ਉਹੀ ਹਿਰਦਾ ਪਵਿਤਰ ਹੈ, ਜੇਹੜਾ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ। ਜੇ ਕਰ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ, ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ ਹੈ। ਜੇ ਗੁਰੂ ਦੇ ਦਰ ਤੇ ਆਪਾ ਭਾਵ ਦੂਰ ਕਰ ਕੇ ਸਵਾਲੀ ਬਣੀਏ, ਤਾਂ ਹੀ ਹਿਰਦੇ ਨੂੰ ਪਵਿਤਰ ਕਰਨ ਦੀ ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿਤਰ ਹੁੰਦਾ ਹੈ। ਜੇ ਕਰ ਗੁਰੂ ਦੇ ਦਰ ਤੇ ਟਿਕੇ ਰਹੀਏ ਤਾਂ ਅਕਾਲ ਪੁਰਖੁ ਆਪ ਹੀ ਇਹ ਵਿਚਾਰਨ ਦੀ ਸਮਝ ਬਖ਼ਸ਼ਦਾ ਹੈ, ਕਿ ਅਸੀ ਚੰਗੇ ਹਾਂ ਜਾਂ ਮੰਦੇ। ਇਸ ਲਈ ਗੁਰੂ ਦੇ ਦਰ ਤੇ ਆ ਕੇ ਸੋਝੀ ਪ੍ਰਾਪਤ ਕਰਨੀ ਹੈ, ਤਾਂ ਜੋ ਸਾਨੂੰ ਸਮਝ ਆ ਸਕੇ ਕਿ ਜੀਵਨ ਵਿਚ ਕੀ ਠੀਕ ਹੈ, ਤੇ ਕੀ ਗਲਤ ਹੈ।
ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ {੭੩੦}
ਜਦੋਂ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਰੂਪੀ ਤੀਰ ਨਾਲ ਨਹੀਂ ਵਿੱਝਦਾ, ਉਦੋਂ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲ ਸਕਦੀ, ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ, ਕਿਉਂਕਿ ਉਨ੍ਹਾਂ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਵਿਚ ਸੁਆਹ ਹੋ ਜਾਂਦਾ ਹੈ, ਸਾਰੀਆਂ ਸਰੀਰਕ ਸਜਾਵਟਾਂ ਵੀ ਬੇਕਾਰ ਹੀ ਰਹਿ ਜਾਂਦੀਆਂ ਹਨ। ਉਹੀ ਭਾਗਾਂ ਵਾਲੀਆਂ ਜੀਵ ਇਸਤ੍ਰੀਆਂ ਮੁਬਾਰਿਕ ਹਨ, ਜਿਨ੍ਹਾਂ ਦਾ ਅਕਾਲ ਪੁਰਖੁ ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਤੀਰ ਦੁਆਰਾ, ਆਪਣੇ ਮਨ ਨੂੰ ਸਹੀ ਦਿਸ਼ਾ ਦੇਣੀ ਹੈ, ਸਬਦ ਦੁਆਰਾ ਸੋਝੀ ਪ੍ਰਾਪਤ ਕਰਨੀ ਹੈ, ਤਾਂ ਜੋ ਜੀਵਨ ਵਿਚ ਸਚਿਆਰ ਬਣਿਆ ਜਾ ਸਕੇ।
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ {੧੯}
ਗੁਰੂ ਸਾਹਿਬ ਸਰੀਰ ਦੇ ਸਾਰੇ ਅੰਗਾਂ ਨੂੰ ਸਮਝਾਂਦੇ ਹਨ ਕਿ, ਹੇ ਮੇਰੇ ਗਿਆਨ ਇੰਦ੍ਰਿਓ! ਚੰਗੇ ਮੰਦੇ ਦੀ ਪਰਖ ਦੀ ਵਿਚਾਰ ਪੈਦਾ ਕਰਨ ਵਾਲਾ ਗੀਤ ਮੁੜ ਮੁੜ ਕੇ ਗਾਵੋ। ਸਾਡੇ ਘਰ ਵਿਚ ਭਾਵ, ਮੇਰੇ ਹਿਰਦੇ ਘਰ ਵਿਚ, ਉਹ ਖਸਮ ਅਕਾਲ ਪੁਰਖੁ ਆ ਵੱਸਿਆ ਹੈ, ਜੋ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ। ਜਦੋਂ ਮੇਰਾ ਖਸਮ ਅਕਾਲ ਪੁਰਖੁ ਮੈਨੂੰ ਜੀਵ ਇਸਤ੍ਰੀ ਨੂੰ ਅਪਨਾ ਕੇ, ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ, ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ, ਭਾਵ ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ, ਅਕਾਲ ਪੁਰਖੁ ਪਤੀ ਨਾਲ ਮੇਲ ਦੇ ਗੀਤ ਗਾਣੇ ਤੇ ਸੁਣਨੇ ਸ਼ੁਰੂ ਕਰ ਦਿੱਤੇ। ਮੇਰਾ ਖਸਮ ਅਕਾਲ ਪੁਰਖੁ ਮੈਨੂੰ ਵੀਆਹਣ ਲਈ ਆਇਆ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜਨ ਲਈ ਆਇਆ ਹੈ। ਸਬਦ ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ, ਗੁਰੂ ਨੇ ਮੈਨੂੰ ਅਕਾਲ ਪੁਰਖੁ ਪਤੀ ਨਾਲ ਜੋੜਿਆ, ਜਦੋਂ ਤੋਂ ਮੈਨੂੰ ਅਕਾਲ ਪੁਰਖੁ ਮਿਲ ਗਿਆ ਹੈ, ਉਦੋਂ ਤੋਂ ਮੈਨੂੰ ਸਮਝ ਆ ਗਈ, ਕਿ ਉਹ ਅਕਾਲ ਪੁਰਖੁ ਜੀਵਨ ਰੌ ਬਣ ਕੇ, ਸਾਰੇ ਜਗਤ ਵਿਚ ਵਿਆਪਕ ਹੋ ਕੇ ਵਿਚਰ ਰਿਹਾ ਹੈ। ਮੇਰੇ ਅੰਦਰੋਂ ਆਪਾ ਭਾਵ ਦੂਰ ਹੋ ਗਿਆ ਹੈ, ਤੇ ਮੇਰਾ ਮਨ ਉਸ ਅਕਾਲ ਪੁਰਖੁ ਪਤੀ ਦੀ ਯਾਦ ਵਿਚ ਰਹਿਣ ਲਈ ਮਨ ਗਿਆ ਹੈ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੇ ਮੰਦੇ ਦੀ ਪਰਖ ਸਮਝਾਂ ਕੇ ਸਹੀ ਦਿਸ਼ਾ ਦੇਣੀ ਹੈ। ਉਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਆਪਣੇ ਮਨ ਅੰਦਰੋਂ ਆਪਾ ਭਾਵ ਦੂਰ ਕਰਕੇ ਸਬਦ ਦੁਆਰਾ ਸੋਝੀ ਪ੍ਰਾਪਤ ਕਰਦੇ ਹਾਂ, ਤਾਂ ਜੋ ਸਾਡੀਆਂ ਸਾਰੀਆਂ ਗਿਆਨ ਇੰਦ੍ਰਿੀਆਂ ਸਚਿਆਰ ਬਣਨ ਦੀ ਦਿਸ਼ਾ ਵੱਲ ਜਾਣਾ ਆਰੰਭ ਕਰ ਦੇਣ।
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ {੩੫੧}
ਗੁਰੂ ਦੇ ਸੇਵਕ ਵਾਸਤੇ ਗੁਰੂ ਗੋਪਾਲ ਦਾ ਰੂਪ ਹੈ, ਗੁਰੂ ਹੀ ਗੋਵਿੰਦ ਦਾ ਰੂਪ ਹੈ। ਗੁਰੂ ਦਇਆ ਦਾ ਸੋਮਾ ਹੈ, ਤੇ ਗੁਰੂ ਹੀ ਸਦਾ ਬਖ਼ਸ਼ਸ਼ ਕਰਨ ਵਾਲਾ ਹੈ। ਸੇਵਕ ਵਾਸਤੇ ਗੁਰੂ ਹੀ ਸ਼ਾਸਤ੍ਰ ਹੈ, ਗੁਰੂ ਹੀ ਸਿਮ੍ਰਿਤੀ ਹੈ, ਤੇ ਗੁਰੂ ਹੀ ਛੇ ਧਾਰਮਿਕ ਕਰਮ ਹਨ; ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਜੱਗ ਕਰਾਣਾ, ਵਿੱਦਿਆ ਪੜ੍ਹਣੀ, ਵਿੱਦਿਆ ਪੜ੍ਹਾਣੀ, ਸੇਵਕ ਲਈ ਗੁਰੂ ਹੀ ਪਵਿੱਤਰ ਤੀਰਥ ਹੈ। ਗੁਰੂ ਨੂੰ ਹਰ ਵੇਲੇ ਯਾਦ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ, ਗੁਰੂ ਨੂੰ ਯਾਦ ਕਰਨ ਨਾਲ ਜੀਵ ਜਮ ਦੀ ਫਾਹੀ ਵਿਚ ਨਹੀਂ ਫਸਦੇ, ਤੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ। ਗੁਰੂ ਨੂੰ ਯਾਦ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਗੁਰੂ ਮਨੁੱਖ ਨੂੰ ਲੋਕ ਪਰਲੋਕ ਦੀ ਨਿਰਾਦਰੀ ਤੋਂ ਬਚਾ ਲੈਂਦਾ ਹੈ। ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ, ਕਿਉਂਕਿ ਗੁਰੂ ਦਾ ਸੇਵਕ ਅਕਾਲ ਪੁਰਖੁ ਦਾ ਸਿਮਰਨ ਕਰਦਾ ਰਹਿੰਦਾ ਹੈ। ਗੁਰੂ ਦਾ ਸੇਵਕ ਸਾਧ ਸੰਗਤਿ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਸਾਧ ਸੰਗਤਿ ਵਿਚ ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤਿ ਬਖ਼ਸ਼ਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੁਰੂ ਦੇ ਦਰ ਤੇ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ ਜਸ ਆਪਣੇ ਮਨ ਦੁਆਰਾ ਉਚਾਰਨਾ ਚਾਹੀਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ। ਗੁਰੂ ਮਨੁੱਖ ਦੇ ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਤੇ ਗੁਰੂ ਮਨੁੱਖ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਆਦਰ ਸਤਿਕਾਰ ਦੇਂਦਾ ਹੈ।
ਮਾਰੂ ਮਹਲਾ ੫ ਸੋਲਹੇ ॥ ੴ ਸਤਿਗੁਰ ਪ੍ਰਸਾਦਿ ॥ ਗੁਰੁ ਗੋਪਾਲੁ ਗੁਰੁ ਗੋਵਿੰਦਾ ॥ ਗੁਰੁ ਦਇਆਲੁ ਸਦਾ ਬਖਸਿੰਦਾ ॥ ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥ ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥ ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥ ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥ ਗੁਰ ਕਾ ਸੇਵਕੁ ਨਰਕਿ ਨ ਜਾਏ ॥ ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥ ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥ ੩ ॥ ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥ ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥ ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥ ੪ ॥ {੧੦੭੫}
ਮਨੁੱਖ ਦੇ ਮਨ ਵਿਚ ਪੈਦਾ ਹੋਣ ਵਾਲੇ ਵਿਕਾਰਾਂ ਨੂੰ ਦੂਰ ਕਰਨ ਦੀ ਦਵਾਈ ਤਾਂ ਅਕਾਲ ਪੁਰਖੁ ਦਾ ਨਾਮੁ ਹੀ ਹੈ। ਅਕਾਲ ਪੁਰਖੁ ਦਾ ਨਾਮੁ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਹੈ, ਜੋ ਕਿ ਪਵਿਤਰ ਜਲ ਦੀ ਤਰ੍ਹਾਂ ਹੈ, ਜਿਸ ਨਾਲ ਮਨੁੱਖ ਦੇ ਅੰਦਰੋਂ ਮੋਹ ਦਾ ਨਾਸ ਹੋ ਸਕਦਾ ਹੈ, ਮੇਰ ਤੇਰ ਵਾਲਾ ਵਿਤਕਰਾ ਦੂਰ ਹੋ ਸਕਦਾ ਹੈ, ਮਾਇਆ ਨਾਲ ਪਕੜ ਖ਼ਤਮ ਹੋ ਸਕਦੀ ਹੈ। ਪਰੰਤੂ ਅਕਾਲ ਪੁਰਖੁ ਦਾ ਇਹ ਨਾਮੁ ਗੁਰੂ ਦੇ ਦਰ ਤੋਂ ਹੀ ਮਿਲ ਸਕਦਾ ਹੈ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਗੁਰਬਾਣੀ ਅਨੁਸਾਰ ਸਮਝਾਇਆ ਗਿਆ ਅਕਾਲ ਪੁਰਖੁ ਦਾ ਨਾਮੁ ਅਤੇ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਪ੍ਰਾਪਤ ਕਰਨਾ ਹੈ, ਤਾਂ ਜੋ ਆਪਣੇ ਪੰਜ ਵਿਕਾਰਾਂ ਤੇ ਕਾਬੂ ਪਾਇਆ ਜਾ ਸਕੇ, ਤੇ ਕੂੜ ਦੀ ਪਾਲ ਤੋੜ ਕੇ ਸਚਿਆਰ ਬਣਿਆ ਜਾ ਸਕੇ।
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥ ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥ {੬੧੬}
ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ, ਕਿਹੜਾ ਰਸਤਾ ਚੰਗਾ ਹੈ, ਜਾਂ ਕਿਹੜਾ ਮੰਦਾ ਹੈ, ਇਹ ਵਿਚਾਰ ਕਰਨ ਦੀ ਸੋਝੀ ਮਨੁੱਖ ਨੂੰ ਨਹੀਂ ਮਿਲਦੀ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ ਗੁਰੂ ਦੇ ਦਰ ਤੇ ਪਹੁੰਚਾ ਦੇਂਦਾ ਹੈ, ਉਸ ਮਨੁੱਖ ਨੂੰ ਵਿਚਾਰ ਕਰਨ ਦੀ ਸੋਝੀ ਆ ਜਾਂਦੀ ਹੈ। ਫਿਰ ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਨਾਲ ਜੁੜਦਾ ਹੈ, ਤੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਅਕਾਲ ਪੁਰਖੁ ਨੇ ਜਿੰਦ ਨੂੰ ਸਰੀਰ ਰੂਪੀ ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਸਵਾਸ ਲੈਂਣ ਦੀ ਸ਼ਕਤੀ ਦਿੱਤੀ ਹੈ, ਤਾਂ ਜੋ ਉਸ ਦੇ ਜੀਵਨ ਦੀ ਰੌ ਚਲਦੀ ਰਹੇ। ਸਰੀਰ ਨੂੰ ਸਵਾਸ ਲੈਂਣ ਦੀ ਸ਼ਕਤੀ ਦੇਣ ਦੇ ਨਾਲ ਨਾਲ, ਮੂੰਹ, ਅੱਖਾਂ, ਨੱਕ, ਕੰਨ ਆਦਿਕ ਨੌ ਕਰਮ ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ ਹਨ, ਪਰੰਤੂ ਦਸਵੇਂ ਦੁਆਰ ਨੂੰ ਦਿਮਾਗ਼ ਦੇ ਅੰਦਰ ਲੁਕਾਂ ਕੇ ਰੱਖਿਆ ਹੈ। ਅਕਾਲ ਪੁਰਖੁ ਨੇ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮੁ ਨਾਲ ਪ੍ਰੇਮ ਕਰਨ ਦੀ ਤੇ ਉਸ ਵਿਚ ਸਰਧਾ ਰੱਖਣ ਦੀ ਸੋਝੀ ਬਖ਼ਸ਼ੀ, ਉਨ੍ਹਾਂ ਨੂੰ ਦਸਵਾਂ ਦੁਆਰ ਵੀ ਵਿਖਾ ਦਿੱਤਾ। ਉਨ੍ਹਾਂ ਨੂੰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਤੇ ਸਬਦ ਦੁਆਰਾ ਵੀਚਾਰ ਕਰਨ ਦੀ ਸੋਝੀ ਵੀ ਦੇ ਦਿੱਤੀ। ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਅਕਾਲ ਪੁਰਖੁ ਦਾ ਉਹ ਨਾਮੁ ਰੂਪੀ ਨੌ ਖ਼ਜ਼ਾਨਿਆਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ, ਜੋ ਕਦੇ ਮੁੱਕਦਾ ਨਹੀਂ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਪਿਆਰੇ ਅਕਾਲ ਪੁਰਖੁ ਨੇ ਜਿੰਦ ਨੂੰ ਸਰੀਰ ਰੂਪੀ ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਸਵਾਸ ਲੈਂਣ ਦੀ ਸ਼ਕਤੀ ਦਿੱਤੀ ਹੈ, ਤਾਂ ਜੋ ਉਹ ਸਦਾ ਗੁਰੂ ਦੇ ਦਰ ਤੇ ਜਾ ਕੇ ਸਬਦ ਦੁਆਰਾ ਆਤਮਕ ਆਨੰਦ ਮਾਣਦਾ ਰਹੇ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦੇ ਨਾਮੁ ਨਾਲ ਪ੍ਰੇਮ ਪੈਦਾ ਕਰਨ ਦੀ ਤੇ ਉਸ ਵਿਚ ਸਰਧਾ ਰੱਖਣ ਦੀ ਸੋਝੀ ਲੈਣੀ ਹੈ। ਆਪਣੇ ਦਿਮਾਗ਼ ਦੇ ਅੰਦਰ ਲੁਕੇ ਦਸਵੇਂ ਦੁਆਰ ਨੂੰ ਵੇਖਣ ਦਾ ਤਰੀਕਾ ਸਿਖਣਾ ਹੈ। ਇਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਤੇ ਸਬਦ ਦੁਆਰਾ ਵੀਚਾਰ ਕਰਨ ਦੀ ਸੋਝੀ ਲਗਾਤਾਰ ਪ੍ਰਾਪਤ ਕਰਦੇ ਰਹਿੰਦੇ ਹਾਂ।
ਰਾਮਕਲੀ ਮਹਲਾ ੩ ਅਨੰਦੁ ॥ ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥ {੯੨੨}
ਗੁਰੂ ਸਾਹਿਬ ਸਮਝਾਂਦੇ ਹਨ, ਕਿ ਉਸ ਇਕ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ ਦੀ ਪੱਟੀ ਉਤੇ ਲਿਖ, ਜਿਹੜਾ ਆਪ ਹੀ ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ ਕਿਰਤ ਕਾਰ ਚਲਾ ਰਿਹਾ ਹੈ, ਜਿਹੜਾ ਇਕ ਆਪ ਹੀ ਸੰਸਾਰ ਦਾ ਇਹ ਸਾਰਾ ਰੂਪ ਰੰਗ ਆਪਣੇ ਆਪ ਤੋਂ ਪਰਗਟ ਕਰ ਰਿਹਾ ਹੈ। ਜਗਤ ਦੇ ਇਹ ਤੱਤ ਹਵਾ ਪਾਣੀ ਅੱਗ ਉਸ ਅਕਾਲ ਪੁਰਖੁ ਦਾ ਆਪਣਾ ਹੀ ਸਰੂਪ ਹਨ, ਜਿਸ ਅਕਾਲ ਪੁਰਖੁ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ। ਜਿਹੜਾ ਮਨੁੱਖ ਉਸ ਇੱਕ ਅਕਾਲ ਪੁਰਖੁ ਨੂੰ ਹਰ ਥਾਂ ਵਿਆਪਕ ਸਮਝਦਾ ਹੈ, ਜਿਸ ਮਨੁੱਖ ਨੂੰ ਹਰ ਥਾਂ ਅਕਾਲ ਪੁਰਖੁ ਦਾ ਰੂਪ ਹੀ ਦਿੱਸਦਾ ਹੈ, ਉਹ ਮਨੁੱਖ ਆਦਰ ਸਤਿਕਾਰ ਹਾਸਲ ਕਰਦਾ ਹੈ। ਕੋਈ ਵਿਰਲਾ ਮਨੁੱਖ ਹੀ ਸਤਿਗੁਰੂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਗਿਆਨ ਹਾਸਲ ਕਰਕੇ, ਉਸ ਅਕਾਲ ਪੁਰਖੁ ਨਾਲ ਜਾਣ ਪਛਾਣ ਪਾ ਕੇ, ਤੇ ਉਸ ਵਿਚ ਸੁਰਤਿ ਟਿਕਾ ਕੇ, ਸਬਰ ਸੰਤੋਖ ਤੇ ਧੀਰਜ ਵਾਲੇ ਜੀਵਨ ਵਾਲਾ ਬਣਦਾ ਹੈ, ਅਜੇਹਾ ਮਨੁੱਖ ਉਸ ਅਕਾਲ ਪੁਰਖੁ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪਣੀ ਮੇਹਰ ਨਾਲ ਇਹ ਦਾਤਿ ਦੇਂਦਾ ਹੈ, ਜਿਸ ਮਨੁੱਖ ਨੂੰ ਸਬਦ ਗੁਰੂ ਦੁਆਰਾ ਆਪਣੀ ਸਰਬ ਵਿਆਪਕਤਾ ਦਾ ਉਪਦੇਸ਼ ਸੁਣਾਂਦਾ ਹੈ, ਉਹ ਮਨੁੱਖ ਜੀਵਨ ਵਿਚ ਸੁਖ ਤੇ ਅਨੰਦ ਮਾਣਦਾ ਰਹਿੰਦਾ ਹੈ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ ਇਹ ਸਿਖਿਆ ਲੈਣੀ ਹੈ, ਕਿ ਇਕ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ ਦੀ ਪੱਟੀ ਉਤੇ ਕਿਸ ਤਰ੍ਹਾਂ ਲਿਖਆ ਜਾ ਸਕਦਾ ਹੈ, ਜਿਹੜਾ ਆਪ ਹੀ ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ ਕਿਰਤ ਕਾਰ ਚਲਾ ਰਿਹਾ ਹੈ, ਜਗਤ ਦੇ ਇਹ ਤੱਤ ਹਵਾ ਪਾਣੀ ਅੱਗ ਉਸ ਅਕਾਲ ਪੁਰਖੁ ਦਾ ਆਪਣਾ ਹੀ ਸਰੂਪ ਹਨ। ਸਤਿਗੁਰੂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਕਿਸ ਤਰ੍ਹਾਂ ਗਿਆਨ ਹਾਸਲ ਕਰਨਾ ਹੈ, ਉਸ ਅਕਾਲ ਪੁਰਖੁ ਨਾਲ ਕਿਸ ਤਰ੍ਹਾਂ ਜਾਣ ਪਛਾਣ ਪਾਉਂਣੀ ਹੈ, ਤੇ ਉਸ ਵਿਚ ਸੁਰਤਿ ਟਿਕਾ ਕੇ, ਸਬਰ ਸੰਤੋਖ ਤੇ ਧੀਰਜ ਵਾਲਾ ਜੀਵਨ ਕਿਸ ਤਰ੍ਹਾਂ ਬਣਾਉਂਣਾ ਹੈ, ਤਾਂ ਜੋ ਮਨੁੱਖ ਜੀਵਨ ਵਿਚ ਸੁਖ ਤੇ ਅਨੰਦ ਮਾਣ ਸਕੇ।
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥ ਏਕੁ ਅਚਾਰੁ ਰੰਗੁ ਇਕੁ ਰੂਪੁ ॥ ਪਉਣ ਪਾਣੀ ਅਗਨੀ ਅਸਰੂਪੁ ॥ ਏਕੋ ਭਵਰੁ ਭਵੈ ਤਿਹੁ ਲੋਇ ॥ ਏਕੋ ਬੂਝੈ ਸੂਝੈ ਪਤਿ ਹੋਇ ॥ ਗਿਆਨੁ ਧਿਆਨੁ ਲੇ ਸਮਸਰਿ ਰਹੈ ॥ ਗੁਰਮੁਖਿ ਏਕੁ ਵਿਰਲਾ ਕੋ ਲਹੈ ॥ ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥ ਗੁਰੂ ਦੁਆਰੈ ਆਖਿ ਸੁਣਾਏ ॥੭॥ {੯੩੦}
ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਤੇ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਰੱਜ ਕੇ ਪੀ ਲਿਆ ਹੈ। ਹਰੇਕ ਜੀਵ ਵਾਰ ਵਾਰ ਇਹੀ ਆਖਦਾ ਹੈ, ਕਿ ਹੇ ਅਕਾਲ ਪੁਰਖੁ! ਮੈਨੂੰ ਇਹ ਅੰਮ੍ਰਿਤ ਦੀ ਦਾਤ ਦੇ, ਪਰੰਤੂ ਅਕਾਲ ਪੁਰਖੁ ਉਸ ਜੀਵ ਨੂੰ ਇਹ ਅੰਮ੍ਰਿਤ ਦੀ ਦਾਤ ਦੇਂਦਾ ਹੈ, ਜਿਹੜਾ ਉਸ ਅਕਾਲ ਪੁਰਖੁ ਨੂੰ ਭਾਉਂਦਾ ਹੈ। ਅਕਾਲ ਪੁਰਖੁ ਜਿਸ ਮਨੁੱਖ ਨੂੰ ਸਤਿਗੁਰੂ ਦੁਆਰਾ ਇਹ ਅੰਮ੍ਰਿਤ ਦੀ ਦਾਤ ਦੇਵੇਗਾ, ਉਹੀ ਜੀਵ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾ ਸਕੇਗਾ। ਇਸ ਲਈ ਜੇਕਰ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾਣਾ ਚਾਹੁੰਦੇ ਹਾਂ, ਤੇ ਜੀਵਨ ਵਿਚ ਆਨੰਦ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਬਦ ਗੁਰੂ ਦਾ ਓਟ ਆਸਰਾ ਲੈਣਾਂ ਪਵੇਗਾ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ ਅਜੇਹੀ ਸਿਖਿਆ ਲੈਣੀ ਹੈ, ਜਿਸ ਦੁਆਰਾ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾ ਸਕੀਏ, ਅਸੀਂ ਅਕਾਲ ਪੁਰਖੁ ਨੂੰ ਪਿਆਰੇ ਲਗ ਸਕੀਏ, ਸਤਿਗੁਰੂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕੀਏ।
ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥ ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥ {੯੩੩}
ਆਤਮਕ ਆਨੰਦ ਦੀ ਦਾਤਿ ਨਿਰੋਲ ਅਕਾਲ ਪੁਰਖੁ ਦੇ ਆਪਣੇ ਹੱਥ ਵਿਚ ਹੈ। ਜਿਸ ਮਨੁੱਖ ਨੂੰ ਮਿਹਰ ਕਰ ਕੇ ਅਕਾਲ ਪੁਰਖੁ ਆਪਣਾ ਨਾਮੁ ਚੇਤੇ ਕਰਨ ਵਲ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਨਾਮੁ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਹੇ ਮਾਲਕ ਅਕਾਲ ਪੁਰਖੁ! ਜਿਵੇਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਦੇ ਮਾਰਗ ਉਤੇ ਚਲਾਉਂਦਾ ਹੈ, ਤਿਵੇਂ ਅਸੀਂ ਉਸ ਮਾਰਗ ਤੇ ਚਲਦੇ ਹਾਂ, ਸਾਨੂੰ ਇਤਨੀ ਹੀ ਸੂਝ ਪਈ ਹੈ, ਕਿ ਤੇਰੇ ਗੁਣਾਂ ਦਾ ਹੋਰ ਭੇਤ ਅਸੀਂ ਨਹੀਂ ਜਾਣ ਸਕਦੇ ਹਾਂ, ਤੇਰਾ ਅੰਤ ਨਹੀਂ ਪਾ ਸਕਦੇ ਹਾਂ। ਅਸੀਂ ਇਹੀ ਸਮਝਿਆ ਹੈ, ਕਿ ਜਿਸ ਤਰ੍ਹਾਂ ਦੇ ਮਾਰਗ ਤੇ ਤੂੰ ਸਾਨੂੰ ਚਲਾਉਂਦਾ ਹੈ, ਅਸੀਂ ਉਸੇ ਮਾਰਗ ਤੇ ਚਲਦੇ ਹਾਂ। ਜਿਨ੍ਹਾਂ ਮਨੁੱਖਾਂ ਨੂੰ ਤੂੰ ਜੀਵਨ ਦਾ ਸਹੀ ਮਾਰਗ ਸਮਝਾਂ ਦੇਂਦਾ ਹੈ, ਫਿਰ ਉਹ ਤੇਰੇ ਹੁਕਮੁ ਤੇ ਰਜਾ ਅਨੁਸਾਰ ਉਸੇ ਮਾਰਗ ਤੇ ਚਲਦੇ ਰਹਿੰਦੇ ਹਨ। ਹੇ ਅਕਾਲ ਪੁਰਖੁ! ਜਿਨ੍ਹਾਂ ਮਨੁੱਖਾ ਉਪਰ ਤੂੰ ਆਪਣੀ ਮੇਹਰ ਕਰ ਕੇ ਆਪਣੇ ਨਾਮੁ ਨਾਲ ਜੋੜਦਾ ਹੈ, ਆਤਮਕ ਆਨੰਦ ਮਾਣਨ ਦੇ ਰਸਤੇ ਉਤੇ ਚਲਾਉਂਦਾ ਹੈ, ਫਿਰ ਉਹ ਮਨੁੱਖ ਸਦਾ ਤੇਰਾ ਨਾਮੁ ਚੇਤੇ ਕਰਦੇ ਰਹਿੰਦੇ ਹਨ। ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਾਉਂਦਾ ਹੈ, ਤੇ ਸੱਚੀ ਬਾਣੀ ਸੁਣਨ ਲਈ ਪੇ੍ਰਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਗੁਰੂ ਸਾਹਿਬ ਬੇਨਤੀ ਕਰਦੇ ਹਨ, ਕਿ ਹੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਰਾਹ ਉਤੇ ਚਲਾਉਂਦਾ ਹੈ। ਇਸ ਲਈ ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਦੱਸੇ ਗਏ ਮਾਰਗ ਤੇ ਚਲਦੇ ਰਹਿੰਣ ਲਈ ਸਿਖਿਆ ਲੈਣੀ ਹੈ। ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਸੁਣਨ ਲਈ ਪੇ੍ਰਰਨਾ ਲੈਣੀ ਹੈ, ਤਾਂ ਜੋ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦਾ ਰਹੇ।
ਰਾਮਕਲੀ ਮਹਲਾ ੩ ਅਨੰਦੁ ॥ ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥ ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥ ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥ ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥ ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥ {੯੧੯}
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਸਾਨੂੰ:
- ਗੁਰੂ ਦੇ ਦਰ ਤੇ ਆ ਕੇ ਸੋਝੀ ਪ੍ਰਾਪਤ ਕਰਨੀ ਹੈ, ਤਾਂ ਜੋ ਸਾਨੂੰ ਸਮਝ ਆ ਸਕੇ ਕਿ ਜੀਵਨ ਵਿਚ ਕੀ ਠੀਕ ਹੈ, ਤੇ ਕੀ ਗਲਤ ਹੈ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਤੀਰ ਦੁਆਰਾ, ਆਪਣੇ ਮਨ ਨੂੰ ਸਹੀ ਦਿਸ਼ਾ ਦੇਣੀ ਹੈ, ਸਬਦ ਦੁਆਰਾ ਸੋਝੀ ਪ੍ਰਾਪਤ ਕਰਨੀ ਹੈ, ਤਾਂ ਜੋ ਜੀਵਨ ਵਿਚ ਸਚਿਆਰ ਬਣਿਆ ਜਾ ਸਕੇ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੇ ਮੰਦੇ ਦੀ ਪਰਖ ਸਮਝਾਂ ਕੇ ਸਹੀ ਦਿਸ਼ਾ ਦੇਣੀ ਹੈ। ਉਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਆਪਣੇ ਮਨ ਅੰਦਰੋਂ ਆਪਾ ਭਾਵ ਦੂਰ ਕਰਕੇ ਸਬਦ ਦੁਆਰਾ ਸੋਝੀ ਪ੍ਰਾਪਤ ਕਰਦੇ ਹਾਂ, ਤਾਂ ਜੋ ਸਾਡੀਆਂ ਸਾਰੀਆਂ ਗਿਆਨ ਇੰਦ੍ਰਿੀਆਂ ਸਚਿਆਰ ਬਣਨ ਦੀ ਦਿਸ਼ਾ ਵੱਲ ਜਾਣਾ ਆਰੰਭ ਕਰ ਦੇਣ।
- ਗੁਰੂ ਦੇ ਦਰ ਤੇ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ ਜਸ ਮਨ ਦੁਆਰਾ ਉਚਾਰਨਾ ਚਾਹੀਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ। ਗੁਰੂ ਮਨੁੱਖ ਦੇ ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਤੇ ਗੁਰੂ ਮਨੁੱਖ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਆਦਰ ਸਤਿਕਾਰ ਦੇਂਦਾ ਹੈ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਗੁਰਬਾਣੀ ਅਨੁਸਾਰ ਸਮਝਾਏ ਗਏ ਅਕਾਲ ਪੁਰਖੁ ਦਾ ਨਾਮੁ ਅਤੇ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਪ੍ਰਾਪਤ ਕਰਨਾ ਹੈ, ਤਾਂ ਜੋ ਆਪਣੇ ਪੰਜ ਵਿਕਾਰਾਂ ਤੇ ਕਾਬੂ ਪਾਇਆ ਜਾ ਸਕੇ, ਤੇ ਕੂੜ ਦੀ ਪਾਲ ਤੋੜ ਕੇ ਸਚਿਆਰ ਬਣਿਆ ਜਾ ਸਕੇ।
- ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦੇ ਨਾਮੁ ਨਾਲ ਪ੍ਰੇਮ ਪੈਦਾ ਕਰਨ ਦੀ ਤੇ ਉਸ ਵਿਚ ਸਰਧਾ ਰੱਖਣ ਦੀ ਸੋਝੀ ਲੈਣੀ ਹੈ। ਆਪਣੇ ਦਿਮਾਗ਼ ਦੇ ਅੰਦਰ ਲੁਕੇ ਦਸਵੇਂ ਦੁਆਰ ਨੂੰ ਵੇਖਣ ਦਾ ਤਰੀਕਾ ਸਿਖਣਾ ਹੈ। ਇਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਤੇ ਸਬਦ ਦੁਆਰਾ ਵੀਚਾਰ ਕਰਨ ਦੀ ਸੋਝੀ ਲਗਾਤਾਰ ਪ੍ਰਾਪਤ ਕਰਦੇ ਰਹਿੰਦੇ ਹਾਂ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ ਇਹ ਸਿਖਿਆ ਲੈਣੀ ਹੈ, ਕਿ ਇਕ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ ਦੀ ਪੱਟੀ ਉਤੇ ਕਿਸ ਤਰ੍ਹਾਂ ਲਿਖਆ ਜਾ ਸਕਦਾ ਹੈ, ਜਿਹੜਾ ਆਪ ਹੀ ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ ਕਿਰਤ ਕਾਰ ਚਲਾ ਰਿਹਾ ਹੈ। ਸਤਿਗੁਰੂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਕਿਸ ਤਰ੍ਹਾਂ ਗਿਆਨ ਹਾਸਲ ਕਰਨਾ ਹੈ, ਉਸ ਅਕਾਲ ਪੁਰਖੁ ਨਾਲ ਕਿਸ ਤਰ੍ਹਾਂ ਜਾਣ ਪਛਾਣ ਪਾਉਂਣੀ ਹੈ, ਤੇ ਉਸ ਵਿਚ ਸੁਰਤਿ ਟਿਕਾ ਕੇ, ਸਬਰ ਸੰਤੋਖ ਤੇ ਧੀਰਜ ਵਾਲਾ ਜੀਵਨ ਕਿਸ ਤਰ੍ਹਾਂ ਬਣਾਉਂਣਾ ਹੈ, ਤਾਂ ਜੋ ਮਨੁੱਖ ਜੀਵਨ ਵਿਚ ਸੁਖ ਤੇ ਅਨੰਦ ਮਾਣ ਸਕੇ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ ਅਜੇਹੀ ਸਿਖਿਆ ਲੈਣੀ ਹੈ, ਜਿਸ ਦੁਆਰਾ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾ ਸਕੀਏ, ਅਸੀਂ ਅਕਾਲ ਪੁਰਖੁ ਨੂੰ ਪਿਆਰੇ ਲਗ ਸਕੀਏ, ਸਤਿਗੁਰੂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕੀਏ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਦੱਸੇ ਗਏ ਮਾਰਗ ਤੇ ਚਲਦੇ ਰਹਿੰਣ ਲਈ ਸਿਖਿਆ ਲੈਣੀ ਹੈ। ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਸੁਣਨ ਲਈ ਪੇ੍ਰਰਨਾ ਲੈਣੀ ਹੈ, ਤਾਂ ਜੋ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦਾ ਰਹੇ।
ਉਪਰ ਲਿਖੀਆਂ, ਗੁਰਬਾਣੀ ਦੀਆਂ ਸਾਰੀਆਂ ਸਿਖਿਆਵਾਂ ਨੂੰ ਹਰੇਕ ਉਮਰ ਦੇ ਬੱਚੇ, ਬੱਚੀ, ਨੌਜਵਾਨ, ਇਸਤਰੀ, ਪੁਰਸ਼, ਬਜੁਰਗ, ਮਾਤਾ ਪਿਤਾ ਤਕ ਪਹੁੰਚਾਣ ਲਈ ਉਪਰਾਲੇ ਕਰਨੇ ਜਰੂਰੀ ਹਨ।
ਇਹ ਸਭ ਕੁਝ ਕਰਨ ਲਈ ਸਾਨੂੰ ਗੁਰਦੁਆਰਿਆਂ ਤੇ ਘਰਾਂ ਵਿਚ ਲੋਕਾਂ ਦੀ ਸੋਚ ਤੇ ਗੁਰਮਤਿ ਗਿਆਨ ਹਾਸਲ ਕਰਨ ਦੇ ਤਰੀਕਿਆਂ ਵਿਚ ਭਾਰੀ ਤਪਦੀਲੀ ਕਰਨ ਦੀ ਲੋੜ ਹੈ। ਸਭ ਤਰ੍ਹਾਂ ਦੇ ਰਵਾਇਤੀ ਪਾਠ, ਕੀਰਤਰਨ, ਕਰਾਮਾਤੀ ਤੇ ਮਨਘੜਤ ਕਹਾਣੀਆਂ ਵਾਲੀਆਂ ਕਥਾਵਾਂ ਜਾਂ ਵੀਚਾਰ ਬੰਦ ਕਰਨੇ ਪੈਣੇ ਹਨ। ਖਾਣ ਵਾਲੇ ਲੰਗਰ ਘਟਾਉਂਣੇ ਹਨ, ਤੇ “ਲੰਗਰੁ ਚਲੈ ਗੁਰ ਸਬਦਿ”, ਕਾਇਮ ਕਰਨੇ ਹਨ।
ਆਮ ਲੋਕਾਂ ਨੂੰ ਸੁਚੇਤ ਕਰਨਾ ਹੈ, ਕਿ ਅਨਪੜ੍ਹ ਤੇ ਚੌਧਰਪੁਣੇ ਵਾਲੇ ਪ੍ਰਬੰਧਕਾ ਦੀ ਥਾਂ, ਗੁਰਮਤਿ ਦੀ ਸੋਝੀ ਵਾਲੇ ਪ੍ਰਬੰਧਕ ਚੁਣੋ। ਅੱਖਾਂ ਮੀਟ ਕੇ ਗੁਰਦੁਆਰਿਆਂ ਦੀ ਗੋਲਕ ਵਿਚ ਤੇ ਰਾਗੀਆਂ ਗਰੰਥੀਆਂ ਦੀਆਂ ਟੋਕਰੀਆਂ ਵਿਚ ਪੈਸੇ ਨਾ ਪਾਓ। ਜੇ ਕਰ ਉਹ ਗੁਰੂ ਗਰੰਥ ਸਾਹਿਬ ਅਨੁਸਾਰ ਸੱਚੀ ਬਾਣੀ ਦੀ ਸਹੀ ਸਿਖਿਆਂ ਨਹੀਂ ਦੇ ਰਹੇ ਹਨ, ਤਾਂ ਆਪਣੇ ਆਪਣੇ ਗੁਰਮਤਿ ਸਾਂਝ ਦੇ ਗੁਰਪ ਬਣਾ ਕੇ ਲੋਕਾਂ ਅੰਦਰ ਜਾਗਰਤੀ ਪੈਦਾ ਕਰੋ। ਕੁਰਸੀਆਂ ਦੇ ਭੁਖੇ ਪ੍ਰਬੰਧਕਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਵਿਚੋਂ ਬਾਹਰ ਕੱਡੋ। ਲੇਕਿਨ ਇਸ ਚੀਜ ਦਾ ਖਾਸ ਧਿਆਨ ਰੱਖਣਾ ਹੈ, ਕਿ ਪਹਿਲਾਂ ਆਪਣੇ ਆਪ ਨੂੰ ਸੱਚੀ ਬਾਣੀ ਅਨੁਸਾਰ ਸੁਧਾਰਨਾ ਹੈ, ਤੇ ਫਿਰ ਦੂਸਰਿਆਂ ਨੂੰ ਪ੍ਰੇਰਨਾ ਹੈ।
ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥ ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥ {੩੮੧}
ਪ੍ਰਬੰਧਕੀ ਸੁਧਾਰ ਕਰਨ ਦੇ ਨਾਲ ਨਾਲ ਇਹ ਵੀ ਬਹੁਤ ਜਰੂਰੀ ਹੈ, ਕਿ ਅੱਜਕਲ ਦੇ ਬੱਚੇ ਬੱਚੀਆਂ ਤੇ ਨੌਜਵਾਨਾਂ ਨੂੰ ਸਿੱਖੀ ਵੱਲ ਕਿਸ ਤਰ੍ਹਾਂ ਮੋੜਿਆ ਜਾਵੇ:
ਨੌਜਵਾਨਾਂ ਨੂੰ ਸਿੱਖੀ ਵੱਲ ਮੋੜਨ ਲਈ ਬੜਾ ਸੂਖਮ ਤੇ ਸੰਜੀਦਗਾ ਤਰੀਕਾ ਵਰਤਣਾ ਪੈਣਾ ਹੈ। ਉਨ੍ਹਾਂ ਦੀ ਵਿਲੱਖਣਤਾ, ਦ੍ਰਿਸ਼ਟੀਕੋਣ, ਚੁਣੌਤੀਆਂ, ਇਸ਼ਾਵਾਂ, ਨੂੰ ਧਿਆਨ ਵਿਚ ਰੱਖਣਾ ਹੈ ਤੇ ਸਵਿਕਾਰ ਕਰਨਾ ਬਹੁਤ ਜਰੂਰੀ ਹੈ।
ਆਪਣੇ ਆਪ ਨੂੰ ਚੰਗੇ ਰੋਲ ਮਾਡਲ ਪੇਸ਼ ਕਰੋ: ਬੱਚੇ ਅਕਸਰ ਵੱਡਿਆਂ ਦੀ ਨਕਲ ਕਰਦੇ ਹਨ। ਇਸ ਲਈ ਵੱਡਿਆਂ ਨੂੰ ਬੱਚਿਆਂ ਅੰਦਰ ਵਿਸ਼ਵਾਸ ਪੈਦਾ ਕਰਨਾ ਹੈ, ਦਇਆ ਦੀ ਭਾਵਨਾਂ, ਨੈਤਿਕਤਾ ਤੇ ਇਮਾਨਦਾਰੀ ਦਾ ਪ੍ਰਦਰਸ਼ਨ ਕਰਨਾ ਹੈ। ਉਨ੍ਹਾਂ ਨੂੰ ਗੁਰਬਾਣੀ ਸਬੰਧੀ ਹਰੇਕ ਤਰ੍ਹਾਂ ਦੀ ਖੋਜ ਲਈ ਪ੍ਰੇਰਨਾ ਤੇ ਉਤਸ਼ਾਹ ਦੇਣਾ ਹੈ।
ਚੰਗੀ ਸਲਾਹ ਪ੍ਰਦਾਨ ਕਰੋ: ਚੰਗੇ ਸਲਾਹਕਾਰ ਤੇ ਧਾਰਮਿਕ ਆਗੂਆਂ ਨੂੰ ਨਿਯੁਕਤ ਕਰੋ, ਜਿਹੜੇ ਨੌਜਵਾਨਾਂ ਨੂੰ ਸਮਝ ਸਕਣ ਤੇ ਉਨ੍ਹਾਂ ਨਾਲ ਸਬੰਧ ਕਾਇਮ ਕਰ ਸਕਣ। ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕਰ ਸਕਣ, ਉਨ੍ਹਾਂ ਨੂੰ ਜੀਵਨ ਜਾਚ ਸਬੰਧੀ ਸਹਾਇਤਾ ਕਰ ਸਕਦੇ ਹਨ, ਨੌਜਵਾਨਾਂ ਨਾਲ ਵੀਚਾਰ ਵਟਾਂਦਰਾ ਕਰ ਸਕਦੇ ਹਨ, ਨੌਜਵਾਨਾਂ ਦਾ ਵਿਸ਼ਵਾਸ ਜਿਤ ਸਕਦੇ ਹਨ। ਇਹ ਵੀ ਧਿਆਨ ਰੱਖਣਾ ਹੈ, ਕਿ ਦਵੈਤ ਭਾਵਨਾਂ ਪੈਦਾ ਕਰਨ ਵਾਲੇ ਪ੍ਰਚਾਰਕਾਂ ਨੂੰ ਦੂਰ ਰੱਖਿਆ ਜਾਵੇ, ਜਿਹੜੇ ਖੁਦ, “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ”, ਨਾਲ ਨਹੀਂ ਜੁੜ ਸਕਦੇ, ਉਹ ਨੌਜਵਾਨਾਂ ਨੂੰ ਕੀ ਸਮਝਾ ਸਕਣਗੇ।
ਆਲੋਚਨਾਤਮਕ ਸੋਚ ਤੇ ਆਪਸੀ ਸਵਾਲ ਜੁਆਬ ਲਈ ਉਤਸ਼ਾਹ: ਨੌਜਵਾਨਾਂ ਨਾਲ ਖੁਲੇ ਵਿਚਾਰ ਵਟਾਂਦਰੇ ਲਈ ਸਹੂਲਤਾਂ ਕਾਇਮ ਕਰੋ। ਜਿਥੇ ਨੌਜਵਾਨ ਸਵਾਲ ਪੁੱਛ ਸਕਦੇ ਹਨ, ਆਪਣੇ ਸ਼ੰਕੇ ਦੂਰ ਕਰ ਸਕਦੇ ਹਨ, ਧਰਮ ਬਾਰੇ ਮੰਤਵ, ਲਾਭ, ਹਾਨੀਆਂ, ਆਦਿ ਸਭ ਤਰ੍ਹਾਂ ਦੇ ਔਖੇ ਸਵਾਲ ਪੁਛ ਸਕਦੇ ਹਨ। ਗੁਰਮਤਿ ਬਾਰੇ ਹਰੇਕ ਤਰ੍ਹਾਂ ਵੀਚਾਰ ਤੇ ਵਿਆਖਿਆ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਸਮਝਣ ਤੇ ਪੜਤਾਲ ਕਰਨ ਲਈ ਉਤਸ਼ਾਹਤ ਕਰੋ।
ਧਰਮ ਦਾ ਰੋਜਾਨਾ ਜੀਵਨ ਨਾਲ ਸਬੰਧ: ਨੌਜਵਾਨਾਂ ਨੂੰ ਗੁਰਮਤਿ ਦੁਆਰਾ ਦਿਤੀਆਂ ਜਾ ਰਹੀਆਂ ਸਿਖਿਆਵਾਂ ਦਾ ਰੋਜਾਨਾ ਜੀਵਨ ਨਾਲ ਸਬੰਧ ਤੇ ਲੋੜ ਸਮਝਣ ਲਈ ਸਹਾਇਤਾ ਕਰੋ। ਆਤਮ ਵਿਸ਼ਵਾਸ ਕਿਸ ਤਰ੍ਹਾਂ ਪੈਦਾ ਕਰਨਾ ਹੈ? ਚੁਣੌਤੀਆਂ ਦਾ ਕਿਸ ਤਰ੍ਹਾਂ ਮੁਕਾਬਲਾ ਕਰਨਾ ਹੈ? ਨੈਤਿਕਤਾ ਦੇ ਫੈਸਲੇ ਕਿਸ ਤਰ੍ਹਾ ਲੈਣੇ ਹਨ? ਗੁਰਬਾਣੀ ਦੇ ਸਹੀ ਅਰਥ ਕਿਸ ਤਰ੍ਹਾਂ ਲੱਭਣੇ ਹਨ? ਚੜ੍ਹਦੀ ਕਲ੍ਹਾ ਵਿਚ ਕਿਸ ਤਰ੍ਹਾਂ ਰਹਿਣਾ ਹੈ? ਆਪਣਾ ਮਨੋਬਲ ਕਿਸ ਤਰ੍ਹਾ ਉੱਚਾ ਕਰਨਾ ਹੈ?
ਆਪਸੀ ਭਾਈਚਾਰਾ ਤੇ ਸੇਵਾ ਤੇ ਜੋਰ ਦਿਓ: ਨੌਜਵਾਨਾਂ ਨੂੰ ਆਪਸੀ ਭਾਈਚਾਰੇ ਲਈ ਉਤਸ਼ਾਹਤ ਕਰੋ, ਸਹੀ ਤੇ ਸੱਚੀ ਸੇਵਾ ਕਰਨ ਲਈ ਸਿਖਿਆਂ ਅਤੇ ਨਮੂਨੇ ਪੇਸ਼ ਕਰੋ, ਸਮਾਜਕ ਨਿਆਂ ਕਿਸ ਤਰ੍ਹਾਂ ਲੈਣਾਂ ਹੈ, ਧਾਰਮਿਕ ਇਕੱਠ ਕਰਨ ਵਿਚ ਨੌਜਵਾਨਾਂ ਨੂੰ ਆਪਣੇ ਨਾਲ ਸ਼ਾਮਲ ਕਰੋ। ਆਪਸੀ ਵਿਸ਼ਵਾਸ ਪੈਦਾ ਕਰੋ, ਇਕ ਦੂਜੇ ਦੀਆਂ ਕਰਦਾਂ ਕੀਮਤਾਂ ਸਮਝੋ ਤੇ ਸਮਝਾਓ। ਨੌਜਵਾਨ ਕਿਸ ਤਰ੍ਹਾਂ ਆਪਸ ਵਿਚ ਜੁੜ ਸਕਦੇ ਹਨ, ਕਿਸ ਤਰ੍ਹਾਂ ਆਪਸੀ ਸਾਂਝ ਪੈਦਾ ਕਰ ਸਕਦੇ ਹਨ। ਧਾਰਮਿਕ ਭਾਈਚਾਰੇ ਲਈ ਮੰਤਵ, ਉਦੇਸ਼ ਤੇ ਭਾਵਨਾ ਕਿਸ ਤਰ੍ਹਾਂ ਪੈਦਾ ਕੀਤੀ ਜਾ ਸਕਦੀ ਹੈ।
ਨਵੀਨਤਮ ਟੈਕਨਾਲੌਜੀ ਤੇ ਪ੍ਰਚਾਰ ਦੇ ਸਾਧਨ ਵਰਤੋ: ਗੁਰਮਤਿ ਸਿਖਲਾਈ, ਪ੍ਰੇਰਣਾ, ਉਦੇਸ਼, ਰੋਲ ਮਾਡਲ ਦਾ ਪ੍ਰਚਾਰ ਕਰਨ ਲਈ ਨਵੀਨਤਮ ਤਕਨਾਲੌਜੀ ਤੇ ਸੋਸ਼ਲ ਮੀਡੀਆ ਦਾ ਲਾਭ ਉਠਾਓ, ਚੰਗੀ ਸਮਗਰੀ ਵਾਲੇ ਦਿਲਚਸਪ ਲੇਖ, ਪੋਸਟਰ, ਵੀਡੀਓ ਬਣਾਓ, ਜਿਹੜੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਸਕਣ, ਅਤੇ ਨਾਲ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਤੇ ਮੁਸ਼ਕਲਾਂ ਵੀ ਹਲ ਕਰ ਸਕਣ। ਹਰੇਕ ਵਰਗ ਦੇ ਨੌਜਵਾਨਾਂ ਦੀ ਦਿਲਚਸਪੀ ਦਾ ਖਾਸ ਧਿਆਨ ਰੱਖਿਆ ਜਾਵੇ।
ਆਪਸੀ ਸੰਵਾਦ ਤੇ ਮਸਲਿਆ ਵਿਚ ਸ਼ਾਮਲ ਕਰੋ: ਹੋਰਨਾਂ ਧਰਮਾਂ ਦੇ ਨੌਜਵਾਨਾਂ ਨਾਲ ਸਾਂਝ ਪੈਦਾ ਕਰਨ ਲਈ ਅੰਤਰ ਧਰਮੀ ਸੰਵਾਦ ਤੇ ਸਹਿਯੋਗ ਲਈ ਉਤਸ਼ਾਹਤ ਕਰੋ। ਸਾਂਝੇ ਗੁਣਾਂ ਤੇ ਸਿਧਾਂਤਾਂ ਤੇ ਜੋਰ ਦਿਓ।
ਚੰਗੇ ਰਸਮਾਂ ਰਿਵਾਜਾਂ ਸਬੰਧੀ ਜਾਣਕਾਰੀ: ਨੌਜਵਾਨਾਂ ਨੂੰ ਚੰਗੇ ਰੀਤੀ ਰਿਵਾਜਾਂ ਸਬੰਧੀ ਜਾਣਕਾਰੀ ਦਿਓ ਤਾਂ ਜੋ ਉਨ੍ਹਾਂ ਅੰਦਰ ਚੰਗੇ ਗੁਣ ਪੈਦਾ ਹੋ ਸਕਣ, ਮਨੁੱਖੀ ਵਿਕਾਸ, ਜੀਵਨ ਦਾ ਮੰਤਵ, ਸਵੈ ਪੜਚੋਲ, ਅਰਦਾਸ ਦਾ ਮੰਤਵ, ਅਕਾਲ ਪੁਰਖ ਦਾ ਮਿਲਾਪ, ਆਦਿ ਕੀ ਹਨ।
ਚੰਗੇ ਨੇਤਾ ਬਣਨ ਤੇ ਚੁਣਨ ਲਈ ਯੋਗਤਾ: ਨੌਜਵਾਨਾਂ ਨੂੰ ਆਪਸੀ ਧਾਰਮਿਕ ਭਾਈਚਾਰਾ ਕਾਇਮ ਕਰਨ ਲਈ ਆਪਣੇ ਨਾਲ ਪ੍ਰਬੰਧ ਵਿਚ ਸ਼ਾਮਲ ਕਰੋ, ਤੇ ਉਨ੍ਹਾਂ ਨੂੰ ਪਰਫੁਲਤ ਹੋਣ ਦਾ ਪੂਰਾ ਮੌਕਾ ਦਿਓ। ਕਿਸ ਤਰ੍ਹਾਂ ਸਮਾਗਮ ਕਰਨੇ ਹਨ, ਅਗਵਾਈ ਕਰਨੀ ਹੈ, ਫੈਸਲੇ ਲੈਣੇ ਹਨ, ਆਪਸੀ ਵਿਸ਼ਵਾਸ ਪੈਦਾ ਕਰਨਾ ਹੈ, ਕਿਸ ਤਰ੍ਹਾਂ ਕੌਮ ਪ੍ਰਤੀ ਭਾਵਨਾ ਪੈਦਾ ਕਰਨੀ ਹੈ? ਆਦਿ ਸਭ ਤਰ੍ਹਾਂ ਦੀ ਸਿਖਲਾਈ ਵਿਚ ਨਿਪੁੰਨ ਬਣਾਓ।
ਆਪਣੇ ਪੈਰਾਂ ਤੇ ਆਪ ਖੜੇ ਹੋਣ ਦੀ ਆਜਾਦੀ ਦਿਓ: ਧਰਮ ਦੇ ਮਾਰਗ ਤੇ ਚਲਣ ਲਈ ਨੌਜਵਾਨਾਂ ਦੀ ਖੁਦਮੁਖਤਿਆਰੀ ਨਿਜੀ ਸੋਚ, ਵਿਸ਼ਵਾਸ, ਭਾਵਨਾਂ ਦਾ ਸਤਿਕਾਰ ਕਰੋ। ਆਪਣੀਆਂ ਰਵਾਇਤਾਂ ਜਾਂ ਸ਼ਰਤਾਂ ਥੋਪਣ ਦੀ ਬਜਾਏ ਨੌਜਵਾਨਾਂ ਲਈ ਖੁਦ ਸੋਚਣ, ਵੀਚਾਰਨ, ਤੇ ਖੋਜਣ ਦਾ ਮਹੌਲ ਪੈਦਾ ਕਰੋ, ਤਾਂ ਜੋ ਉਹ ਖੁਦ ਸਚ ਨੂੰ ਪਛਾਨਣ ਦੇ ਯੋਗ ਬਣ ਸਕਣ।
ਨੌਜਵਾਨਾਂ ਦੀਆਂ ਮਾਨਸਿਕ ਲੋੜਾਂ, ਭਾਵਨਾਵਾਂ, ਸਮਾਜਕ ਤੇ ਆਰਥਿਕ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ, ਗੁਰਮਤਿ ਅਨੁਸਾਰ ਸਹੀ ਤੇ ਉਚਿੱਤ ਮਾਰਗ ਅਪਨਾਇਆ ਜਾ ਸਕਦਾ ਹੈ, ਜਿਸ ਨਾਲ ਨੌਜਵਾਨਾਂ ਵਿਚ ਆਪਸੀ ਵਿਸ਼ਵਾਸ ਪੈਦਾ ਕਰਕੇ ਸਚਿਆਰ ਬਣਨ ਤੇ ਆਨੰਦਮਈ ਜੀਵਨ ਬਤੀਤ ਕਰਨ ਵੱਲ ਮੋੜਿਆ ਜਾ ਸਕਦਾ ਹੈ।
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ {੬੬੭}
ਸਾਨੂੰ ਆਪਣੇ ਗੁਰਦੁਆਰੇ, “ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ”, ਭਾਵ, ਇਕ ਚਟਸਾਲ/ਸਕੂਲ ਦੀ ਤਰ੍ਹਾਂ ਬਣਾਉਂਣੇ ਹਨ, ਜਿਥੇ ਹੋਰ ਵਿਸ਼ਿਆਂ ਦੀ ਤਰ੍ਹਾਂ ਅਕਾਲ ਪੁਰਖ ਵਰਗੇ ਗੁਣ ਅਪਨਾ ਕੇ ਜੀਵਨ ਜਾਚ ਦੀ ਸਿਖਿਆ ਲੈ ਕੇ ਸਚਿਆਰ ਬਣਨਾ ਸਿਖਾਇਆ ਜਾਵੇ। ਇਹ ਸਿਖਿਆ ਹਰੇਕ ਉਮਰ ਦੇ ਬੱਚੇ, ਬੱਚੀ, ਨੌਜਵਾਨ, ਇਸਤਰੀ, ਪੁਰਸ਼, ਬਜੁਰਗ, ਮਾਤਾ ਪਿਤਾ ਲਈ ਉਨ੍ਹਾਂ ਦੇ ਮਾਨਸਿਕ, ਆਰਥਿਕ, ਕੰਮ ਕਾਰ, ਸਥਾਨ, ਮੌਸਮ, ਰੁਚੀ ਤੇ ਲੋੜ ਅਨੁਸਾਰ ਵੱਖ ਵੱਖ ਤਰੀਕਿਆਂ ਅਨੁਸਾਰ ਹੋਈ ਚਾਹੀਦੀ ਹੈ, ਤਾਂ ਜੋ ਉਹ ਜੀਵਨ ਦੇ ਹਰੇਕ ਪਹਿਲੂ ਤੋਂ ਗੁਰਬਾਣੀ ਦੀ ਸਿਖਿਆ ਲੈ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਣ। ਸਭ ਤਰ੍ਹਾਂ ਦੇ ਵਰਗਾਂ ਲਈ ਸਕੂਲ, ਕਾਲਜ, ਯੂਨੀਵਰਸਟੀ ਦੀ ਤਰ੍ਹਾਂ ਸਲੇਬਸ ਤਿਆਰ ਕਰਕੇ ਸਿਖਿਆ ਦਾ ਪ੍ਰਬੰਧ ਕਰਨਾ ਹੈ। - ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਸਬਦ ਦੁਆਰਾ ਸੋਝੀ ਪ੍ਰਾਪਤ ਕਰਨੀ ਹੈ, ਤਾਂ ਜੋ ਸਾਨੂੰ ਸਮਝ ਆ ਸਕੇ ਕਿ ਜੀਵਨ ਵਿਚ ਕੀ ਠੀਕ ਹੈ, ਤੇ ਕੀ ਗਲਤ ਹੈ।
- ਸਬਦ ਦੁਆਰਾ ਸੋਝੀ ਪ੍ਰਾਪਤ ਕਰਕੇ ਆਪਣੇ ਮਨ ਨੂੰ ਸਹੀ ਦਿਸ਼ਾ ਦੇਣੀ ਹੈ, ਤਾਂ ਜੋ ਜੀਵਨ ਵਿਚ ਸਚਿਆਰ ਬਣਿਆ ਜਾ ਸਕੇ।
- ਗੁਰੂ ਦੇ ਸਬਦ ਦੇ ਦੁਆਰਾ, ਆਪਣੇ ਮਨ ਅੰਦਰੋਂ ਆਪਾ ਭਾਵ ਦੂਰ ਕਰਕੇ, ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੇ ਮੰਦੇ ਦੀ ਪਰਖ ਸਮਝਾਂ ਕੇ ਸਹੀ ਦਿਸ਼ਾ ਦੇਣੀ ਹੈ।
- ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਹੈ, ਆਪਣੀ ਸੋਚ ਬਦਲਣੀ ਹੈ, ਤੇ ਆਪਣੇ ਕਰਮਾਂ ਦੁਆਰਾ ਉਚਾਰਨੀ ਹੈ।
- ਗੁਰਬਾਣੀ ਅਨੁਸਾਰ ਸਮਝਾਇਆ ਗਿਆ, ਅਕਾਲ ਪੁਰਖੁ ਦਾ ਨਾਮੁ ਤੇ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਪ੍ਰਾਪਤ ਕਰਨਾ ਹੈ, ਤਾਂ ਜੋ ਆਪਣੇ ਪੰਜ ਵਿਕਾਰਾਂ ਤੇ ਕਾਬੂ ਪਾਇਆ ਜਾ ਸਕੇ, ਤੇ ਕੂੜ ਦੀ ਪਾਲ ਤੋੜ ਕੇ ਸਚਿਆਰ ਬਣਿਆ ਜਾ ਸਕੇ।
- ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਕੇ, ਆਪਣੇ ਮਨ ਅੰਦਰ ਨਿਰਮਲ ਭਉ, ਭਾਉ, ਪ੍ਰੇਮ ਤੇ ਭਾਵਨਾਂ ਪੈਦਾ ਕਰਨੀ ਹੈ, ਤਾਂ ਜੋ ਆਪਣੇ ਦਿਮਾਗ਼ ਦੇ ਅੰਦਰ ਲੁਕੇ ਦਸਵੇਂ ਦੁਆਰ ਨੂੰ ਵੇਖਣ ਦਾ ਤਰੀਕਾ ਸਿਖਿਆ ਜਾ ਸਕੇ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ ਅਜੇਹੀ ਸਿਖਿਆ ਲੈਣੀ ਹੈ, ਜਿਸ ਦੁਆਰਾ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾ ਸਕੀਏ, ਅਸੀਂ ਅਕਾਲ ਪੁਰਖੁ ਨੂੰ ਪਿਆਰੇ ਲਗ ਸਕੀਏ, ਸਤਿਗੁਰੂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕੀਏ।
- ਗੁਰੂ ਦੇ ਦਰ ਤੇ ਆ ਕੇ, ਗੁਰੂ ਦੇ ਸਬਦ ਦੇ ਦੁਆਰਾ, ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਦੱਸੇ ਗਏ ਮਾਰਗ ਤੇ ਚਲਦੇ ਰਹਿੰਣ ਲਈ ਸਿਖਿਆ ਲੈਣੀ ਹੈ। ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਸੁਣਨ ਲਈ ਪੇ੍ਰਰਨਾ ਲੈਣੀ ਹੈ, ਤਾਂ ਜੋ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦਾ ਰਹੇ।
- ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦਾ ਮੰਤਵ, ਸਿਧਾਂਤ, ਤੇ ਜੀਵਨ ਦਾ ਸਫਰ, ਸਭ ਕੁਝ ਕੁਦਰਤ ਹੀ ਹੈ। ਮਨੁੱਖ ਨੇ ਕੁਦਰਤ ਵਿਚ ਰਹਿੰਣਾ ਹੈ, ਕੁਦਰਤ ਅਨੁਸਾਰ ਚਲਣਾ ਹੈ, ਕੁਦਰਤ ਦੀਆਂ ਬਖਸ਼ਸ਼ਾ ਨੂੰ ਵਰਤਣਾ ਹੈ, ਅਤੇ ਆਪਣੇ ਉਜਲ ਭਵਿੱਖ ਦੀ ਖਾਤਰ ਕੁਦਰਤ ਦੀ ਸੰਭਾਲ ਤੇ ਕਦਰ ਕਰਨੀ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੀ ਪ੍ਰੀਭਾਸ਼ਾ ਵੀ ਕੁਦਰਤ ਦੇ ਗੁਣਾਂ ਅਨੁਸਾਰ ਹੀ ਹੈ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਗੁਰਬਾਣੀ ਅਨੁਸਾਰ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਚਲਣਾ ਹੀ ਹੈ। ਜਿਸ ਅਨੁਸਾਰ ਇਹ ਸ੍ਰਿਸ਼ਟੀ ਅਨੇਕਾਂ ਸਦੀਆਂ ਤੋਂ ਚਲਦੀ ਆ ਰਹੀ ਹੈ, ਹੁਣ ਚਲ ਰਹੀ ਹੈ, ਤੇ ਭਵਿੱਖ ਵਿਚ ਵੀ ਚਲਦੀ ਰਹੇਗੀ।
“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”
ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਮੰਤਵ ਵੀ ਇਹੀ ਹੈ, ਕਿ ਅਕਾਲ ਪੁਰਖੁ ਵਰਗੇ ਗੁਣ ਅਪਨਾ ਕੇ ਉਸ ਨਾਲ ਅਭੇਦ ਹੋਣਾ ਹੈ, ਤੇ ਸਚਿਆਰ ਬਣ ਕੇ ਅਨੰਦੁ ਦੀ ਅਵਸਥਾ ਵਿਚ ਆਪਣਾ ਮਨੁੱਖਾ ਜੀਵਨ ਬਤੀਤ ਕਰਨਾ ਹੈ
“ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿ ਗੁਰੂ ਜੀ ਕੀ ਫਤਿਹ”
Author – Dr. Sarbjit Singh