Veer Jio, Please explain.
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਨਿਰਭਉ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ॥’ ਲਿੱਖ ਕੇ ਵਿਚਾਰ ਮੰਗੀ ਹੈ। ਕਿਉਂਕਿ ਇੱਕ ਪੰਗਤੀ ਦੀ ਵਿਚਾਰ ਸੰਭਵ ਨਹੀਂ ਹੈ ਇਸ ਲਈ ਪੂਰੇ ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹਾਂ ਜੀ।
ਦੇਖੋਗੇ ਕਿ ਮਾਰੂ ਰਾਗ ਵਿਚ ਇਹ ਸ਼ਬਦ, ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦਾ ਉਚਾਰਿਆ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1049 ਤੇ ਸੁਸ਼ੋਭਿਤ ਹੈ। ਬਾਰਾਂ ਬੰਦਾਂ ਦੀ ਅਸ਼ਟਪਦੀ ਹੈ।
ਇਸ ਸ਼ਬਦ ਵਿਚ ਗੁਰੂ ਸਾਹਿਬ, ਗੁਰਸ਼ਬਦ ਦੀ ਰੋਸ਼ਨੀ ਵਿਚ ਇੱਕੋ ਅਕਾਲਪੁਰਖ ਨੂੰ ਮੰਨਣ ਦਾ ਉਪਦੇਸ਼ ਦਿੰਦੇ ਹੋਏ, ਗੁਰਮੁਖ ਤੇ ਮਨਮੁਖ ਦੀ ਤਸਵੀਰ ਦਰਸਾ ਰਹੇ ਹਨ ਕਿ ਕਿਵੇਂ ਇੱਕ ਮਨਮੁਖ ਆਪਣੇ ਮਨ ਦੇ ਪਿੱਛੇ ਚੱਲ ਕੇ, ਸਾਰਾ ਜੀਵਨ ਮਾਇਆ/ਵਿਕਾਰਾਂ ਵਿਚ ਫਸਿਆ ਰਹਿੰਦਾ ਹੈ ਤੇ ਅੰਤ ਸਮੇਂ ਕੋਸ਼ਿਸ਼ ਵੀ ਕਰੇ ਤਾਂ ਕੁੱਝ ਹੋ ਨਹੀਂ ਸਕਦਾ। ਇਸ ਤਰ੍ਹਾਂ ਉਹ ਆਪਣੇ ਅਨਮੋਲ ਜੀਵਨ ਨੂੰ ਗੰਵਾ ਕੇ ਚਲਾ ਜਾਂਦਾ ਹੈ ਜਦੋਂ ਕਿ ਇੱਕ ਗੁਰਮੁਖ ਸ਼ਬਦ ਗੁਰੂ/ਅਕਾਲਪੁਰਖ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੰਵਾਰਦਾ ਹੈ ਤੇ ਔਗੁਣਾਂ/ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਆਤਮਿਕ ਅਡੋਲਤਾ/ਅਨੰਦ ਦੀ ਅਵਸਥਾ ਵਿਚ ਹਰ ਸਮੇਂ ਰਹਿ ਕੇ ਜੀਵਨ ਬਤੀਤ ਕਰਦਾ ਹੈ ਤੇ ਜੀਵਨ ਮੁਕਤ ਹੋ ਜਾਂਦਾ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀਆਂ ਹੋਣ, ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————————-
ਮਾਰੂ ਮਹਲਾ ੩ ॥ ਏਕੋ ਸੇਵੀ ਸਦਾ ਥਿਰੁ ਸਾਚਾ ॥ ਦੂਜੈ ਲਾਗਾ ਸਭੁ ਜਗੁ ਕਾਚਾ ॥ ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥ ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥ ਆਪੇ ਲਾਇ ਲਏ ਜਗਜੀਵਨੁ ਦਾਤਾ ॥ ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥ ਮਾਇਆ ਲਹਰਿ ਸਬਦਿ ਨਿਵਾਰੀ ॥ ਇਹੁ ਮਨੁ ਨਿਰਮਲੁ ਹਉਮੈ ਮਾਰੀ ॥ ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥ ਮੇਰੀ ਮੇਰੀ ਕਰਤ ਵਿਹਾਣੀ ॥ ਮਨਮੁਖਿ ਨ ਬੂਝੈ ਫਿਰੈ ਇਆਣੀ ॥ ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥ {ਪੰਨਾ 1049}
ਅਰਥ: ਹੇ ਭਾਈ! ਮੈਂ ਸਿਰਫ਼ ਉਸ ਪਰਮਾਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ, ਜੋ ਇਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ। ਜਗਤ (ਉਸ ਪ੍ਰਭੂ ਦੀ ਭਗਤੀ ਛੱਡ ਕੇ) ਮਾਇਆ ਦੇ ਮੋਹ ਵਿਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਮਤਿ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, (ਮੇਰਾ ਮਨ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਗਿੱਝਿਆ ਰਹਿੰਦਾ ਹੈ।1।
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ (ਉਪਕਾਰ) ਹਨ, ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਭੀ ਸਮਝ ਨਹੀਂ ਸਕਿਆ (ਕਦਰ ਨਹੀਂ ਪਾਈ) । ਹੇ ਭਾਈ! ਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ (ਮਿਹਰ ਕਰ ਕੇ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ। ਜਿਸ ਮਨੁੱਖ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਨਾਮ ਦੀ) ਵਡਿਆਈ ਦੇਂਦਾ ਹੈ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਭਿੱਜ ਜਾਂਦਾ ਹੈ।2।
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੀ ਲਹਰ ਦੂਰ ਕਰ ਲਈ, ਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ। ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ।3।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇ-ਸਮਝ ਜੀਵ-ਇਸਤ੍ਰੀ (ਸਹੀ ਜੀਵਨ-ਰਾਹ ਨੂੰ) ਨਹੀਂ ਸਮਝਦੀ, (ਮਾਇਆ ਦੀ ਖ਼ਾਤਰ) ਭਟਕਦੀ ਫਿਰਦੀ ਹੈ, ਉਸ ਦੀ ਸਾਰੀ ਉਮਰ ‘ਮੇਰੀ ਮਾਇਆ’ ‘ਮੇਰੀ ਮਾਇਆ’ ਕਰਦਿਆਂ ਬੀਤ ਜਾਂਦੀ ਹੈ। ਆਤਮਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ (ਭਾਵ, ਅਜਿਹੀ ਜੀਵ-ਇਸਤ੍ਰੀ ਸਦਾ ਆਤਮਕ ਮੌਤੇ ਮਰੀ ਰਹਿੰਦੀ ਹੈ) ਉਸ ਦੀ ਉਮਰ ਇਕ ਇਕ ਦਿਨ ਕਰ ਕੇ (ਵਿਅਰਥ ਹੀ) ਘਟਦੀ ਜਾਂਦੀ ਹੈ।4।
ਅੰਤਰਿ ਲੋਭੁ ਕਰੈ ਨਹੀ ਬੂਝੈ ॥ ਸਿਰ ਊਪਰਿ ਜਮਕਾਲੁ ਨ ਸੂਝੈ ॥ ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥ ਜੋ ਸਚਿ ਲਾਗੇ ਤਿਨ ਸਾਚੀ ਸੋਇ ॥ ਦੂਜੈ ਲਾਗੇ ਮਨਮੁਖਿ ਰੋਇ ॥ ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥ ਗੁਰ ਕੈ ਸਬਦਿ ਸਦਾ ਜਨੁ ਸੋਹੈ ॥ ਨਾਮ ਰਸਾਇਣਿ ਇਹੁ ਮਨੁ ਮੋਹੈ ॥ ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥ ਸਭਨਾ ਵਿਚਿ ਵਰਤੈ ਇਕੁ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥ {ਪੰਨਾ 1049}
ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ, ਉਸ ਨੂੰ (ਸਹੀ ਜੀਵਨ-ਰਾਹ) ਨਹੀਂ ਸੁੱਝਦਾ। ਉਸ ਦੇ ਸਿਰ ਉਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ। ਇਸ ਜੀਵਨ ਵਿਚ ਜੀਵ-ਇਸਤ੍ਰੀ ਜੋ ਕੁਝ ਕਰਮ ਕਮਾਂਦੀ ਹੈ (ਉਸ ਦਾ ਫਲ) ਭੁਗਤਣਾ ਪੈਂਦਾ ਹੈ (ਸਾਰੀ ਉਮਰ ਲੋਭ-ਲਾਲਚ ਵਿਚ ਗਵਾਇਆਂ) ਅੰਤ ਸਮੇ ਕੁਝ ਨਹੀਂ ਕੀਤਾ ਜਾ ਸਕਦਾ।5।
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਪਰ ਮਾਇਆ ਦੇ ਮੋਹ ਵਿਚ ਲੱਗ ਕੇ ਮਨ ਦਾ ਮੁਰੀਦ ਜੀਵ ਦੁੱਖੀ ਰਹਿੰਦਾ ਹੈ। (ਪਰ ਜੀਵਾਂ ਦੇ ਕੀਹ ਵੱਸ? ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ-) ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ। ਉਹ ਆਪ ਹੀ ਆਪਣੇ ਗੁਣਾਂ ਵਿਚ ਪਤੀਜਦਾ ਹੈ।6।
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾਂਦਾ ਹੈ, ਉਸ ਦਾ ਇਹ ਮਨ ਸਭ ਤੋਂ ਸ੍ਰੇਸ਼ਟ ਨਾਮ-ਰਸ ਵਿਚ ਮਸਤ ਰਹਿੰਦਾ ਹੈ, ਉਸ ਨੂੰ ਮਾਇਆ ਦੇ ਮੋਹ ਦੀ ਮੈਲ ਰਤਾ ਭੀ ਨਹੀਂ ਲੱਗਦੀ, ਗੁਰੂ ਦੀ ਮਤਿ ਦੀ ਬਰਕਤਿ ਨਾਲ (ਉਸ ਦਾ ਮਨ) ਪਰਮਾਤਮਾ ਦੇ ਨਾਮ ਵਿਚ ਭਿੱਜਿਆ ਰਹਿੰਦਾ ਹੈ।7।
ਹੇ ਭਾਈ! ਇਕ ਉਹੀ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ, ਪਰ ਗੁਰੂ ਦੀ ਕਿਰਪਾ ਨਾਲ ਹੀ ਉਹ (ਕਿਸੇ ਵਡਭਾਗੀ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ। ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ ਆਤਮਕ ਆਨੰਦ ਮਾਣਦਾ ਹੈ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।8।
ਕਿਲਬਿਖ ਦੂਖ ਨਿਵਾਰਣਹਾਰਾ ॥ ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥ ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥ ਮਾਇਆ ਅਗਨਿ ਜਲੈ ਸੰਸਾਰੇ ॥ ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥ ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥ ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥ ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥ ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥ ਮਨਮੁਖਿ ਅੰਤਰਿ ਭਗਤਿ ਨ ਹੋਈ ॥ ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥ ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥ {ਪੰਨਾ 1049}
ਅਰਥ: ਹੇ ਭਾਈ! ਜਿਹੜਾ ਪਰਮਾਤਮਾ (ਸਾਰੇ) ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ, ਉਸ ਦੀ ਸੇਵਾ-ਭਗਤੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਹੀ ਕੀਤੀ ਜਾ ਸਕਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਤਨ ਅਤੇ ਮਨ (ਪਰਮਾਤਮਾ ਦੀ ਭਗਤੀ ਵਿਚ) ਰਸਿਆ ਰਹਿੰਦਾ ਹੈ। (ਗੁਰਮੁਖ ਮਨੁੱਖ ਨੂੰ ਹੀ ਇਹ ਨਿਸਚਾ ਆਉਂਦਾ ਹੈ ਕਿ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ; ਹਰ ਥਾਂ ਆਪ ਹੀ ਮੌਜੂਦ ਹੈ।9।
ਹੇ ਭਾਈ! ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਜਗਤ ਵਿਚ ਭੜਕ ਰਹੀ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ (ਇਸ ਤ੍ਰਿਸ਼ਨਾ-ਅੱਗ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦਾ ਹੈ, ਉਸ ਦੇ ਅੰਦਰ ਸਦਾ ਠੰਢ ਬਣੀ ਰਹਿੰਦੀ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ।10।
ਹੇ ਭਾਈ! (ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ। (ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ। ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ। ਹੇ ਭਾਈ! (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ।11।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਸ ਦੇ ਅੰਦਰ ਠੰਢ ਹੈ, ਉਸ ਦੇ ਅੰਦਰ ਆਤਮਕ ਆਨੰਦ ਹੈ। ਹੇ ਭਾਈ! ਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਿਰਦਾ ਪਤੀਜਦਾ ਹੈ।12।
Kulwinder Singhji has detailed explanation. I think the key message in this verse is, APE BEEJ APE HEE KHAH, you reap what you sow. This is the HUKAM, LAW OF NATURE. ANTKAAL KIA KEEJAI HE meaning there no escape, you must face the consequences of your actions here and now.