ਇੱਕ ਉਦਾਹਰਣ ਦੇ ਤੌਰ ਤੇ ਹੀ ਵਰਤਿਆ ਹੈ ਤੇ ਇਸ ਦਾ ਹੋਰ ਕੋਈ ਮਹੱਤਵ ਨਹੀਂ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ