ਕੀ ਕੋਈ ਕਿਰਪਾ ਕਰਕੇ ਪ੍ਰਮਾਤਮਾ ਨੂੰ ਅਨੁਭਵ ਕਰਨ ਦੇ ਰਸਤੇ ‘ਤੇ ਚੱਲਦੇ ਹੋਏ ਅੰਦਰੂਨੀ ਖੇਤਰਾਂ/ਅਨੁਭਵਿਆਂ ‘ਤੇ ਕੁਝ ਰੋਸ਼ਨੀ ਪਾ ਸਕਦਾ ਹੈ?
ਕੀ ਕੋਈ ਕਿਰਪਾ ਕਰਕੇ ਪ੍ਰਮਾਤਮਾ ਨੂੰ ਅਨੁਭਵ ਕਰਨ ਦੇ ਰਸਤੇ ‘ਤੇ ਚੱਲਦੇ ਹੋਏ ਅੰਦਰੂਨੀ ਖੇਤਰਾਂ/ਅਨੁਭਵਿਆਂ ‘ਤੇ ਕੁਝ ਰੋਸ਼ਨੀ ਪਾ ਸਕਦਾ ਹੈ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦੀ ਸਮਝ ਅਨੁਸਾਰ ਗੁਰਮਤਿ ਦੇ ਰਸਤੇ ਤੇ ਚੱਲਦੇ ਹੋਏ ਹਰ ਸਿੱਖ ਦਾ ਪਰਮਾਤਮਾ ਬਾਰੇ ਅਨੁਭਵ ਆਪਣਾ ਆਪਣਾ ਹੈ ਜਿਸ ਨੂੰ ਲਫ਼ਜ਼ਾਂ ਵਿਚ ਬਿਆਨ ਕਰਨਾ ਇੱਕ ਬੜਾ ਔਖਾ ਕੰਮ ਹੈ। ਨਾਲ ਹੀ ਹਰ ਵਕਤ ਆਤਮਕ ਅਡੋਲਤਾ ਦੀ ਅਵਸਥਾ ਵਿਚ ਰਹਿਣਾ ਇੱਕ ਸੋਖਾ ਜਿਹਾ ਕੰਮ ਨਹੀਂ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥ (ਪੰਨਾ 876)
ਅਰਥ: (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ। ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ।੨।
ਦਾਸ ਸਮਝਦਾ ਹੈ ਕਿ ਗੁਰੂ ਸਾਹਿਬ ਦਾ ਹੇਠ ਲਿਖਿਆ ਉਪਦੇਸ਼ ਮਨ ਵਿਚ ਵਸਾਈਏ ਤੇ ਅਕਾਲਪੁਰਖ ਨੂੰ ਅੰਗ ਸੰਗ ਜਾਣ ਕੇ ਆਤਮਕ ਅਡੋਲਤਾ ਦੀ ਅਵਸਥਾ ਵਿਚ ਟਿੱਕੇ ਰਹਿਣ ਦੀ ਕੋਸ਼ਿਸ਼ ਕਰੀਏ ਤੇ ਸੰਸਾਰ ਸਮੁੰਦਰ ਵਿਚੋਂ ਪਾਰ ਹੋ ਕੇ ਜੀਵਨ ਮੁਕਤ ਹੋਣ ਦਾ ਉਪਰਾਲਾ ਕਰੀਏ:-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਹੀ ਚੜਦੀਕਲਾ ਵਾਲਾ ਅਨੁਭਵ ਦੱਸਿਆ ਵੀਰ ਜੀ ਆਪ ਜੀ ਨੇ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ।
ਧੰਨਵਾਦ ਤੁਹਾਡਾ ਭੈਣ ਜੀ!